Nazrana Times

ਪੰਜਾਬੀ

ਪਿੰਡ ਇਕਾਈਆਂ ਦੀ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 14 ਸਤੰਬਰ ਦੇ ਮੋਰਚਿਆਂ ਦੀ ਕੀਤੀ ਤਿਆਰੀ,

08 Sep, 2026 01:00 AM

ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦੇ ਸੰਘਰਸ਼ਾਂ ਦੀ ਸਰਕਾਰ ਵੱਲੋਂ ਅਣਦੇਖੀ ’ਤੇ ਜਥੇਬੰਦੀ ਵੱਲੋਂ ਸਖ਼ਤ ਰੋਸ 

ਟਾਂਗਰਾ - ਸੁਰਜੀਤ ਸਿੰਘ ਖਾਲਸਾ 

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ ਦੁਸਹਿਰਾ ਗਰਾਊਂਡ, ਰਣਜੀਤ ਐਵੀਨਿਊ ਵਿਖੇ ਪਿੰਡ ਇਕਾਈਆਂ ਦੀ ਕਨਵੈਸ਼ਨ ਕਰਕੇ 14 ਸਤੰਬਰ ਤੋਂ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਅੱਗੇ ਲਗਾਏ ਜਾਣ ਵਾਲੇ ਪੰਜ ਦਿਨਾਂ ਦੇ ਮੋਰਚਿਆਂ ਸਬੰਧੀ ਤਿਆਰੀਆਂ ਕੀਤੀਆਂ ਗਈਆਂ। ਕਨਵੈਸ਼ਨ ਦੌਰਾਨ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ ਵੱਲੋਂ ਆਪੋ-ਆਪਣੇ ਹੱਕਾਂ ਲਈ ਚਲਾਏ ਜਾ ਰਹੇ ਸੰਘਰਸ਼ਾਂ ਦੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਦੇਖੀ ’ਤੇ ਤਿੱਖਾ ਰੋਸ ਪ੍ਰਗਟ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਿਸਾਨ-ਮਜ਼ਦੂਰ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਅਤੇ ਲੋਕ ਪੱਖੀ ਮੰਗਾਂ ਨੂੰ ਲੈ ਕੇ ਸਰਕਾਰ ਕੋਲ ਆਵਾਜ਼ ਉਠਾ ਰਹੇ ਹਨ, ਪਰ ਸਰਕਾਰ ਵੱਲੋਂ ਮਸਲਿਆਂ ਦਾ ਹੱਲ ਕਰਨ ਅਤੇ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਅਣਦੇਖੀ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 31 ਅਗਸਤ ਨੂੰ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ ਡੀ.ਸੀ. ਦਫ਼ਤਰਾਂ ਅੱਗੇ ਧਰਨੇ ਦੇਣ ਦੇ ਬਾਵਜੂਦ ਸਰਕਾਰ ਵੱਲੋਂ ਗੰਭੀਰਤਾ ਨਾਲ ਗੱਲਬਾਤ ਨਾ ਕਰਨਾ ਸਰਕਾਰ ਦੀ ਲੋਕਾਂ ਪ੍ਰਤੀ ਜਵਾਬਦੇਹੀ ’ਤੇ ਸਵਾਲ ਖੜ੍ਹੇ ਕਰਦਾ ਹੈ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਸੜਕਾਂ, ਚੌਂਕਾਂ ਅਤੇ ਹੋਰ ਥਾਵਾਂ ’ਤੇ ਸੰਘਰਸ਼ ਕਾਰਨ ਆਮ ਲੋਕਾਂ ਨੂੰ ਹੋਣ ਵਾਲੀ ਤਕਲੀਫ਼ ਦੀ ਗੱਲ ਕਰਦੀ ਹੈ ਤਾਂ ਸਰਕਾਰ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਜਿਨ੍ਹਾਂ ਲੋਕ ਮਸਲਿਆਂ ਕਾਰਨ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਸੜਕਾਂ ’ਤੇ ਆਉਣ ਲਈ ਮਜਬੂਰ ਹਨ, ਉਨ੍ਹਾਂ ਦਾ ਹੱਲ ਕੌਣ ਕਰੇਗਾ ? ਸਰਕਾਰ ਜੇ ਸਮੇਂ ਸਿਰ ਲੋਕਾਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕਰੇ ਤਾਂ ਲੋਕਾਂ ਨੂੰ ਸੰਘਰਸ਼ ਕਰਨ ਦੀ ਲੋੜ ਹੀ ਨਾ ਪਵੇ। ਕਨਵੈਸ਼ਨ ਵਿੱਚ ਮੰਗ ਕੀਤੀ ਗਈ ਕਿ ਬਾਸਮਤੀ, ਮੱਕੀ, ਮੂੰਗੀ, ਸਰ੍ਹੋਂ ਅਤੇ ਆਲੂ ਦੀ ਫ਼ਸਲ ਦੀ ਪੰਜਾਬ ਸਰਕਾਰ ਵੱਲੋਂ MSP ’ਤੇ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ, ਖੁਦਕੁਸ਼ੀ ਕਰ ਚੁੱਕੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਕੀਤੀ। ਆਗੂਆਂ ਨੇ ਪੰਜਾਬ ਵਿੱਚ ਹੜ੍ਹਾਂ ਦੀ ਸਮੱਸਿਆ, ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਅਤੇ ਹਵਾ ਪ੍ਰਦੂਸ਼ਣ ਦੇ ਸੰਕਟ ਨੂੰ ਹੱਲ ਕਰਨ ਲਈ ਠੋਸ ਨੀਤੀਆਂ ਬਣਾਉਣ ਅਤੇ ਦਰਿਆਈ ਪਾਣੀਆਂ ਦੀ ਵੰਡ ਰਿਪੇਰੀਅਨ ਸਿਧਾਂਤ ਅਨੁਸਾਰ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਬੀਜ ਐਕਟ 2025, ਸਹਿਕਾਰਤਾ ਕਾਨੂੰਨ 2026, ਮਨਰੇਗਾ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੀਆਂ ਤਬਦੀਲੀਆਂ ਅਤੇ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਨ, ਪ੍ਰੀਪੇਡ ਮੀਟਰ ਲਗਾਉਣੇ ਬੰਦ ਕਰਨ, ਪੰਜਾਬ ਸਰਕਾਰ ਵੱਲੋਂ ਭਾਰਤ-ਅਮਰੀਕਾ ਫਰੀ ਟਰੇਡ ਡੀਲ ਦਾ ਵਿਰੋਧ ਕਰਨ ਅਤੇ ਸ਼ੰਭੂ-ਖਨੌਰੀ ਮੋਰਚਿਆਂ ਤੋਂ ਚੋਰੀ ਹੋਈਆਂ ਟਰਾਲੀਆਂ ਅਤੇ ਹੋਰ ਸਮਾਨ ਵਾਪਸ ਕਰਨ ਦੀ ਮੰਗ ਕੀਤੀ ਗਈ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੰਗ ਕੀਤੀ ਕਿ ਹਰ ਕਿਸਮ ਦੇ ਆਬਾਦਕਾਰ ਕਿਸਾਨਾਂ-ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ, ਪਾਕਿਸਤਾਨ ਨਾਲ ਵਪਾਰ ਲਈ ਵਾਹਗਾ ਸਰਹੱਦ ਰਾਹੀਂ ਵਪਾਰਕ ਲਾਂਘਾ ਖੋਲ੍ਹਿਆ ਜਾਵੇ ਅਤੇ ਕਿਸਾਨ-ਮਜ਼ਦੂਰ ਅੰਦੋਲਨਾਂ ਦੌਰਾਨ ਪੁਲਿਸ ਅਤੇ ਰੇਲਵੇ ਵੱਲੋਂ ਦਰਜ ਕੀਤੇ ਪਰਚੇ ਅਤੇ ਪਰਾਲੀ ਸਬੰਧੀ ਦਰਜ ਕੀਤੇ ਮਾਮਲੇ ਰੱਦ ਕੀਤੇ ਜਾਣ। ਇਸੇ ਤਰ੍ਹਾਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ, ਭਾਰਤਮਾਲਾ ਪ੍ਰੋਜੈਕਟ ਲਈ ਜ਼ਮੀਨਾਂ ’ਤੇ ਕਬਜ਼ੇ ਦੀ ਕਾਰਵਾਈ ਰੋਕਣ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਦੇ ਨਾਲ-ਨਾਲ ਰੁਜ਼ਗਾਰ ਦੇਣ ਅਤੇ ਪੰਜਾਬ ਵਿੱਚ ਵੱਖ-ਵੱਖ ਜ਼ੋਨ ਬਣਾਉਣ ਦੇ ਨਾਮ ’ਤੇ ਪਿੰਡਾਂ ਅਤੇ ਖੇਤਾਂ ਦੀ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਕੀਤੀ ਜਾ ਰਹੀ ਮੈਪਿੰਗ/ਸਰਵੇਖਣ ਦੀ ਕਾਰਵਾਈ ਬੰਦ ਕਰਨ ਦੀ ਮੰਗ ਵੀ ਉਠਾਈ ਗਈ। ਆਗੂਆਂ ਨੇ ਕਿਹਾ ਕਿ 14 ਸਤੰਬਰ ਤੋਂ ਮੰਤਰੀਆਂ ਦੇ ਘਰਾਂ ਅੱਗੇ ਲਗਾਏ ਜਾਣ ਵਾਲੇ ਮੋਰਚਿਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਦੀ ਵੱਡੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਨੂੰ ਤੰਗ ਕਰਨ ਲਈ ਨਹੀਂ, ਸਗੋਂ ਸਰਕਾਰ ਨੂੰ ਲੋਕਾਂ ਦੇ ਮਸਲਿਆਂ ’ਤੇ ਗੱਲਬਾਤ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਮਜਬੂਰ ਕਰਨ ਵਾਸਤੇ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਕਿ ਜੇ ਲੋਕਾਂ ਦੀਆਂ ਮੰਗਾਂ ਗਲਤ ਹਨ ਤਾਂ ਸਰਕਾਰ ਜਥੇਬੰਦੀਆਂ ਨਾਲ ਬੈਠ ਕੇ ਦੱਸੇ ਕਿ ਉਹ ਗਲਤ ਕਿਉਂ ਹਨ ਅਤੇ ਜੇ ਮੰਗਾਂ ਲੋਕ ਪੱਖੀ ਹਨ ਤਾਂ ਸਰਕਾਰ ਉਨ੍ਹਾਂ ’ਤੇ ਗੱਲਬਾਤ ਕਰਕੇ ਹੱਲ ਕਿਉਂ ਨਹੀਂ ਕੱਢ ਰਹੀ?
ਕਨਵੈਸ਼ਨ ਦੌਰਾਨ 14 ਸਤੰਬਰ ਦੇ ਮੋਰਚਿਆਂ ਨੂੰ ਸਫ਼ਲ ਬਣਾਉਣ ਲਈ ਪਿੰਡ ਪੱਧਰ ’ਤੇ ਲਾਮਬੰਦੀ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਇੱਕਠ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਜਿਵੇਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਇਸ ਲਈ ਕਿਸਾਨਾਂ ਨੂੰ ਮੰਡੀਆਂ ਵਿੱਚ ਖੱਜਲ-ਖੁਆਰ ਹੋਣ ਤੋਂ ਬਚਾਉਣ ਲਈ ਝੋਨੇ ਦੀ ਸਰਕਾਰੀ ਖਰੀਦ ਤੁਰੰਤ ਸ਼ੁਰੂ ਕਰੇ ਅਤੇ ਲਿਫਟਿੰਗ ਤੇ ਅਦਾਇਗੀ ਦੇ ਸੁਚੱਜੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਅਗਰ ਅਜਿਹਾ ਨਹੀਂ ਹੁੰਦਾ ਤਾਂ ਇਸ ਮਸਲੇ ਤੇ ਤਿੱਖਾ ਐਕਸ਼ਨ ਲੈਣਾ ਮਜਬੂਰੀ ਹੋਵੇਗੀ। ਇਸ ਮੌਕੇ ਸੂਬਾਈ ਜਰਮਨਜੀਤ ਸਿੰਘ ਬੰਡਾਲਾ, ਗੁਰਬਚਨ ਸਿੰਘ ਚੱਬਾ, ਕੰਧਾਰ ਸਿੰਘ ਭੋਏਵਾਲ, ਗੁਰਦੇਵ ਸਿੰਘ ਗੱਗੋਮਾਹਲ, ਬਲਵਿੰਦਰ ਸਿੰਘ ਰੁਮਾਣਾ ਚੱਕ, ਸੁਖਦੇਵ ਸਿੰਘ ਚਾਟੀਵਿੰਡ, ਲਖਵਿੰਦਰ ਸਿੰਘ ਡਾਲਾ, ਬਾਜ਼ ਸਿੰਘ ਸਾਰੰਗੜਾ, ਕੰਵਰਦਲੀਪ ਸੈਦੋਲੇਹਲ ਅਤੇ ਜੋਨ ਆਗੂ ਬਲਜਿੰਦਰ ਸਿੰਘ ਸਭਰਾ, ਚਰਨਜੀਤ ਸਿੰਘ ਸਫੀਪੁਰ, ਅਮਰਿੰਦਰ ਸਿੰਘ ਮਾਲੋਵਾਲ, ਲਖਵਿੰਦਰ ਸਿੰਘ ਮੱਦ, ਨਿਰਮਲ ਸਿੰਘ ਖਾਨਪੁਰ, ਰਣਧੀਰ ਸਿੰਘ ਬੁੱਟਰ, ਰਣਜੀਤ ਸਿੰਘ ਚਾਟੀਵਿੰਡ, ਹਰਜੀਤ ਸਿੰਘ ਭੁੱਲਰ, ਗੁਰਭੇਜ ਸਿੰਘ ਝੰਡੇ, ਮੁਖਤਾਰ ਸਿੰਘ ਭੰਗਵਾਂ, ਗੁਰਦਾਸ ਸਿੰਘ ਵਿਛੋਆ, ਲਖਵਿੰਦਰ ਸਿੰਘ ਮਦੂਸ਼ਾਂਗਾ, ਗੁਰਭੇਜ ਸਿੰਘ ਜੱਟਾ, ਰਣਜੀਤ ਸਿੰਘ ਗੱਗੋਮਾਹਲ, ਪ੍ਰਭਜੋਤ ਸਿੰਘ ਗੁਜਰਪੁਰਾ, ਸੁਖਦਿਆਲ ਸਿੰਘ ਚੱਕ ਕਮਾਲ ਖਾਂ, ਗੁਰਲਾਲ ਸਿੰਘ ਕੱਕੜ, ਸ਼ਰਨਪਾਲ ਸਿੰਘ ਬੱਚੀਵਿੰਡ, ਕੁਲਵੰਤ ਸਿੰਘ ਰਾਜਾਤਾਲ, ਸੁਖਦੇਵ ਸਿੰਘ ਕਾਜ਼ੀਕੋਟ, ਕੰਵਲਜੀਤ ਸਿੰਘ ਵਣਚੜੀ ਸਮੇਤ ਹਜ਼ਾਰਾਂ ਕਿਸਾਨਾਂ ਮਜਦੂਰਾਂ ਅਤੇ ਬੀਬੀਆ ਨੇ ਸ਼ਿਰਕਤ ਕੀਤੀ ਗਈ।

Posted By: GURBHEJ SINGH ANANDPURI

Latest News