Nazrana Times

ਪੰਜਾਬੀ

ਪੰਜਾਬ 'ਚ ਗਊਸ਼ਾਲਾਵਾਂ ਅਤੇ ਗਊ ਧਨ‌ ਦੀ ਸੰਭਾਲ ਲਈ ਸਰਕਾਰ ਲਿਆਏਗੀ ਵਿਆਪਕ ਯੋਜਨਾ: ਕੈਬਨਿਟ ਮੰਤਰੀ ਅਮਨ ਅਰੋੜਾ

23 Oct, 2026 06:58 PM

ਬੇਸਹਾਰਾਪਸ਼ੂਆਂ ਦੀ ਸਾਂਭ-ਸੰਭਾਲ ਲਈ ਯੋਜਨਾ ਤਿਆਰ ਹੋਵੇਗੀ।

ਬਿੰਦਰ ਸਿੰਘ ਖੁੱਡੀ ਕਲਾਂ 

:​ਪੰਜਾਬ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦੇ ਪੱਕੇ ਹੱਲ ਅਤੇ ਸੂਬੇ ਭਰ ਦੀਆਂ ਗਊਸ਼ਾਲਾਵਾਂ ਦੀ ਆਰਥਿਕ ਤੇ ਬੁਨਿਆਦੀ ਸਥਿਤੀ ਨੂੰ ਸੁਧਾਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਹੀ ਇੱਕ ਵੱਡੀ ਅਤੇ ਅਹਿਮ ਨੀਤੀ ਦਾ ਐਲਾਨ ਕਰਨ ਜਾ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਸ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਬੇਸਹਾਰਾ ਗਊਆਂ ਅਤੇ ਪਸ਼ੂਧਨ ਦੀ ਸਾਂਭ-ਸੰਭਾਲ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਤਾਂ ਜੋ ਸੜਕਾਂ 'ਤੇ ਘੁੰਮਦੇ ਪਸ਼ੂਆਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਗਊਸ਼ਾਲਾਵਾਂ ਨੂੰ ਆਤਮ-ਨਿਰਭਰ ਬਣਾਇਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਵੱਲੋਂ ਬਹੁਤ ਜਲਦ ਗਊਸ਼ਾਲਾਵਾਂ ਦੀ ਮਦਦ ਲਈ ਵਿਸ਼ੇਸ਼ ਗ੍ਰਾਂਟਾਂ ਅਤੇ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਵੱਡੀ ਯੋਜਨਾ ਦਾ ਖੁਲਾਸਾ ਕੀਤਾ ਜਾਵੇਗਾ। ਜਿਸ ਨਾਲ ਗਊਆਂ ਨੂੰ ਸੜਕਾਂ 'ਤੇ ਰੁਲਣ ਤੋਂ ਨਿਜਾਤ ਮਿਲੇਗੀ।

​ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਦੀਆਂ ਵੱਖ-ਵੱਖ ਗਊਸ਼ਾਲਾਵਾਂ ਦਾ ਦੌਰਾ ਕਰਕੇ ਉੱਥੋਂ ਦੀ ਪ੍ਰਬੰਧਕੀ ਸਥਿਤੀ, ਚਾਰੇ ਦੀ ਉਪਲਬਧਤਾ ਅਤੇ ਪਸ਼ੂਆਂ ਦੀ ਦੇਖਭਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗਊਆਂ ਦੀ ਸੇਵਾ ਅਤੇ ਸੰਭਾਲ ਇੱਕ ਬਹੁਤ ਹੀ ਪਵਿੱਤਰ ਅਤੇ ਸਮਾਜਿਕ ਕਾਰਜ ਹੈ, ਜਿਸ ਵਿੱਚ ਸਮਾਜ ਦੇ ਹਰ ਵਰਗ ਦੇ ਨਾਲ-ਨਾਲ ਸਰਕਾਰੀ ਮਸ਼ੀਨਰੀ ਦਾ ਪੂਰਨ ਸਹਿਯੋਗ ਯਕੀਨੀ ਬਣਾਇਆ ਜਾਵੇਗਾ। ਸਰਕਾਰ ਦਾ ਮੁੱਖ ਮਨੋਰਥ ਗਊਸ਼ਾਲਾਵਾਂ ਵਿੱਚ ਸ਼ੈੱਡਾਂ, ਪੀਣ ਵਾਲੇ ਸਾਫ਼ ਪਾਣੀ, ਹਰੇ ਚਾਰੇ ਅਤੇ ਵੈਟਰਨਰੀ ਮੈਡੀਕਲ ਸੁਵਿਧਾਵਾਂ ਨੂੰ ਉੱਚ ਪੱਧਰੀ ਬਣਾਉਣਾ ਹੈ ਤਾਂ ਜੋ ਉੱਥੇ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਪਸ਼ੂਆਂ ਦੀ ਸਹੀ ਤਰੀਕੇ ਨਾਲ ਦੇਖਭਾਲ ਹੋ ਸਕੇ।

​ ਉਨ੍ਹਾਂ ਕਿਹਾ ਕਿ ਸੜਕਾਂ 'ਤੇ ਬੇਸਹਾਰਾ ਘੁੰਮਦੇ ਪਸ਼ੂਆਂ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਕਸਰ ਜਾਨਲੇਵਾ ਸੜਕ ਹਾਦਸੇ ਵਾਪਰਦੇ ਹਨ, ਜਿਨ੍ਹਾਂ ਵਿੱਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਇਸ ਗੰਭੀਰ ਮੁਸ਼ਕਿਲ ਦਾ ਪੱਕਾ ਨਿਪਟਾਰਾ ਕਰਨ ਲਈ ਪੰਜਾਬ ਸਰਕਾਰ ਗਊਸ਼ਾਲਾ ਪ੍ਰਬੰਧਕਾਂ, ਸਥਾਨਕ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਇੱਕ ਵਿਸ਼ੇਸ਼ ਰੂਪ-ਰੇਖਾ ਤਿਆਰ ਕਰ ਰਹੀ ਹੈ। ਅਮਨ ਅਰੋੜਾ ਨੇ ਭਰੋਸਾ ਦਿਵਾਇਆ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਹਰ ਵਰਗ ਅਤੇ ਸਮਾਜਿਕ ਲੋੜਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਗਊਸ਼ਾਲਾਵਾਂ ਨੂੰ ਬਿਹਤਰ ਬਣਾਉਣ ਲਈ ਚੁੱਕਿਆ ਜਾਣ ਵਾਲਾ ਇਹ ਕਦਮ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵੀਂ ਮਿਸਾਲ ਕਾਇਮ ਕਰੇਗਾ।

Posted By: Binder Singh Kuddi Kalan

Latest News