ਬਾਬਾ ਧਿਆਨ ਸਿੰਘ ਜੀ ਦੀ 121ਵੀਂ ਬਰਸੀ ਪਿੰਡ ਬ੍ਰਹਮਪੁਰਾ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ
ਰਾਜਨੀਤੀ ਤੋਂ ਪਰੇ,ਧਾਰਮਿਕ ਸਮਾਗਮ 'ਚ ਬ੍ਰਹਮਪੁਰਾ ਨੇ ਕੀਤੀ ਕੌਮ ਦੀ ਸੇਵਾ ਦੀ ਗੱਲ
ਨਈਅਰ
ਚੋਹਲਾ ਸਾਹਿਬ/ਤਰਨਤਾਰਨ,23 ਅਗਸਤ
ਨਜ਼ਦੀਕੀ ਪਿੰਡ ਬ੍ਰਹਮਪੁਰਾ ਸਥਿਤ ਗੁਰਦੁਆਰਾ ਮੰਦਰਾਂ ਸਾਹਿਬ ਵਿਖੇ ਧੰਨ ਧੰਨ ਬਾਬਾ ਧਿਆਨ ਸਿੰਘ ਜੀ ਦੀ 121ਵੀਂ ਸਲਾਨਾ ਬਰਸੀ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ।ਇਸ ਸਲਾਨਾ ਜੋੜ ਮੇਲੇ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।ਸਜਾਏ ਗਏ ਦੀਵਾਨ ਹਾਲ ਵਿੱਚ ਰਾਗੀ,ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਗੁਰਬਾਣੀ ਦਾ ਜਸ ਗਾਇਨ ਕੀਤਾ।ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਜੀ ਨੇ ਆਪਣੇ ਰਸਭਿੰਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ,ਸਾਬਕਾ ਵਿਧਾਇਕ ਖਡੂਰ ਸਾਹਿਬ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਮਾਗਮ ਦੇ ਸ਼ਾਨਦਾਰ ਪ੍ਰਬੰਧਾਂ ਲਈ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਹਰ ਸਾਲ ਇਸ ਜੋੜ ਮੇਲੇ 'ਤੇ ਹਾਜ਼ਰੀ ਭਰਦਾ ਹਾਂ ਅਤੇ ਇਹ ਵੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਪ੍ਰਬੰਧਕਾਂ ਦੀ ਮਿਹਨਤ ਸਦਕਾ ਸੰਗਤਾਂ ਦੀ ਆਮਦ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਕਿਉਂਕਿ ਜਿੰਨਾ ਚਿਰ ਪ੍ਰਬੰਧਕ ਚੰਗੇ ਨਾ ਹੋਣ,ਓਨਾ ਚਿਰ ਪ੍ਰਬੰਧ ਵੀ ਵਧੀਆ ਨਹੀਂ ਹੋ ਸਕਦੇ।ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ,ਜਦੋਂ ਦੀਵਾਨ ਸਜੇ ਹੋਣ ਤਾਂ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਦੀਵਾਨ ਹਾਲ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਗੁਰੂ ਨਾਲ ਜੁੜ ਸਕੀਏ। ਉਨ੍ਹਾਂ ਸੰਗਤ ਨੂੰ ਪ੍ਰੇਰਿਤ ਕਰਦਿਆਂ ਅੱਗੇ ਕਿਹਾ,ਸਾਨੂੰ ਆਪਸੀ ਝਗੜਿਆਂ ਤੋਂ ਬਚ ਕੇ ਧਰਮ ਦਾ ਕੰਮ ਕਰਨਾ ਚਾਹੀਦਾ ਹੈ ਅਤੇ ਆਪਣੀ ਕੌਮ, ਆਪਣੇ ਨਗਰ ਅਤੇ ਆਪਣੇ ਇਲਾਕੇ ਦੀ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਮੈਂ ਆਸ ਕਰਦਾ ਹਾਂ ਕਿ ਕਮੇਟੀ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਨੇਕ ਕਾਰਜ ਅਤੇ ਵਧੀਆ ਪ੍ਰਬੰਧ ਕਰਦੀ ਰਹੇਗੀ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਰਘਬੀਰ ਸਿੰਘ ਬ੍ਰਹਮਪੁਰਾ,ਤਹਿਸੀਲਦਾਰ ਜਸਬੀਰ ਸਿੰਘ,ਸਾਬਕਾ ਬਲਾਕ ਸੰਮਤੀ ਮੈਂਬਰ ਮੋਹਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Posted By: GURBHEJ SINGH ANANDPURI