Nazrana Times

ਪੰਜਾਬੀ

ਸਿੱਖਾਂ ਦੇ ਜ਼ਖ਼ਮਾਂ ਉੱਤੇ ਵੋਟਾਂ ਦੀ ਸਿਆਸਤ ਬੰਦ ਕਰਨ ਕਾਂਗਰਸ ਅਤੇ ਭਾਜਪਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

13 Nov, 2026 09:15 PM

ਇੰਦਰਾ ਦੇ ਹੰਝੂਆਂ ਅਤੇ ਰਾਜੀਵ ਦੀ ਸਫ਼ਾਈ ਨਾਲ 1984 ਦੇ ਜੁਰਮ ਧੋਤੇ ਨਹੀਂ ਜਾ ਸਕਦੇ

ਅੰਮ੍ਰਿਤਸਰ, 13 ਨਵੰਬਰ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸਿੱਖਾਂ ਦੀ ਹਮਦਰਦੀ ਅਤੇ ਹਮਾਇਤ ਹਾਸਲ ਕਰਨ ਲਈ ਕਾਂਗਰਸ ਤੇ ਭਾਜਪਾ ਵੱਲੋਂ ਖੇਡੀ ਜਾ ਰਹੀ ਸਿਆਸਤ ਨੂੰ ਕੌਮ ਪਛਾਣੇ। ਸਿੱਖਾਂ ਦੇ ਜ਼ਖ਼ਮ ਕਿਸੇ ਪਾਰਟੀ ਦੀਆਂ ਵੋਟਾਂ ਬਟੋਰਨ ਦਾ ਸਾਧਨ ਨਹੀਂ ਹਨ। ਜੂਨ ਅਤੇ ਨਵੰਬਰ 1984 ਦੇ ਘੱਲੂਘਾਰਿਆਂ ਦਾ ਹਿਸਾਬ ਮੰਗਦੀ ਕੌਮ ਨੂੰ ਕਦੇ ਪਛਤਾਵੇ ਦੀਆਂ ਕਹਾਣੀਆਂ ਸੁਣਾ ਕੇ ਅਤੇ ਕਦੇ ਦੂਜੀ ਪਾਰਟੀ ਦੇ ਜੁਰਮ ਗਿਣਾ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਸਿੱਖਾਂ ਨੂੰ ਇਨਸਾਫ਼ ਅਤੇ ਅਜ਼ਾਦੀ ਚਾਹੀਦੀ ਹੈ, ਚੋਣਾਂ ਵੇਲੇ ਜਾਗਦੀ ਝੂਠੀ ਹਮਦਰਦੀ ਨਹੀਂ। ਭਾਈ ਰਣਜੀਤ ਸਿੰਘ ਨੇ ਸੋਨੀਆ ਗਾਂਧੀ ਦੀ ਲਿਖਤ ਬਾਰੇ ਚੱਲ ਰਹੀ ਚਰਚਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੰਦਰਾ ਗਾਂਧੀ ਦੀਆਂ ਅੱਖਾਂ ਵਿੱਚ ਦਰਦ ਅਤੇ ਪਛਤਾਵੇ ਦੇ ਹੰਝੂ ਦੱਸਣ ਨਾਲ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲੇ ਦੀ ਜ਼ਿੰਮੇਵਾਰੀ ਖ਼ਤਮ ਨਹੀਂ ਹੋ ਜਾਂਦੀ। ਹਮਲੇ ਦਾ ਹੁਕਮ ਦੇਣ ਵਾਲੀ ਹਕੂਮਤ ਨੂੰ ਤਬਾਹੀ ਦੀਆਂ ਤਸਵੀਰਾਂ ਵੇਖ ਕੇ ਦੁੱਖ ਲੱਗਣ ਦੀ ਕਹਾਣੀ ਸੁਣਾ ਦੇਣਾ ਪੀੜਤ ਕੌਮ ਨਾਲ ਇਨਸਾਫ਼ ਨਹੀਂ। ਸਵਾਲ ਇਹ ਹੈ ਕਿ ਟੈਂਕਾਂ ਅਤੇ ਤੋਪਾਂ ਨਾਲ ਪਵਿੱਤਰ ਅਸਥਾਨ ਨੂੰ ਨਿਸ਼ਾਨਾ ਬਣਾਉਣ ਦਾ ਫ਼ੈਸਲਾ ਕਿਉਂ ਕੀਤਾ ਗਿਆ ਅਤੇ ਬੇਦੋਸ਼ੀਆਂ ਜਾਨਾਂ ਦਾ ਹਿਸਾਬ ਕੌਣ ਦੇਵੇਗਾ ? ਉਨ੍ਹਾਂ ਕਿਹਾ ਕਿ ਜੂਨ 1984 ਦਾ ਹਮਲਾ ਅਚਾਨਕ ਵਾਪਰੀ ਘਟਨਾ ਨਹੀਂ ਸੀ। ਇਸ ਦੀ ਯੋਜਨਾਬੰਦੀ, ਫ਼ੌਜੀ ਤਿਆਰੀਆਂ ਅਤੇ ਪੰਜਾਬ ਭਰ ਵਿੱਚ ਹੋਈਆਂ ਕਾਰਵਾਈਆਂ ਦੀ ਜਵਾਬਦੇਹੀ ਤੋਂ ਕਾਂਗਰਸ ਬਚ ਨਹੀਂ ਸਕਦੀ। ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਦੀ ਪੀੜਾ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਅਤੇ ਸਿੱਖ ਹਿਰਦਿਆਂ ਉੱਤੇ ਲੱਗੇ ਜ਼ਖ਼ਮ ਕਿਸੇ ਪਰਿਵਾਰ ਦੀ ਸਫ਼ਾਈ ਨਾਲ ਮਿਟਣ ਵਾਲੇ ਨਹੀਂ। ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਜਨਰਲ ਸ਼ਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਸਮੇਤ ਸ਼ਹਾਦਤਾਂ ਦੇਣ ਵਾਲੇ ਸਿੰਘਾਂ ਦੀ ਯਾਦ ਕੌਮੀ ਚੇਤਨਾ ਦਾ ਹਿੱਸਾ ਹੈ। ਨਵੰਬਰ 1984 ਬਾਰੇ ਉਨ੍ਹਾਂ ਕਿਹਾ ਕਿ ਇਸ ਕਤਲੇਆਮ ਨੂੰ ਸਿਰਫ਼ ਦੁਖਦਾਈ ਅਤੇ ਸ਼ਰਮਨਾਕ ਕਹਿ ਦੇਣਾ ਕਾਫ਼ੀ ਨਹੀਂ। ਸਿੱਖਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਉਣ, ਘਰਾਂ ਅਤੇ ਕਾਰੋਬਾਰਾਂ ਨੂੰ ਸਾੜਨ ਤੇ ਬੇਦੋਸ਼ਿਆਂ ਨੂੰ ਕਤਲ ਕਰਨ ਵਾਲਿਆਂ ਦੇ ਨਾਲ ਉਨ੍ਹਾਂ ਨੂੰ ਸਰਪ੍ਰਸਤੀ ਅਤੇ ਸੁਰੱਖਿਆ ਦੇਣ ਵਾਲਿਆਂ ਦੀ ਜਵਾਬਦੇਹੀ ਵੀ ਤੈਅ ਹੋਣੀ ਚਾਹੀਦੀ ਹੈ। ਰਾਜੀਵ ਗਾਂਧੀ ਨੂੰ ਨਫ਼ਰਤ ਤੋਂ ਰਹਿਤ ਇਨਸਾਨ ਦੱਸਣ ਨਾਲ ਉਸ ਵੇਲੇ ਦੀ ਸਰਕਾਰ ਦੀ ਜ਼ਿੰਮੇਵਾਰੀ ਮੁੱਕ ਨਹੀਂ ਜਾਂਦੀ। ਦੇਸ਼ ਦੀ ਰਾਜਧਾਨੀ ਵਿੱਚ ਸਿੱਖ ਮਾਰੇ ਜਾ ਰਹੇ ਸਨ ਤਾਂ ਹਕੂਮਤ ਦਾ ਫ਼ਰਜ਼ ਉਨ੍ਹਾਂ ਦੀ ਜਾਨ ਬਚਾਉਣਾ ਸੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਵੱਡਾ ਦਰੱਖ਼ਤ ਡਿੱਗਣ ਨਾਲ ਧਰਤੀ ਕੰਬਣ ਵਾਲੀ ਟਿੱਪਣੀ ਪੀੜਤਾਂ ਦੇ ਜ਼ਖ਼ਮਾਂ ਉੱਤੇ ਲੂਣ ਸੀ। ਕਾਂਗਰਸ ਇਹ ਦੱਸੇ ਕਿ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਸਿਆਸੀ ਸਹਾਰਾ ਕਿਉਂ ਮਿਲਦਾ ਰਿਹਾ ? ਸਿੱਖਾਂ ਦੇ ਕਤਲੇਆਮ ਨਾਲ ਜੁੜੇ ਸਵਾਲਾਂ ਤੋਂ ਮੂੰਹ ਮੋੜ ਕੇ ਪਰਿਵਾਰਕ ਛਵੀ ਸੁਧਾਰਨ ਦੀ ਕੋਸ਼ਿਸ਼ ਕੌਮ ਨੂੰ ਪ੍ਰਵਾਨ ਨਹੀਂ ਹੋ ਸਕਦੀ। ਭਾਈ ਰਣਜੀਤ ਸਿੰਘ ਨੇ ਭਾਜਪਾ ਨੂੰ ਘੇਰਦਿਆਂ ਕਿਹਾ ਕਿ ਕਾਂਗਰਸ ਦੇ ਜੁਰਮ ਯਾਦ ਕਰਵਾ ਦੇਣ ਨਾਲ ਭਾਜਪਾ ਆਪਣੇ ਆਪ ਸਿੱਖਾਂ ਦੀ ਹਮਦਰਦ ਨਹੀਂ ਬਣ ਜਾਂਦੀ। ਜੇ ਉਸ ਨੂੰ ਸਿੱਖਾਂ ਦੀ ਐਨੀ ਹੀ ਚਿੰਤਾ ਹੈ ਤਾਂ ਸਿੱਖੀ ਦੀ ਅਜ਼ਾਦ ਹੋਂਦ, ਧਾਰਮਿਕ ਸੰਸਥਾਵਾਂ ਦੀ ਖ਼ੁਦਮੁਖ਼ਤਿਆਰੀ ਅਤੇ ਕੌਮੀ ਹੱਕਾਂ ਬਾਰੇ ਸਪੱਸ਼ਟ ਜਵਾਬ ਦੇਵੇ। ਸਿੱਖੀ ਨੂੰ ਹਿੰਦੂ ਪਛਾਣ ਵਿੱਚ ਸਮੇਟਣ ਵਾਲੀ ਸੋਚ ਬਾਰੇ ਕੌਮ ਦੇ ਖ਼ਦਸ਼ਿਆਂ ਅਤੇ ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕਤਲਾਂ ਨਾਲ ਜੁੜੇ ਗੰਭੀਰ ਦੋਸ਼ਾਂ ਤੋਂ ਧਿਆਨ ਹਟਾ ਕੇ ਕੇਵਲ ਕਾਂਗਰਸ ਵੱਲ ਉਂਗਲ ਕਰਨਾ ਕਾਫ਼ੀ ਨਹੀਂ। ਅੰਤ ਵਿੱਚ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਅੱਜ ਸਿੱਖਾਂ ਦਾ ਦੁੱਖ ਚੇਤੇ ਆਉਂਦਾ ਹੈ ਅਤੇ ਭਾਜਪਾ ਨੂੰ ਕਾਂਗਰਸ ਦਾ ਜ਼ੁਲਮ, ਪਰ ਦੋਵਾਂ ਦੀ ਸਿਆਸਤ ਵਿੱਚ ਸਿੱਖਾਂ ਦੀ ਵੋਟ ਦਾ ਹਿਸਾਬ ਸਾਫ਼ ਦਿਖਦਾ ਹੈ। ਕੌਮ ਆਪਣੀਆਂ ਸ਼ਹਾਦਤਾਂ ਅਤੇ ਜ਼ਖ਼ਮਾਂ ਨੂੰ ਕਿਸੇ ਦੀ ਚੋਣ ਮੁਹਿੰਮ ਦੀ ਭੇਟ ਨਾ ਚੜ੍ਹਨ ਦੇਵੇ।

Latest News