Nazrana Times

ਪੰਜਾਬੀ

ਜੇ ਸ਼੍ਰੋਮਣੀ ਕਮੇਟੀ ਨੇ ਗੁੰਮ ਸਰੂਪਾਂ ਦਾ ਇਨਸਾਫ਼ ਨਾ ਦਿੱਤਾ ਤਾਂ ਬਾਦਲਾਂ ਦਾ ਸਿਆਸੀ ਖਾਤਮਾ ਹੋਵੇਗਾ : ਫੈਡਰੇਸ਼ਨ ਭਿੰਡਰਾਂਵਾਲਾ

09 Jan, 2026 12:05 AM

ਅੰਮ੍ਰਿਤਸਰ, 9 ਜਨਵਰੀ , ਜੁਗਰਾਜ ਸਿੰਘ ਸਰਹਾਲੀ 

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂਆਂ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਬਾਦਲ ਉੱਤੇ ਵਰ੍ਹਦਿਆਂ ਕਿਹਾ ਕਿ ਬਰਗਾੜੀ, ਬਹਿਬਲ ਅਤੇ ਕੋਟਕਪੂਰਾ ਕਾਂਡ ਵਾਂਗ ਅਜੋਕੇ ਮਸੰਦ ਬਾਦਲਕਿਆਂ ਵੱਲੋਂ ਲਾਪਤਾ 328 ਪਾਵਨ ਸਰੂਪਾਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਖ਼ਾਲਸਾ ਪੰਥ ਨਾਲ ਮੱਥਾ ਲਾਇਆ ਜਾ ਰਿਹਾ ਹੈ ਜੋ ਇਹਨਾਂ ਦਾ ਸਿਆਸੀ ਖ਼ਾਤਮਾ ਕਰ ਦੇਵੇਗਾ ਤੇ ਇਤਿਹਾਸ ਵਿੱਚ ਬਾਦਲਕੇ ਇੱਕ ਹੋਰ ਕਲੰਕ ਖੱਟਣ ਵੱਲ ਵੱਧ ਰਹੇ ਹਨ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਅੰਗਦ ਸਿੰਘ ਖ਼ਾਲਸਾ ਅਤੇ ਭਾਈ ਗੁਰਦੀਪ ਸਿੰਘ ਲੋਹਾਰਾ ਨੇ ਕਿਹਾ ਕਿ ਐਸ.ਆਈ.ਟੀ. ਨੂੰ ਸਹਿਯੋਗ ਨਾ ਦੇ ਕੇ ਸ਼੍ਰੋਮਣੀ ਕਮੇਟੀ ਨਹੀਂ ਚਾਹੁੰਦੀ ਕਿ ਸਿੱਖ ਕੌਮ ਨੂੰ ਲਾਪਤਾ ਸਰੂਪਾਂ ਸੰਬੰਧੀ ਇਨਸਾਫ਼ ਮਿਲੇ ਤੇ ਬੁਰਜ ਜਵਾਹਰਕੇ ਤੋਂ ਚੋਰੀ ਹੋਏ ਸਰੂਪ ਵਾਂਗ ਹੁਣ ਗੁੰਮ ਹੋਏ 328 ਸਰੂਪਾਂ ਦੀਆਂ ਵੀ ਬੇਅਦਬੀਆਂ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਦੀ ਟੀਮ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਬੜੀ ਚਿੰਤਾ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਮਰਜੀਤ ਸਿੰਘ ਚਾਵਲਾ ਕਹਿ ਰਹੇ ਹਨ ਕਿ ਸਰੂਪ ਕਿੱਥੇ ਚਲੇ ਗਏ ਸਾਨੂੰ ਕੁਝ ਪਤਾ ਨਹੀਂ ਤੇ ਉਹ ਦੋਸ਼ੀਆਂ ਦੇ ਹੱਕ ਵਿੱਚ ਭੁਗਤ ਰਹੇ ਹਨ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਬਾਦਲਾਂ ਦੇ ਯੂਥ ਵਿੰਗ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਬਿਆਨਬਾਜੀ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਰੂਪ ਲੱਭਣਾ ਹੀ ਨਹੀਂ ਚਾਹੁੰਦੀ ਤੇ ਆਪਣੇ ਗੁਨਾਹਾਂ ਨੂੰ ਅਗਾਂਹ ਵੀ ਜਾਰੀ ਰੱਖਣਾ ਚਾਹੁੰਦੀ ਹੈ ਕਿ ਸਰੂਪ ਵੀ ਗੁੰਮ ਹੁੰਦੇ ਰਹਿਣ ਤੇ ਭ੍ਰਿਸ਼ਟਾਚਾਰ ਵੀ ਜਾਰੀ ਰਹੇ। ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਐਲਾਨੀਆ ਕਹਿ ਚੁੱਕੇ ਨੇ ਕਿ ਸਾਡੇ ਵਿੱਚ ਤਾਂ ਦਸ-ਵੀਹ ਘਪਲੇ ਰੋਜ਼ ਦੇ ਹੁੰਦੇ ਨੇ। ਸਪੱਸ਼ਟ ਹੈ ਕਿ ਚੋਰ-ਕੁੱਤੀ ਭਾਵ ਬਾਦਲ ਦਲੀਏ ਅਤੇ ਦੋਸ਼ੀ ਇੱਕ-ਮਿੱਕ ਹਨ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਤਿੰਦਰ ਸਿੰਘ ਕੋਹਲੀ ਅਤੇ ਕਮਲਜੀਤ ਸਿੰਘ ਦੀਆਂ ਗ੍ਰਿਫ਼ਤਾਰੀਆਂ ਅਤੇ ਬਾਕੀ ਦੋਸ਼ੀਆਂ ਦੇ ਘਰ ਹੋਈਆਂ ਛਾਪੇਮਾਰੀਆਂ ਦੇ ਨਾਲ ਸ਼੍ਰੋਮਣੀ ਕਮੇਟੀ ਬਾਦਲਕੇ ਬੁਖਲਾਹਟ ਵਿੱਚ ਹਨ ਤੇ ਸ਼੍ਰੋਮਣੀ ਕਮੇਟੀ ਦੇ ਆਗੂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਵੱਲੋਂ ਉਹਨਾਂ ਦੀ ਵਕਾਲਤ ਕਰਨ ਨਾਲ ਕਮੇਟੀ ਦਾ ਚਿਹਰਾ ਨੰਗਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਦੇ ਨਾਲ ਸੰਬੰਧਤ ਗੁਰਸਿੱਖਾਂ ਉੱਤੇ ਪੁਲਿਸ ਕੋਲ ਪਰਚੇ ਪਵਾਉਣ ਵਾਲੀ ਸ਼੍ਰੋਮਣੀ ਕਮੇਟੀ ਜੋ ਸਿੱਖ ਕੌਮ ਦੀ ਦੁਸ਼ਮਣ ਬਣ ਕੇ ਪਿਛਲੇ ਸਾਢੇ ਪੰਜ ਸਾਲਾਂ ਤੋਂ ਲਾਪਤਾ ਸਰੂਪਾਂ ਦੇ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਪੁਲਿਸ ਦਖਲਅੰਦਾਜੀ ਅਤੇ ਸਿਆਸਤ ਦਾ ਘਟੀਆ ਬਿਰਤਾਂਤ ਰਚ ਰਹੀ ਹੈ। ਫੈਡਰੇਸ਼ਨ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਸ਼੍ਰੋਮਣੀ ਕਮੇਟੀ ਨੇ ਲਾਪਤਾ 328 ਸਰੂਪਾਂ ਦਾ ਇਨਸਾਫ਼ ਨਾ ਦਿੱਤਾ ਤਾਂ ਬਾਦਲਾਂ ਦਾ ਪੱਕਾ ਸਿਆਸੀ ਖਾਤਮਾ ਹੋਵੇਗਾ।

Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

Latest News

Loading…
Loading the web debug toolbar…
Attempt #