Nazrana Times

ਪੰਜਾਬੀ

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੁਨੀਆਂ ਦੇ ਧਰਮ ਇਤਿਹਾਸ ਅੰਦਰ ਮਿਸਾਲੀ- ਪੁਸ਼ਕਰ ਸਿੰਘ ਧਾਮੀ

09 Sep, 2025 09:19 PM


ਉਤਰਾਖੰਡ ਦੇ ਮੁੱਖ ਮੰਤਰੀ ਨੇ ਕਾਸ਼ੀਪੁਰ ਵਿਖੇ ਪੁੱਜ ਕੇ ਸ਼ਹੀਦੀ ਨਗਰ ਕੀਰਤਨ ’ਚ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 9 ਸਤੰਬਰ, ਨਜ਼ਰਾਨਾ ਟਾਈਮਜ ਬਿਊਰੋ

ਸ੍ਰੀ  ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਸਾਮ ਤੋਂ ਆਰੰਭ ਕੀਤੇ ਗਏ ਸ਼ਹੀਦੀ ਨਗਰ ਕੀਰਤਨ ਦੇ ਅੱਜ ਗੁਰਦੁਆਰਾ ਨਨਕਾਣਾ ਸਾਹਿਬ ਕਾਸ਼ੀਪੁਰ ਤੋਂ ਗੜ੍ਹ ਮੁਕਤੇਸ਼ਵਰ ਲਈ ਰਵਾਨਾ ਹੋਣ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਸ਼ਮੂਲੀਅਤ ਕਰਕੇ ਗੁਰੂ ਸਾਹਿਬ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।

 ਇਥੇ ਨਗਰ ਕੀਰਤਨ ਤੋਂ ਪਹਿਲਾਂ ਸਜਾਏ ਗਏ ਸਮਾਗਮ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੁਨੀਆਂ ਦੇ ਧਰਮ ਇਤਿਹਾਸ ਅੰਦਰ ਮਿਸਾਲੀ ਹੈ। ਗੁਰੂ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ’ਤੇ ਜ਼ੁਲਮ ਅਤੇ ਅਨਿਆਂ ਵਿਰੁੱਧ ਕੁਰਬਾਨੀ ਦੇ ਕੇ ਇਤਿਹਾਸ ਸਿਰਜਿਆ। ਅਜਿਹੇ ਗੁਰੂ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣਾ ਸਮੁੱਚੀ ਮਨੁੱਖਤਾ ਦਾ ਧਰਮ ਹੈ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਦੇ ਇਸ ਇਤਿਹਾਸਕ ਪੁਰਬ ਨੂੰ ਸਮਰਪਿਤ ਆਰੰਭਿਆ ਗਿਆ ਨਗਰ ਕੀਰਤਨ ਕੇਵਲ ਇਕ ਯਾਤਰਾ ਹੀ ਨਹੀਂ ਹੈ, ਸਗੋਂ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਮਨੁੱਖਤਾ ਤੱਕ ਪਹੁੰਚਾਉਣ ਦਾ ਇਕ ਬਹੁਤ ਵਧੀਆ ਮਾਧਿਅਮ ਵੀ ਹੈ। ਉਨ੍ਹਾਂ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਦੇਸ਼ ਦੀ ਰਾਜਨੀਤੀ ਅਤੇ ਆਰਥਿਕ ਵਿਕਾਸ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ।

 ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਇਤਿਹਾਸਕ ਸਮਾਗਮਾਂ ਵਿਚ ਸ਼ਾਮਲ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਮਿਲਣਾ ਮਾਣ ਵਾਲੀ ਗੱਲ ਹੈ। ਗੁਰਦੁਆਰਾ ਸਾਹਿਬ ਵਿਖੇ ਸਜੇ ਧਾਰਮਿਕ ਦੀਵਾਨਾਂ ਵਿਚ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਨਾਲ ਗੁਰਬਾਣੀ ਗੁਰ-ਇਤਿਹਾਸ ਬਾਰੇ ਵਿਚਾਰਾਂ ਦੀ ਸਾਂਝ ਪਾਈ। ਗੁਰਦੁਆਰਾ ਨਨਕਾਣਾ ਸਾਹਿਬ ਕਾਸ਼ੀਪੁਰ ਦੇ ਪ੍ਰਬੰਧਕਾਂ ਵੱਲੋਂ ਪੰਜ ਪਿਆਰੇ ਸਾਹਿਬਾਨ, ਨਿਸ਼ਾਨਚੀ ਸਿੰਘਾਂ ਅਤੇ ਹਾਜਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਦਿੱਤੇ ਗਏ। 

ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਭਲਾਈਪੁਰ, ਸ. ਅਮਰਜੀਤ ਸਿੰਘ ਬੰਡਾਲਾ, ਸ. ਹਰਭਜਨ ਸਿੰਘ ਚੀਮਾ, ਮੀਤ ਸਕੱਤਰ ਸ. ਗੁਰਨਾਮ ਸਿੰਘ, ਉਤਰਾਖੰਡ ਦੇ ਵਿਧਾਇਕ ਸ. ਤਰਲੋਕ ਸਿੰਘ ਚੀਮਾ, ਗੁਰਦੁਆਰਾ ਨਨਕਾਣਾ ਸਾਹਿਬ ਕਾਸ਼ੀਪੁਰ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਦੇ ਜਥੇਦਾਰ ਬਾਬਾ ਸੁਰਿੰਦਰ ਸਿੰਘ, ਜਥੇਦਾਰ ਬਾਬਾ ਲੱਖਾ ਸਿੰਘ, ਜਥੇਦਾਰ ਬਾਬਾ ਹਰੀ ਸਿੰਘ, ਸ਼੍ਰੋਮਣੀ ਕਮੇਟੀ ਦੇ ਇੰਚਾਰਜ ਸ. ਜਗਜੀਤ ਸਿੰਘ, ਸ. ਸਿਮਰਨਜੀਤ ਸਿੰਘ ਕੰਗ, ਚੀਫ ਗੁਰਦੁਆਰਾ ਇੰਸਪੈਕਟਰ ਸ. ਜਗਦੀਸ਼ ਸਿੰਘ ਬੁੱਟਰ, ਇੰਚਾਰਜ ਸਿੱਖ ਮਿਸ਼ਨ ਉਤਰਾਖੰਡ ਭਾਈ ਸੁਖਵਿੰਦਰ ਸਿੰਘ, ਮੀਤ ਮੈਨੇਜਰ ਸ. ਰਵਿੰਦਰਜੀਤ ਸਿੰਘ, ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ, ਜਥੇਦਾਰ ਸੁਰਜੀਤ ਸਿੰਘ ਬਘੌਰਾ, ਸ੍ਰੀ ਗੁਰੂ ਸਿੰਘ ਸਭਾ ਬਿਲਾਸਪੁਰ ਦੇ ਪ੍ਰਬੰਧਕ ਸ. ਤੀਰਥ ਸਿੰਘ, ਸ. ਹਰਜਿੰਦਰ ਸਿੰਘ, ਸ. ਬਲਦੇਵ ਸਿੰਘ ਔਲਖ ਤੋਂ ਇਲਾਕਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਜਾਰੀ ਕਰਤਾ: ਜਗਤਾਰ ਸਿੰਘ ਖੋਦੇਬੇਟ ਪਬਲੀਸਿਟੀ ਸਹਾਇਕ, ਸ਼੍ਰੋਮਣੀ ਕਮੇਟੀ। ਸੰਪਰਕ: 81461-01114

Posted By: GURBHEJ SINGH ANANDPURI

Latest News

Loading…
Loading the web debug toolbar…
Attempt #