Nazrana Times

ਪੰਜਾਬੀ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਕਾਂਗਰਸੀਆਂ ਦੇ ਵੱਡੇ ਇਕੱਠ 'ਚ ਅਹੁਦਾ ਸੰਭਾਲਿਆ

11 Oct, 2026 03:10 PM

ਸਾਫ਼ ਸੁਥਰੀ ਰਾਜਨੀਤੀ ਦਾ ਪ੍ਰਣ ਲਿਆ ਅਤੇ ਮੀਂਹ ਦੇ ਬਾਵਜੂਦ ਆਗੂਆਂ ਨੇ ਦਿਖਾਈ ਏਕਤਾ।

ਰਾਜਾ ਵੜਿੰਗ ਸਮਾਗਮ ਵਿੱਚ ਤਾਂ ਪਹੁੰਚੇ ਪਰ ਪ੍ਰਧਾਨਗੀ ਤੋਂ ਹਟਾਉਣ ਦਾ ਮਲਾਲ ਚਿਹਰੇ ਅਤੇ ਬੋਲਾਂ ਤੋਂ ਨਜ਼ਰ ਆਉਂਦਾ ਰਿਹਾ।

ਸਚਿਨ ਪਾਇਲਟ ਨੇ ਪੰਜਾਬ ਅੰਦਰ ਕਾਂਗਰਸ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ

ਮੰਗਤ ਸਿੰਘ ਸੈਦਪੁਰ /ਬਿੰਦਰ ਸਿੰਘ ਖੁੱਡੀ ਕਲਾਂ 
ਚੰਡੀਗੜ੍ਹ, 11 ਅਕਤੂਬਰ 

:​ਚੰਡੀਗੜ੍ਹ ਵਿਖੇ ਕਾਂਗਰਸ ਭਵਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਐਤਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੀ ਭਾਰੀ ਮੌਜੂਦਗੀ ਵਿੱਚ ਆਪਣੇ ਅਹੁਦੇ ਦਾ ਕਾਰਜਭਾਰ ਰਸਮੀ ਤੌਰ 'ਤੇ ਸੰਭਾਲ ਲਿਆ।

ਇਸ ਤੋਂ ਪਹਿਲਾਂ ਉਹਨਾਂ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਵੇਲੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਰਬੱਤ ਦੇ ਭਲੇ, ਪੰਜਾਬ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਅਰਦਾਸ ਕੀਤੀ।

ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ, ਸਾਬਕਾ ਪੀਪੀਸੀਸੀ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਚੰਡੀਗੜ੍ਹ ਤੋਂ ਸਾਂਸਦ ਮੈਂਬਰ ਮਨੀਸ਼ ਤਿਵਾੜੀ ਸਮੇਤ ਕਈ ਵੱਡੇ ਅਤੇ ਕੱਦਾਵਰ ਆਗੂ ਮੌਜੂਦ ਰਹੇ। ਜਿਸ ਨਾਲ ਪਾਰਟੀ ਅੰਦਰ ਇੱਕਜੁੱਟਤਾ ਅਤੇ ਤਾਕਤ ਦਾ ਵੱਡਾ ਸੁਨੇਹਾ ਦਿੱਤਾ ਗਿਆ।

​ ਹਾਲਾਂਕਿ ਇਸ ਸਮਾਗਮ ਦੌਰਾਨ ਅਚਾਨਕ ਪਏ ਭਾਰੀ ਮੀਂਹ ਨੇ ਮੌਸਮ ਦਾ ਰੁਖ਼ ਬਦਲਦਿਆਂ ਕੁਝ ਰੁਕਾਵਟ ਪੈਦਾ ਕੀਤੀ ਅਤੇ ਉੱਥੇ ਮੌਜੂਦ ਹਜ਼ਾਰਾਂ ਸਮਰਥਕਾਂ ਨੂੰ ਛੱਤਾਂ ਹੇਠ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ, ਪਰ ਇਸ ਕੁਦਰਤੀ ਵਿਘਨ ਦੇ ਬਾਵਜੂਦ ਪਾਰਟੀ ਵਰਕਰਾਂ ਅਤੇ ਆਗੂਆਂ ਦਾ ਉਤਸ਼ਾਹ ਜ਼ਰਾ ਵੀ ਘੱਟ ਨਹੀਂ ਹੋਇਆ। ਵਰਕਰਾਂ ਨੇ ਮੀਂਹ ਵਿੱਚ ਗਿੱਲੇ ਹੋਣ ਦੇ ਬਾਵਜੂਦ ਛਤਰੀਆਂ ਫੜ ਕੇ ਨਵੇਂ ਪ੍ਰਧਾਨ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਜਾਰੀ ਰੱਖੀ ਅਤੇ ਸਮਾਗਮ ਦੀ ਕਾਰਵਾਈ ਨਿਰੰਤਰ ਜਾਰੀ ਰਹੀ।

​ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਪਰਗਟ ਸਿੰਘ ਨੇ ਪਹਿਲੇ ਨਵਰਾਤਰੇ ਦੇ ਪਵਿੱਤਰ ਅਤੇ ਸ਼ੁਭ ਮੌਕੇ 'ਤੇ ਆਪਣੇ ਇਸ ਨਵੇਂ ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਮੀਡੀਆ ਅਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਗੰਭੀਰ ਮੁੱਦੇ, ਸੂਬੇ ਦੀ ਬੇਹਤਰੀ ਅਤੇ ਆਮ ਲੋਕਾਂ ਦੀਆਂ ਉਮੀਦਾਂ ਤੇ ਇੱਛਾਵਾਂ ਉਨ੍ਹਾਂ ਦੀ ਸਰਵਉੱਚ ਤਰਜੀਹ ਰਹਿਣਗੀਆਂ। ਮੌਜੂਦਾ 'ਆਪ' ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ ਅਤੇ ਸੂਬੇ ਦੀ ਨੌਕਰਸ਼ਾਹੀ ਪੂਰੀ ਤਰ੍ਹਾਂ ਸੱਤਾਧਾਰੀ ਪਾਰਟੀ ਦੇ ਹੱਥਾਂ ਵਿੱਚ ਇੱਕ ਕਠਪੁਤਲੀ ਬਣ ਕੇ ਰਹਿ ਗਈ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਸੂਬੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਬਿਨਾਂ ਕਿਸੇ ਸਿਆਸੀ ਦਬਾਅ ਦੇ ਜ਼ਿੰਮੇਵਾਰੀ ਨਾਲ ਨਿਭਾਉਣ।ਪਰਗਟ ਸਿੰਘ ਨੇ ਅੱਗੇ ਕਿਹਾ ਕਿ ਉਹ ਸੂਬੇ ਵਿੱਚ ਬਦਲੇ ਦੀ ਰਾਜਨੀਤੀ ਨੂੰ ਬਿਲਕੁਲ ਪ੍ਰਸ਼ਰਿਆ ਨਹੀਂ ਦੇਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਸਾਫ਼-ਸੁਥਰੀ ਅਤੇ ਨਿਰਪੱਖ ਰਾਜਨੀਤੀ ਦੀ ਮਿਸਾਲ ਕਾਇਮ ਕਰਨਗੇ।

​ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਾਬਕਾ ਪੀਪੀਸੀਸੀ ਮੁਖੀ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਦੇ ਕੁਝ ਅੰਦਰੂਨੀ ਆਗੂਆਂ ਵੱਲੋਂ ਮਿਲ ਰਹੇ ਵਿਰੋਧ ਦੇ ਬਾਵਜੂਦ ਉਹ ਨਵੇਂ ਪ੍ਰਧਾਨ ਨੂੰ ਵਧਾਈ ਦੇਣ ਅਤੇ ਉਨ੍ਹਾਂ ਦਾ ਹੌਸਲਾ ਵਧਾਉਣ ਲਈ ਖ਼ੁਦ ਉੱਥੇ ਪਹੁੰਚੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਅਤੇ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣਗੇ। ਉਨ੍ਹਾਂ ਆਪਣੇ ਸਿਆਸੀ ਸਫ਼ਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਅਸਲੀ ਆਗੂ ਰਾਹੁਲ ਗਾਂਧੀ ਹੈ ਅਤੇ ਉਨ੍ਹਾਂ ਨੇ ਹਾਈਕਮਾਂਡ ਅੱਗੇ ਵਿਸ਼ੇਸ਼ ਬੇਨਤੀ ਕੀਤੀ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਜ਼ਮੀਨੀ ਪੱਧਰ ਦੇ ਵਰਕਰਾਂ ਅਤੇ ਆਗੂਆਂ ਨੂੰ ਕਦੇ ਵੀ ਅਣਗੌਲਿਆ ਨਾ ਕੀਤਾ ਜਾਵੇ।ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਰਾਜਾ ਵੜਿੰਗ ਨੇ ਆਪਣੇ ਹਜ਼ਾਰਾਂ ਸਮਰਥਕਾਂ ਦਾ ਭਾਰੀ ਇਕੱਠ ਕਰਕੇ ਆਪਣੀ ਸਿਆਸੀ ਤਾਕਤ ਦਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ।ਜਿੱਥੋਂ ਉਹ ਕਾਫ਼ਲੇ ਦੇ ਰੂਪ ਵਿੱਚ ਕਾਂਗਰਸ ਭਵਨ ਵੱਲ ਰਵਾਨਾ ਹੋਏ ਸਨ।

ਸਚਿਨ ਪਾਇਲਟ ਨੇ ਪੰਜਾਬ ਅੰਦਰ ਕਾਂਗਰਸ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਦੇ ਅਹੁਦਾ ਸੰਭਾਲਣ ਸਮੇਂ ਰੱਖੇ ਗਏ ਵਿਸ਼ੇਸ਼ ਸਮਾਗਮ ਦੌਰਾਨ ਬੋਲਦਿਆਂ ਪਾਰਟੀ ਦੇ ਸੂਬਾ ਇੰਚਾਰਜ ਸਚਿਨ ਪਾਇਲਟ ਨੇ ਪੰਜਾਬ ਅੰਦਰ ਕਾਂਗਰਸ ਦੀ ਮਜ਼ਬੂਤੀ ਅਤੇ ਆਉਣ ਵਾਲੀਆਂ ਚੁਣੌਤੀਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਚੰਡੀਗੜ੍ਹ ਵਿਖੇ ਮੀਂਹ ਦੇ ਬਾਵਜੂਦ ਇਕੱਠੇ ਹੋਏ ਭਾਰੀ ਕਾਫ਼ਲੇ ਅਤੇ ਵਰਕਰਾਂ ਦੇ ਜੋਸ਼ ਦੀ ਪ੍ਰਸ਼ੰਸਾ ਕਰਦਿਆਂ ਪਾਇਲਟ ਨੇ ਕਿਹਾ ਕਿ ਪਾਰਟੀ ਵਰਕਰਾਂ ਨੇ ਹਰ ਹਾਲਾਤ ਵਿੱਚ ਪੰਜਾਬ ਕਾਂਗਰਸ ਦਾ ਝੰਡਾ ਹਮੇਸ਼ਾ ਉੱਚਾ ਰੱਖਿਆ ਹੈ। ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇੱਕ ਬਹੁਤ ਹੀ ਮਜ਼ਬੂਤ ਅਤੇ ਊਰਜਾਵਾਨ ਟੀਮ ਮਿਲੀ ਹੈ ਜਿਸ ਨਾਲ ਸੂਬੇ ਵਿੱਚ ਕਾਂਗਰਸ ਨੂੰ ਅੱਗੇ ਵਧਾਉਣ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਨੌਜਵਾਨਾਂ ਨੂੰ ਨਾਲ ਲੈ ਕੇ ਪੰਜਾਬ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਤੱਕ ਪਹੁੰਚਣ ਦੀ ਲੋੜ ਹੈ ਤਾਂ ਜੋ ਆਮ ਲੋਕਾਂ ਦੀ ਆਵਾਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾ ਸਕੇ।
        ਪੰਜਾਬ ਦੀ ​ਮੌਜੂਦਾ ‘ਆਪ’ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਸਚਿਨ ਪਾਇਲਟ ਨੇ ਦੋਸ਼ ਲਾਇਆ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਗੱਲ ਦੀ ਵੀ ਕੋਈ ਚਿੰਤਾ ਨਹੀਂ ਹੈ ਕਿ ਸੂਬੇ ਦੇ ਨੌਜਵਾਨ ਅਤੇ ਬੱਚੇ ਲਗਾਤਾਰ ਨਸ਼ੇ ਦੀ ਗ੍ਰਿਫ਼ਤ ਵਿੱਚ ਜਾ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਚਾਰ ਮਹੀਨੇ ਕੇਵਲ ਸੱਤਾ ਹਾਸਿਲ ਕਰਨ ਜਾਂ ਮੌਜੂਦਾ ਸਰਕਾਰ ਨੂੰ ਹਟਾਉਣ ਦਾ ਸੰਘਰਸ਼ ਨਹੀਂ ਹਨ, ਸਗੋਂ ਇਹ ਪੰਜਾਬ ਦੇ ਸੁਨਹਿਰੀ ਭਵਿੱਖ ਦਾ ਫ਼ੈਸਲਾ ਕਰਨਗੇ। ਪਾਇਲਟ ਨੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕਾਰਜਕਾਲ ਦੀ ਵੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁਸ਼ਕਿਲ ਸਮੇਂ ਦੌਰਾਨ ਵੜਿੰਗ ਨੇ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਅਣਥੱਕ ਮਿਹਨਤ ਕੀਤੀ। ਵੜਿੰਗ ਵੱਲੋਂ ਪਿਛਲੇ ਸਾਲਾਂ ਵਿੱਚ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਨਾ ਭੁੱਲਣ ਦੀ ਮੰਗ ਦੇ ਜਵਾਬ ਵਿੱਚ ਪਾਇਲਟ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਵਰਕਰ ਜਾਂ ਆਗੂ ਦੀ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਪੰਜਾਬੀਆਂ ਅਤੇ ਕਾਂਗਰਸੀ ਵਰਕਰਾਂ ਨੂੰ 12 ਅਕਤੂਬਰ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ। ਜਿੱਥੇ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਕਾਂਗਰਸ ਪਾਰਟੀ ਵੱਲੋਂ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਹੈ।

​ ਸਮਾਗਮ ਦੇ ਅਖੀਰ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਬੋਧਨ ਕਰਦਿਆਂ ਮੀਂਹ ਨੂੰ ਪੰਜਾਬ ਲਈ ਇੱਕ ਸੁਖਾਵਾਂ ਅਤੇ ਸਵਾਗਤਯੋਗ ਸ਼ਗਨ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤ ਵੱਲੋਂ ਵਰ੍ਹ ਰਿਹਾ ਇਹ ਪਾਣੀ ਪੰਜਾਬ ਕਾਂਗਰਸ ਲਈ ਨਵੀਂ ਤਾਜ਼ਗੀ ਅਤੇ ਖੁਸ਼ਹਾਲੀ ਲੈ ਕੇ ਆਵੇਗਾ। ਸਾਰੇ ਸੀਨੀਅਰ ਨੇਤਾਵਾਂ ਨੇ ਇੱਕ ਸੁਰ ਵਿੱਚ ਆਉਣ ਵਾਲੇ ਦਿਨਾਂ ਵਿੱਚ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।ਜਿਸ ਨਾਲ ਪਾਰਟੀ ਵਰਕਰਾਂ ਵਿੱਚ ਨਵਾਂ ਜੋਸ਼ ਦੇਖਣ ਨੂੰ ਮਿਲਿਆ।

Posted By: ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ

Latest News