Nazrana Times

ਪੰਜਾਬੀ

ਮਿਸ਼ਨਰੀ ਕਾਲਜਾਂ ਦੀ ਓਨਲਾਈਨ ਮੀਟਿੰਗ: 1984 ਤੋਂ ਚੱਲ ਰਹੇ ਸ਼ਹੀਦੀ ਸਮਾਗਮਾਂ ਦੀ ਸ਼ਾਂਤੀ ਬਰਕਰਾਰ ਰੱਖਣ ’ਤੇ ਚਰਚਾ

04 Jun, 2025 04:07 PM

ਅੱਜ ਸਮੂਹ ਸਿੱਖ ਮਿਸ਼ਨਰੀ ਕਾਲਜਾਂ ਵੱਲੋਂ ਇਕ ਓਨਲਾਈਨ ਇਕੱਤਰਤਾ ਹੋਈ, ਜਿਸ ਵਿੱਚ ਵੱਖ-ਵੱਖ ਖੇਤਰਾਂ ਤੋਂ ਆਏ ਹੋਏ ਕਾਲਜਾਂ ਦੇ ਮੁਖੀ ਅਤੇ ਵਧੀਕ ਅਹੁਦੇਦਾਰਾਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਸਿੱਖ ਮਿਸ਼ਨਰੀ ਕਾਲਜ ਵੱਲੋਂ ਚੇਅਰਮੈਨ ਹਰਜੀਤ ਸਿੰਘ, ਪ੍ਰੀ ਚਰਨਜੀਤ ਸਿੰਘ, ਪਰਮਜੀਤ ਸਿੰਘ (ਮੋਹਾਲੀ), ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਵਲੋਂ ਚੇਅਰਮੈਨ ਜੋਗਿੰਦਰ ਸਿੰਘ, ਡਾਇਰੈਕਟਰ ਗਿਆਨੀ ਬਲਜੀਤ ਸਿੰਘ, ਵਾਈਸ ਚੇਅਰਮੈਨ ਅਮਰਜੀਤ ਸਿੰਘ, ਪ੍ਰੀ ਹਰਭਜਨ ਸਿੰਘ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਰਾਣਾ ਇੰਦਰਜੀਤ ਸਿੰਘ, ਪ੍ਰੀ ਗੁਰਬਚਨ ਸਿੰਘ ਪਨਵਾਂ ਅਤੇ ਵਾਈਸ ਪ੍ਰੀ ਸੁਖਵਿੰਦਰ ਸਿੰਘ ਦਦੇਹਰ ਨੇ ਸ਼ਿਰਕਤ ਕੀਤੀ।

ਇਨ੍ਹਾਂ ਸਾਰਿਆਂ ਨੇ ਇਹ ਗੰਭੀਰ ਚਿੰਤਾ ਜਤਾਈ ਕਿ ਹਰੇਕ ਸਾਲ ਸ਼ਹੀਦੀ ਦਿਹਾੜਿਆਂ ਦੌਰਾਨ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੁੰਦੀਆਂ ਹਨ ਅਤੇ ਇਹ ਸਮਾਗਮ ਸਿੱਖ ਇਤਿਹਾਸ ਦੇ ਅਤਿ ਮਹੱਤਵਪੂਰਨ ਅੰਗ ਹਨ। ਅਕਾਲ ਤਖ਼ਤ ਸਾਹਿਬ ਤੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕਰਨਾ ਇੱਕ ਰਵਾਇਤੀ ਅਤੇ ਆਦਰਯੋਗ ਪ੍ਰਕਿਰਿਆ ਹੈ, ਜਿਸਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਚੱਜੇ ਢੰਗ ਨਾਲ ਚਲਾਇਆ ਜਾਂਦਾ ਹੈ।

ਪਰ ਇਨ੍ਹਾਂ ਨੇ ਇਹ ਵੀ ਆਖਿਆ ਕਿ ਕੁਝ ਸੰਸਥਾਵਾਂ ਦੇ ਆਗੂ ਵੱਲੋਂ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਜੋ ਕਿ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਸਾਰੀਆਂ ਸੰਸਥਾਵਾਂ ਅਤੇ ਸਾਰੀ ਕੌਮ ਦੀ ਸਾਂਝ ਹਨ। ਜੇਕਰ ਅਕਾਲ ਤਖ਼ਤ ’ਤੇ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਇਹ ਸਾਰੀ ਸਿੱਖ ਕੌਮ ਦੀ ਤੋਹੀਨ ਹੋਵੇਗੀ ਅਤੇ ਸ਼ਹੀਦਾਂ ਦੀ ਸ਼ਹੀਦੀ ਦੀ ਘੋਰ ਬੇਅਦਬੀ।

ਇਸ ਮੀਟਿੰਗ ਵਿੱਚ ਸਾਰਿਆਂ ਨੇ ਸੱਦਾ ਦਿੱਤਾ ਕਿ ਸਾਰੀਆਂ ਸੰਸਥਾਵਾਂ ਨੂੰ ਆਪਣੀਆਂ ਰਾਜਨੀਤਿਕ ਜਾਂ ਅੰਦਰੂਨੀ ਰੰਜਿਸ਼ਾਂ ਤੋਂ ਉੱਪਰ ਚੁੱਕ ਕੇ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਅਤੇ ਸਮਾਗਮ ਦੀ ਸ਼ਾਂਤੀਪੂਰਨ ਸਫਲਤਾ ਲਈ ਸਹਿਯੋਗ ਦੇਣਾ ਚਾਹੀਦਾ ਹੈ।

ਪਿਛਲੇ ਕੁਝ ਸਾਲਾਂ ਵਿਚ ਵਾਪਰੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਮਿਸ਼ਨਰੀ ਆਗੂਆਂ ਨੇ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਹਰੇਕ ਪੱਧਰ ’ਤੇ ਯਕੀਨੀ ਬਣਾਏ ਕਿ ਇਸ ਵਾਰ ਕੋਈ ਅਣਚਾਹੀ ਘਟਨਾ ਨਾ ਵਾਪਰੇ ਅਤੇ ਕਿਸੇ ਵੀ ਸ਼ਰਾਰਤੀ ਤੱਤ ਨੂੰ ਮਾਹੌਲ ਖ਼ਰਾਬ ਕਰਨ ਦਾ ਮੌਕਾ ਨਾ ਮਿਲੇ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #