ਪੰਜਾਬ ਦੇ ਹਾਲਾਤਾਂ ਦੇ ਹਵਾਲੇ ਨਾਲ ਫੈਸਲਾ! ਪੰਜਾਬੀ ਫ਼ਿਲਮ 'ਥਾਪੀ' ਪੰਜਾਬ ਦੇ ਹਾਲਾਤ ਸੁਖਾਵੇਂ ਹੋਣ ਤੱਕ ਸਿਨੇਮਾ ਘਰਾਂ ਵਿੱਚ ਨਹੀਂ ਚੱਲੇਗੀ-ਨੀਰੂ ਬਾਜਵਾ ਸਹਿਯੋਗੀ ਨਿਰਮਾਤਾ
ਬਿੰਦਰ ਸਿੰਘ ਖੁੱਡੀ ਕਲਾਂ
ਬਰਨਾਲ , 18 ਅਕਤੂਬਰ
:ਪੰਜਾਬੀ ਫ਼ਿਲਮ 'ਥਾਪੀ' ਦੇ ਨਿਰਮਾਤਾਵਾਂ ਅਤੇ ਸਮੁੱਚੀ ਸਟਾਰ ਕਾਸਟ ਨੇ ਪੰਜਾਬ ਦੇ ਮੌਜੂਦਾ ਨਾਜ਼ੁਕ ਹਾਲਾਤਾਂ ਨੂੰ ਮੁੱਖ ਰੱਖਦਿਆਂ ਆਪਣੀ ਫ਼ਿਲਮ 'ਥਾਪੀ' ਨੂੰ ਅਗਲੇ ਫੈਸਲੇ ਤੱਕ ਸਿਨੇਮਾ ਘਰਾਂ ਵਿੱਚੋਂ ਉਤਾਰਨ ਦਾ ਫ਼ੈਸਲਾ ਲਿਆ ਹੈ।ਇਹ ਜਾਣਕਾਰੀ ਫਿਲਮ ਦੀ ਅਦਾਕਾਰਾ ਅਤੇ ਸਹਿਯੋਗੀ ਨਿਰਮਾਤਾ ਨੀਰੂ ਬਾਜਵਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸਾਂਝੀ ਕੀਤੀ ਹੈ।
ਦੱਸ ਦੇਈਏ ਕਿ ਇਸ ਫ਼ਿਲਮ ਨੂੰ 15 ਅਕਤੂਬਰ 2026 ਨੂੰ ਪੰਜਾਬ ਸਮੇਤ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਵਿੱਚ ਵੱਡੇ ਪੱਧਰ 'ਤੇ ਰਿਲੀਜ਼ ਕੀਤਾ ਗਿਆ ਸੀ।ਫ਼ਿਲਮ ਦੀ ਪ੍ਰਮੋਸ਼ਨ ਮੁਹਿੰਮ ਕਈ ਹਫ਼ਤਿਆਂ ਤੋਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤੀ ਜਾ ਰਹੀ ਸੀ।ਪਰ ਮੀਡੀਆ ਰਿਪੋਰਟਾਂ ਅਨੁਸਾਰ ਰਿਲੀਜ਼ ਹੋਣ ਉਪਰੰਤ ਫਿ਼ਲਮ ਨੂੰ ਦਰਸ਼ਕਾਂ ਦਾ ਉਮੀਦ ਅਨੁਸਾਰ ਹੁੰਗਾਰਾ ਨਹੀਂ ਸੀ ਮਿਲਿਆ।
ਫਿਲਮ ਦਾ ਸਿਨੇਮਾ ਘਰਾਂ 'ਚ ਪ੍ਰਦਰਸ਼ਨ ਰੋਕੇ ਜਾਣ ਦੀ ਜਾਣਕਾਰੀ ਸਾਂਝੀ ਕਰਦਿਆਂ ਨੀਰੂ ਬਾਜਵਾ ਨੇ ਲਿਖਿਆ ਕਿ ਸਾਡੀ ਫ਼ਿਲਮ ਅਤੇ ਟੀਮ ਦਾ ਮੁੱਖ ਮਕਸਦ ਇਹੀ ਹੈ ਕਿ ਪੰਜਾਬ ਦੇ ਰੰਗਮੰਚ ਅਤੇ ਮੈਦਾਨਾਂ ਵਿੱਚ ਮੁੜ ਤੋਂ ਰੌਣਕਾਂ ਪਰਤਣ ਅਤੇ ਦਰਸ਼ਕ ਆਪਣੇ ਪਰਿਵਾਰਾਂ ਨਾਲ ਸਿਨੇਮਾ ਘਰਾਂ ਵਿੱਚ ਪਹੁੰਚ ਕੇ ਅਨੰਦ ਮਾਣ ਸਕਣ।ਪਰ ਜਿਵੇਂ ਅੱਜ ਪੰਜਾਬ ਵਿੱਚ ਅਸ਼ਾਂਤ ਮਾਹੌਲ ਅਤੇ ਹਾਲਾਤ ਬਣੇ ਹੋਏ ਹਨ। ਉਨ੍ਹਾਂ ਨੂੰ ਗੰਭੀਰਤਾ ਨਾਲ ਵਾਚਦਿਆਂ ਅਸੀਂ ਫੈ਼ੈਸਲਾ ਕੀਤਾ ਹੈ ਕਿ ਸਿਨੇਮਾ ਜਾਂ ਕੋਈ ਵੀ ਵਪਾਰਕ ਪ੍ਰੋਜੈਕਟ ਕਦੇ ਵੀ ਲੋਕਾਂ ਅਤੇ ਸੂਬੇ ਤੋਂ ਵੱਡਾ ਨਹੀਂ ਹੋ ਸਕਦਾ। ਉਹਨਾਂ ਫ਼ਿਲਮ ਦੀ ਪੂਰੀ ਟੀਮ ਵੱਲੋਂ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ, “ਅਸੀਂ ਅੱਜ ਜੋ ਵੀ ਹਾਂ, ਪੰਜਾਬ 'ਤੇ ਪੰਜਾਬੀਅਤ ਕਰਕੇ ਹਾਂ। 'ਥਾਪੀ' ਫ਼ਿਲਮ ਬਣਾਉਣ ਦਾ ਮਕਸਦ ਵੀ ਇਹੀ ਸੀ ਕਿ ਪੰਜਾਬ ਦੇ ਮੈਦਾਨਾਂ ਵਿੱਚ ਫਿਰ ਰੌਣਕ ਲੱਗੇ, ਪਰ ਸਿਨੇਮਾ ਲੋਕਾਂ ਲਈ ਹੁੰਦਾ ਹੈ ਅਤੇ ਇਹ ਕਦੇ ਵੀ ਲੋਕਾਂ ਤੋਂ ਵੱਡਾ ਨਹੀਂ ਹੋ ਸਕਦਾ।”
ਇਸੇ ਗੰਭੀਰ ਸੋਚ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਟੀਮ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਫ਼ਿਲਮ ਨੂੰ ਫ਼ੌਰੀ ਤੌਰ 'ਤੇ 'ਹੋਲਡ' ਕਰ ਰਹੇ ਹਨ। ਐਲਾਨ ਮੁਤਾਬਕ ਕੱਲ੍ਹ ਤੋਂ ਇਹ ਫ਼ਿਲਮ ਕਿਸੇ ਵੀ ਸਿਨੇਮਾ ਘਰ ਵਿੱਚ ਪ੍ਰਦਰਸ਼ਿਤ ਨਹੀਂ ਕੀਤੀ ਜਾਵੇਗੀ। ਫ਼ਿਲਮ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਜਦ ਤੱਕ ਪੰਜਾਬ ਦੇ ਹਾਲਾਤ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੇ, ਉਹ ਹਰ ਪੱਖ ਤੋਂ ਪੰਜਾਬ ਦੇ ਨਾਲ ਖੜ੍ਹੇ ਹਨ।ਅਸੀਂ ਪਹਿਲਾਂ ਵੀ ਪੰਜਾਬ ਦੇ ਨਾਲ ਸੀ,ਹੁਣ ਵੀ ਹਾਂ ਅਤੇ ਭਵਿੱਖ ਵਿੱਚ ਵੀ ਪੰਜਾਬ ਦੇ ਨਾਲ ਹੀ ਰਹਾਂਗੇ।
Posted By: Binder Singh Kuddi Kalan