ਪੰਜਾਬ ਵਿੱਚ ਨਸ਼ਾ ਕਦੇ ਖ਼ਤਮ ਨਹੀਂ ਹੋਵੇਗਾ, ਇਹ ਲੀਡਰਾਂ ਦਾ ਮਨਪਸੰਦ ਧੰਦਾ ਹੈ : ਜਥੇਦਾਰ ਗੁਰਨਾਮ ਸਿੰਘ ਬੰਡਾਲਾ
ਅੰਮ੍ਰਿਤਸਰ, 22 ਨਵੰਬਰ , ਰਣਜੀਤ ਸਿੰਘ ਖ਼ਾਲਸਾ-ਦਮਦਮੀ ਟਕਸਾਲ ਦੇ ਜਥੇਦਾਰ ਬਾਬਾ ਗੁਰਨਾਮ ਸਿੰਘ ਬੰਡਾਲਾ ਨੇ ਪੰਥਕ ਜਥੇਬੰਦੀਆਂ ਅਤੇ ਸਮੁੱਚੀ ਸੰਗਤ ਨੂੰ ਬੇਨਤੀ ਕਰਦਿਆਂ ਕਿਹਾ ਕਿ ਤੁਹਾਡੀਆਂ ਲੋੜਾਂ ਅਤੇ ਲੀਡਰਾਂ ਨਾਲ ਜੁੜੇ ਤੁਹਾਡੇ ਹਿੱਤ ਅੱਜ ਨਸ਼ੇ ਦਾ ਮੁੱਢਲਾ ਕਾਰਨ ਹਨ। ਤੁਸੀਂ ਵੋਟਾਂ ਪਾ ਕੇ ਗੁੰਡੇ, ਗੈਂਗਸਟਰ ਅਤੇ ਬਲੈਕਰ ਲੀਡਰ ਕੌਮ ਉੱਤੇ ਥੋਪਣ ਦਾ ਜਤਨ ਕਰਦੇ ਹੋ।
ਉਨ੍ਹਾਂ ਕਿਹਾ ਕਿ ਅੱਜਕੱਲ੍ਹ ਮਜੀਠੀਆ ਵਰਗਿਆਂ ਦੇ ਇੱਕ ਹੱਥ ਵਿੱਚ ਗੁਟਕਾ ਹੁੰਦਾ ਹੈ ਅਤੇ ਦੂਜਾ ਹੱਥ ਚਿੱਟਾ ਵੇਚਣ ਵਾਲਿਆਂ ਨਾਲ ਮਿਲਾਪ ਰੱਖਦਾ ਹੈ। ਪੁਲੀਸ ਚਿੱਟਾ ਵੇਚਣ ਵਾਲੇ ਲੀਡਰਾਂ ਦਾ ਪਾਣੀ ਭਰਦੀ ਹੈ। ਜਿੰਨੇ ਵੀ ਬਾਰਡਰ ਦੇ ਪਿੰਡ ਹਨ, ਉੱਥੇ ਹਿੰਦੋਸਤਾਨ ਦੀਆਂ ਏਜੰਸੀਆਂ ਦੇ ਇਸ਼ਾਰੇ ’ਤੇ ਡਰੋਨ ਉਤਾਰੇ ਜਾਂਦੇ ਹਨ। ਬਾਰਡਰ ਨਾਲ ਲੱਗਦੇ ਥਾਣੇ ਡਰੋਨਾਂ ਰਾਹੀਂ ਕਰੋੜਾਂ ਦੀ ਕਮਾਈ ਕਰਦੇ ਹਨ। ਥਾਣੇਦਾਰ ਕਰੋੜਾਂ ਰੁਪਏ ਦੇ ਕੇ ਇਨ੍ਹਾਂ ਥਾਣਿਆਂ ਵਿੱਚ ਡਿਊਟੀ ਲੈਂਦੇ ਹਨ। ਫਿਰ ਨਸ਼ਾ ਕਿਵੇਂ ਖ਼ਤਮ ਹੋ ਜਾਵੇਗਾ?
ਉਨ੍ਹਾਂ ਕਿਹਾ ਕਿ ਜੇ ਕੋਈ ਗ੍ਰੰਥੀ ਜਾਂ ਗਿਆਨੀ ਪਿੰਡ ਦੇ ਗੁਰਦੁਆਰੇ ਵਿੱਚ ਨਸ਼ੇ ਵਿਰੁੱਧ ਪ੍ਰਚਾਰ ਕਰਦਾ ਹੈ ਤਾਂ ਕਮੇਟੀਆਂ ਵਾਲੇ ਅਗਲੇ ਦਿਨ ਹੀ ਗ੍ਰੰਥੀ ਦਾ ਸਾਮਾਨ ਕੱਢ ਕੇ ਸੜਕ ’ਤੇ ਰੱਖ ਦਿੰਦੇ ਹਨ।
ਉਨ੍ਹਾਂ ਦੱਸਿਆ, “ਮੇਰਾ ਭਤੀਜਾ ਪਾਠੀ ਕੁਲਵਿੰਦਰ ਸਿੰਘ ਸੀ ਜੋ 17 ਮਈ 2020 ਨੂੰ ਜੱਗਾ ਰੱਤੋ ਵਾਲੀਆ ਫ਼ਿਰੋਜ਼ਪੁਰ ਨੇ ਮਾਰ ਦਿੱਤਾ, ਇਹ ਜੱਗਾ ਜੋ ਚਿੱਟੇ ਦਾ ਤਸਕਰ ਹੈ, ਪਿੰਡ ਬੰਡਾਲਾ ਦੇ ਗੁਰਦੁਆਰੇ ਵਿੱਚ ਨਿਹੰਗਾਂ ਨੂੰ ਚਿੱਟਾ ਦੇ ਰਿਹਾ ਸੀ। ਪਾਠੀ ਕੁਲਵਿੰਦਰ ਸਿੰਘ ਨੇ ਸਿਰਫ਼ ਇੰਨਾ ਕਿਹਾ ਕਿ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ, ਗੁਰੂਘਰ ਨੂੰ ਤਾਂ ਨਸ਼ੇ ਦਾ ਅੱਡਾ ਨਾ ਬਣਾਓ। ਅਗਲੇ ਦਿਨ ਦੁਕਾਨ ਵਿੱਚ ਬੈਠੇ ਨੂੰ ਗੋਲੀ ਮਾਰ ਦਿੱਤੀ। ਪੰਜ ਸਾਲ ਬਾਅਦ ਆਰਾਮ ਨਾਲ ਜ਼ਮਾਨਤ ’ਤੇ ਆ ਗਏ। ਦੱਸੋ, ਸਰਕਾਰ ਨੇ ਉਸ ਪੀੜਤ ਪਰਿਵਾਰ ਦਾ ਕੀ ਸੰਵਾਰਿਆ? ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹਨ।”
ਅਖ਼ੀਰ ਵਿੱਚ ਉਨ੍ਹਾਂ ਕਿਹਾ, “ਮੈਂ ਝੋਟੇ ਦੇ ਪਰਿਵਾਰ ਨੂੰ ਬੇਨਤੀ ਕਰਦਾ ਹਾਂ ਕਿ ਲਾਸ਼ ਖ਼ਰਾਬ ਨਾ ਕਰੋ ਤੇ ਸਰਕਾਰਾਂ ਕੋਲੋਂ ਇਨਸਾਫ਼ ਦੀ ਉਮੀਦ ਨਾ ਰੱਖੋ, ਇਨਸਾਫ ਖੁਦ ਹੀ ਕਰਨਾ ਪੈਣਾ ਹੈ।”
Posted By: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ