Nazrana Times

ਪੰਜਾਬੀ

ਬਾਬਾ ਹਰਨਾਮ ਸਿੰਘ ਧੁੰਮੇ ਵਲੋਂ ਸੱਦਿਆ ਇਕੱਠ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਤੋਂ ਪ੍ਰੇਰਿਤ-: ਆਵਾਜ਼ ਏ ਕੌਮ।

28 Mar, 2025 02:28 AM

ਬਾਬਾ ਹਰਨਾਮ ਸਿੰਘ ਧੁੰਮੇ ਵਲੋਂ ਸੱਦਿਆ ਇਕੱਠ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਤੋਂ ਪ੍ਰੇਰਿਤ-: ਆਵਾਜ਼ ਏ ਕੌਮ।

ਅੰਮ੍ਰਿਤਸਰ 27 ਮਾਰਚ , ਰਣਜੀਤ ਸਿੰਘ ਖ਼ਾਲਸਾ 

ਜ਼ਿਕਰਯੋਗ ਹੈ ਕਿ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਹੁੰਦਿਆਂ ਖ਼ਾਲਸਾ ਪੰਥ ਦੀ ਅਗਵਾਈ ਕੀਤੀ, ਪੰਥ ਵਿਰੋਧੀ ਤਾਕਤਾਂ ਨੂੰ ਵੀ ਨੱਥ ਪਾਈ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਦਿਨ-ਰਾਤ ਇੱਕ ਕਰ ਦਿੱਤਾ ਪਰ ਬਾਬਾ ਹਰਨਾਮ ਸਿੰਘ ਧੁੰਮਾ ਉਸ ਤਰੀਕੇ ਨਾਲ ਕਾਰਜ ਕਰਨ ਵਿਚ ਅਸਫ਼ਲ ਰਹੇ, ਪੰਥ ਅਤੇ ਪੰਜਾਬ ਦੇ ਗੱਦਾਰਾਂ ਨਾਲ ਇਨ੍ਹਾਂ ਦੀਆਂ ਗੂੜੀਆਂ ਸਾਂਝਾਂ ਰਹੀਆਂ ਅਤੇ ਅੱਜ-ਕੱਲ੍ਹ ਇਹ ਭਾਜਪਾ-ਆਰ.ਆਰ.ਐੱਸ ਜਿਹੀਆਂ ਪੰਥ ਅਤੇ ਪੰਜਾਬ ਵਿਰੋਧੀ ਤਾਕਤਾਂ ਦੇ ਪ੍ਰਭਾਵ ਹੇਠ ਹਨ।

28 ਮਾਰਚ ਨੂੰ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਨ੍ਹਾਂ ਵਲੋਂ ਸੱਦਿਆ ਇਕੱਠ ਭਾਜਪਾ-ਆਰ.ਆਰ.ਐੱਸ ਜਿਹੀਆਂ ਸਿੱਖ ਵਿਰੋਧੀ ਤਾਕਤਾਂ ਤੋਂ ਪ੍ਰੇਰਿਤ ਹੈ ਕਿਉਂਕਿ ਜਦੋਂ ਬਾਦਲ ਦਲ ਪੰਥ ਦਾ ਘਾਣ ਕਰ ਰਿਹਾ ਸੀ ਅਤੇ ਜਿਸ ਵੇਲ਼ੇ ਬਾਦਲ ਦਲ ਸਿੱਖੀ ਦੀਆਂ ਜੜ੍ਹਾਂ ਵੱਢ ਰਿਹਾ ਸੀ ਉਦੋਂ ਬਾਬਾ ਹਰਨਾਮ ਸਿੰਘ ਧੁੰਮਾ ਅੱਖਾਂ ਮੀਚ ਕੇ ਬਾਦਲਾਂ ਨਾਲ ਯਾਰੀਆਂ ਨਿਭਾ ਰਿਹਾ ਸੀ।

ਜੇਕਰ ਗੱਲ ਕਰੀਏ ਬਾਦਲ ਦਲ ਦੀ ਕਿ ਇਨ੍ਹਾਂ ਨੇ ਪੰਥ ਅਤੇ ਪੰਜਾਬ ਨਾਲ ਬੇਈਮਾਨੀਆਂ ਅਤੇ ਗੱਦਾਰੀਆਂ ਕਰਦਿਆਂ ਸਿੱਖੀ ਦਾ ਵੱਡਾ ਘਾਣ ਕੀਤਾ ਹੈ ਤਾਂ ਬਾਬਾ ਹਰਨਾਮ ਸਿੰਘ ਧੁੰਮੇ ਦੀਆਂ ਬਾਦਲ ਦਲ ਨਾਲ ਬਹੁਤ ਗੂੜੀਆਂ ਸਾਂਝਾਂ ਰਹੀਆਂ ਹਨ, ਪਰ ਬਤੌਰ ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਹੁੰਦਿਆਂ ਬਾਦਲਾਂ ਨੂੰ ਤਾੜਨਾ ਕਰਨ ਦੀ, ਬਾਦਲਾਂ ਨੂੰ ਝਾੜ ਪਾਉਣ, ਬਾਦਲਾਂ ਨੂੰ ਧੌਣ ਤੋਂ ਫੜ੍ਹਨ ਦੀ ਇਨ੍ਹਾਂ ਦੀ ਹਿੰਮਤ ਨਹੀਂ ਪਈ ਅਤੇ ਬਾਬਾ ਹਰਨਾਮ ਸਿੰਘ ਧੁੰਮੇ ਨੇ ਪੰਥ ਦੇ, ਸਿੱਖੀ ਦੇ ਹੋ ਰਹੇ ਘਾਣ ਨੂੰ ਅਣਦੇਖਾ ਕਰਦਿਆਂ ਬਾਦਲਾਂ ਨਾਲ ਲੰਬਾ ਸਮਾਂ ਯਾਰੀ ਨਿਭਾਈ, ਜਿਸ ਕਰਕੇ ਪੰਥ ਦੇ ਵੱਡੇ ਹਿੱਸੇ ਵਿੱਚ ਅੱਜ ਇਹ ਰੋਸ ਹੈ ਕਿ ਜਦੋਂ ਬਾਦਲਾਂ ਨਾਲ ਇਕੱਠੇ ਬੈਠਦੇ ਸਨ, ਇਕੱਠੇ ਖਾਂਦੇ ਪੀਂਦੇ ਸਨ, ਇਕੱਠੇ ਆਉਂਦੇ ਜਾਂਦੇ ਸਨ, ਉਦੋਂ ਬਾਬਾ ਹਰਨਾਮ ਸਿੰਘ ਧੁੰਮੇ ਨੂੰ ਪੰਥ ਦੀ ਯਾਦ ਨੀਂ ਆਈ ਅਤੇ ਅੱਜ ਜਦੋਂ ਭਾਜਪਾ-ਆਰ.ਆਰ.ਐੱਸ ਬਾਦਲਾਂ ਦਾ ਬਦਲ ਲੱਭ ਰਹੀ ਹੈ ਤਾਂ ਭਾਜਪਾ-ਆਰ.ਐੱਸ.ਐੱਸ ਤੋਂ ਤਾਕਤ ਲੈਣ ਤੋਂ ਬਾਅਦ ਹੁਣ ਇਨ੍ਹਾਂ ਨੂੰ ਪੰਥ ਦੀ ਯਾਦ ਆ ਗਈ।

ਖ਼ਾਲਸਾ ਪੰਥ ਦਾ ਵੱਡਾ ਹਿੱਸਾ ਕੱਲ੍ਹ ਵਾਲੇ ਪ੍ਰੋਗਰਾਮ ਦਾ ਇਸ ਕਰਕੇ ਹਿੱਸਾ ਨਹੀਂ ਬਣੇਗਾ ਕਿਉਂਕਿ ਇਸ ਇਕੱਠ ਪਿੱਛੇ ਪੰਥ ਵਿਰੋਧੀ ਤਾਕਤਾਂ ਭਾਜਪਾ-ਆਰ.ਆਰ.ਐੱਸ ਦਾ ਹੱਥ ਹੈ, ਭਾਜਪਾ ਨਾਲ ਗੂੜ੍ਹੀ ਸਾਂਝ ਰੱਖਣ ਵਾਲੇ ਦਾਦੂਵਾਲ ਆਦਿ ਜਿਹੇ ਸ਼ਖਸ਼ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਸਿੱਖਾਂ ਨੂੰ ਅਪੀਲਾਂ ਕਰ ਰਹੇ ਹਨ।

ਇੱਕ ਪੱਖ ਇਹ ਵੀ ਹੈ ਕਿ ਬਾਬਾ ਹਰਨਾਮ ਸਿੰਘ ਧੁੰਮੇ ਦੀ ਕਾਰਜਸ਼ੈਲੀ ਅਤੇ ਵਿਚਾਰਧਾਰਾ ਸ਼ਹੀਦ ਸੰਤ ਭਿੰਡਰਾਂਵਾਲਿਆਂ ਦੇ ਬਿਲਕੁਲ ਉਲਟ ਹੈ।

ਬਤੌਰ ਦਮਦਮੀ ਟਕਸਾਲ ਦੇ ਮੁਖੀ ਹੁੰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ, ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਉਲਟ ਚੱਲ ਕੇ ਨੀਤੀਵਾਨ ਨਾ ਹੋਣਾ, ਕੌਮੀ ਸੰਘਰਸ਼ ਨੂੰ ਪਿੱਠ ਦਿਖਾ ਜਾਣਾ, ਪੰਥ ਵਿਰੋਧੀ ਤਾਕਤਾਂ ਨਾਲ ਯਾਰੀਆਂ, ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਠੋਸ ਕਦਮ ਨਾ ਚੁੱਕਣੇ, ਇਨ੍ਹਾਂ ਗੱਲਾਂ ਨੇ ਖ਼ਾਲਸਾ ਪੰਥ ਦੀ ਸਿਰਮੌਰ ਅਤੇ ਸ਼ਾਨਾਮੱਤੀ ਸੰਸਥਾ ਦਮਦਮੀ ਟਕਸਾਲ ਦੀ ਅੱਡਰੀ ਪਹਿਚਾਣ ਅਤੇ ਨਿਆਰੇਪਨ ਨੂੰ ਬਹੁਤ ਧੁੰਦਲਾ ਕਰਕੇ ਰੱਖ ਦਿੱਤਾ ਅਤੇ ਇਸ ਵਰਤਾਰੇ ਨਾਲ ਪੰਥ ਅੰਦਰ ਵੱਡਾ ਨਿਘਾਰ ਆਇਆ ਹੈ, ਇਹ ਸਾਰੀ ਗੱਲ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਬਾਬਾ ਹਰਨਾਮ ਸਿੰਘ ਧੁੰਮੇ ਨੇ ਖ਼ਾਲਸਾ ਪੰਥ ਦੀ ਸਿਰਮੌਰ ਅਤੇ ਸ਼ਾਨਾਮੱਤੀ ਸੰਸਥਾ ਦਮਦਮੀ ਟਕਸਾਲ ਨੂੰ ਪੰਥਕ ਲੀਹ ਤੋਂ ਲਾਹ ਕੇ ਬਿੱਪਰ ਸੰਸਕਾਰੀ ਪੰਥ ਵਿਰੋਧੀ ਤਾਕਤਾਂ ਦੀ ਝੋਲੀ ਵਿਚ ਪਾ ਦਿੱਤਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #