Nazrana Times

ਪੰਜਾਬੀ

'ਆਪ' ਸਰਕਾਰ ਦਿੱਲੀ ਦਰਬਾਰ ਦੀ ਗੁਲਾਮ,ਕਿਸਾਨਾਂ ਤੇ ਪੱਛੜੇ ਵਰਗਾਂ ਨਾਲ ਕੀਤਾ ਇਤਿਹਾਸਕ ਧੋਖਾ- ਹਰਸਿਮਰਤ ਕੌਰ ਬਾਦਲ

04 Nov, 2025 05:35 PM

ਸਵ.ਚੇਅਰਮੈਨ ਬਲਬੀਰ ਸਿੰਘ ਦੇ ਪਰਿਵਾਰ ਵੱਲੋਂ ਬੀਬਾ ਬਾਦਲ ਦਾ ਵਿਸ਼ੇਸ਼ ਸਨਮਾਨ


ਰਾਕੇਸ਼ ਨਈਅਰ ਚੋਹਲਾ 
ਤਰਨ ਤਾਰਨ,4 ਨਵੰਬਰ
 

ਤਰਨ ਤਾਰਨ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਪਾਰਟੀ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ,ਪਾਰਟੀ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ ਹੇਠ ਪਿੰਡ ਗੋਹਲਵੜ ਵਿਖੇ ਪਹੁੰਚੇ।ਉਹ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਰਹੇ ਸਵਰਗੀ ਬਲਬੀਰ ਸਿੰਘ (ਸਾਬਕਾ ਚੇਅਰਮੈਨ) ਦੇ ਗ੍ਰਹਿ ਵਿਖੇ ਉਚੇਚੇ ਤੌਰ 'ਤੇ ਪਹੁੰਚੇ,ਜਿੱਥੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਅਤੇ ਜ਼ਿਮਨੀ ਚੋਣ ਸਬੰਧੀ ਇਲਾਕੇ ਦੇ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ।ਇਸ ਮੌਕੇ ਮਾਤਾ ਗੁਰਜੀਤ ਕੌਰ ਅਤੇ ਪਰਿਵਾਰ ਨੇ ਪਾਰਟੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ 'ਆਪ' ਸਰਕਾਰ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਿਰਫ਼ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ ਅਤੇ ਪੰਜਾਬ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਅਤੇ 'ਆਪ' ਦੋਵਾਂ ਦੀਆਂ ਨੀਤੀਆਂ ਹਮੇਸ਼ਾ ਪੰਜਾਬ ਵਿਰੋਧੀ ਰਹੀਆਂ ਹਨ। ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦਾ ਲੱਕ ਤੋੜਿਆ,ਫ਼ਿਰ ਮੰਡੀਆਂ ਵਿੱਚ ਕਿਸਾਨ ਰੁਲਿਆ, ਪਰ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ।ਉਨ੍ਹਾਂ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਉਹ ਪਾਰਟੀ ਹੈ ਜਿਸਨੇ ਹਮੇਸ਼ਾ ਕਿਸਾਨਾਂ ਦੀ ਭਲਾਈ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਹੱਕਾਂ ਦੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਸਹੂਲਤਾਂ ਦਿੱਤੀਆਂ ਹਨ।ਸ੍ਰ.ਬ੍ਰਹਮਪੁਰਾ ਨੇ ਬੀਬਾ ਬਾਦਲ ਦਾ ਹਲਕੇ ਵਿੱਚ ਪਹੁੰਚਣ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਿਆਂ ਕਿਹਾ ਕਿ ਇਸ ਫੇਰੀ ਨੇ ਤਰਨ ਤਾਰਨ ਦੇ ਵਰਕਰਾਂ ਵਿੱਚ ਨਵਾਂ ਜੋਸ਼ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੀ ਜਿੱਤ ਯਕੀਨੀ ਹੈ ਕਿਉਂਕਿ ਲੋਕ 'ਆਪ' ਅਤੇ ਕਾਂਗਰਸ ਦੀਆਂ ਧੋਖੇਬਾਜ਼ ਨੀਤੀਆਂ ਤੋਂ ਅੱਕ ਚੁੱਕੇ ਹਨ।ਇਸ ਮੌਕੇ ਬਲਜਿੰਦਰ ਸਿੰਘ,ਹਰਵਿੰਦਰ ਸਿੰਘ,ਪ੍ਰੋ:ਰਾਜਵਿੰਦਰ ਸਿੰਘ,ਅਮਰਜੀਤ ਸਿੰਘ,ਜਗਰੂਪ ਸਿੰਘ ਪੱਖੋਪੁਰਾ,ਕੁਰਿੰਦਰਜੀਤ ਸਿੰਘ ਚੋਹਲਾ ਖੁਰਦ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #