Nazrana Times

ਪੰਜਾਬੀ

ਪੰਥਕ ਸਿੰਘਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗ਼ੈਰ-ਕਾਨੂੰਨੀ ਹਿਰਾਸਤਾਂ ਵਿੱਚ ਰੱਖਣ ਦੀ ਫੈਡਰੇਸ਼ਨ ਵੱਲੋਂ ਨਿਖੇਧੀ

15 Aug, 2025 01:17 AM

ਅੰਮ੍ਰਿਤਸਰ, 14 ਅਗਸਤ , ਨਜ਼ਰਾਨਾ ਟਾਈਮਜ ਬਿਊਰੋ

ਪੰਜਾਬ ਦੀਆਂ ਪੰਥਕ ਸਫ਼ਾਂ ਵਿੱਚ ਵਿਚਰਦੇ ਰਹੇ ਨੌਜਵਾਨ ਆਗੂ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ (ਯੂ ਐਸ ਏ) ਦੇ ਜੀਜਾ ਜੀ ਸ. ਕਰਮ ਸਿੰਘ ਅਤੇ ਭੈਣ ਸਰਬਜੀਤ ਕੌਰ ਨੂੰ ਸੀ.ਆਈ.ਏ. ਸਟਾਫ਼ ਹੰਡਿਆਇਆ (ਜ਼ਿਲ੍ਹਾ ਬਰਨਾਲਾ) ਦੀ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਪਹਿਲਾਂ ਬਾਦਲ ਅਤੇ ਕੈਪਟਨ ਦੀਆਂ ਸਰਕਾਰਾਂ ਵਿੱਚ ਸਿੱਖ ਨੌਜਵਾਨਾਂ ਨਾਲ ਧੱਕੇਸ਼ਾਹੀ ਹੁੰਦੀ ਰਹੀ ਤੇ ਹੁਣ ਓਹੀ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿੱਚ ਵੀ ਪੰਥਕ ਸਿੰਘਾਂ ਦੇ ਪਰਿਵਾਰਾਂ ਨੂੰ ਝੱਲਣਾ ਪੈ ਰਿਹਾ ਹੈ ਜੋ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ 1978 ਤੋਂ ਲੈ ਕੇ 1995 ਤੱਕ ਭਾਰਤੀ ਸਟੇਟ ਅਤੇ ਕਾਂਗਰਸ ਸਰਕਾਰ ਵੱਲੋਂ ਥਾਣਿਆਂ ਤੇ ਜੇਲ੍ਹਾਂ ਵਿੱਚ ਸਿੱਖ ਕੌਮ ਦੀਆਂ ਧੀਆਂ-ਭੈਣਾਂ ਨੂੰ ਬੇਇੱਜ਼ਤ ਕੀਤਾ ਗਿਆ ਸੀ ਜਿਸ ਖ਼ਿਲਾਫ਼ ਖ਼ਾਲਸਾ ਪੰਥ ਦੇ ਜੁਝਾਰੂਆਂ ਨੇ ਸੰਘਰਸ਼ ਲੜਿਆ ਤੇ ਕੌਮ ਦੀ ਅਣਖ਼, ਇੱਜ਼ਤ ਤੇ ਸਵੈਮਾਣ ਨੂੰ ਕਾਇਮ ਰੱਖਿਆ। ਹੁਣ ਫੇਰ ਸਰਕਾਰਾਂ ਵੱਲੋਂ ਆਏ ਦਿਨ ਅਣਖੀਲੇ ਸਿੱਖ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗ਼ੈਰ ਕਾਨੂੰਨੀ ਹਿਰਾਸਤਾਂ ਵਿੱਚ ਰੱਖਿਆ ਜਾ ਰਿਹਾ ਹੈ, ਕਈਆਂ ਉਤੇ ਝੂਠੇ ਕੇਸ ਅਤੇ ਝੂਠੇ ਮੁਕਾਬਲੇ ਬਣਾਏ ਜਾ ਰਹੇ ਹਨ ਜਿਸ ਦੇ ਵਿਰੋਧ ਵਿੱਚ ਹਰੇਕ ਸਿੱਖ ਤੇ ਪੰਜਾਬੀ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨਾਲ ਸੰਬੰਧਤ ਆਗੂ ਭਾਈ ਰਵਿੰਦਰ ਸਿੰਘ ਮੂਨਕਾਂ ਨੂੰ ਵੀ ਹੁਸ਼ਿਆਰਪੁਰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਅਤੇ ਅਜੇ ਤੱਕ ਗ੍ਰਿਫਤਾਰੀ ਦਾ ਕਾਰਨ ਵੀ ਨਹੀਂ ਦੱਸਿਆ। ਇਸ ਤੋਂ ਇਲਾਵਾ ਮਾਲਵੇ ਵਿੱਚ ਪੰਥਕ ਆਗੂ ਭਾਈ ਰਣਜੀਤ ਸਿੰਘ ਵਾਂਦਰ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੋਇਆ ਹੈ। ਕੁਝ ਦਿਨ ਪਹਿਲਾਂ ਹੀ ਭਾਈ ਗੁਰਵਿੰਦਰ ਸਿੰਘ ਨਾਮ ਦੇ ਸਿੱਖ ਕੈਦੀ ਦੀ ਜੇਲ੍ਹ ਵਿੱਚ ਸਾਜਸ਼ੀ ਅਤੇ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਈ ਹੈ ਅਤੇ ਖਾਲਿਸਤਾਨ ਦੇ ਨਾਅਰੇ ਲਿਖਣ ਵਾਲੇ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਪੁਲਿਸ ਨੇ ਗੋਲੀਆਂ ਮਾਰ ਦਿੱਤੀਆਂ ਸਨ। ਉਹਨਾਂ ਕਿਹਾ ਕਿ ਪੰਜਾਬ ਅਤੇ ਭਾਰਤ ਵਿੱਚ ਸਿੱਖਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #