ਸਿਵਲ ਹਸਪਤਾਲ ਕਪੂਰਥਲਾ ਵਿਖੇ 38 ਸਾਲਾ ਮਰੀਜ਼ ਦਾ ਸਫਲ ਹਿੱਪ ਰਿਪਲੇਸਮੈਂਟ
ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਰਜਰੀ ਬਿਲਕੁਲ ਮੁਫ਼ਤ : ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ
ਕਪੂਰਥਲਾ, 19 ਅਕਤੂਬਰ ਗੌਰਵ ਮੜੀਆ
ਸਿਵਲ ਹਸਪਤਾਲ ਕਪੂਰਥਲਾ ਵਿਖੇ ਮਰੀਜ਼ਾਂ ਨੂੰ ਮਿਆਰੀ ਅਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ 38 ਸਾਲਾ ਮਰੀਜ਼ ਤੀਰਥ ਸਿੰਘ ਵਾਸੀ ਡੋਗਰਾਂਵਾਲ, ਕਪੂਰਥਲਾ ਦਾ ਸੱਜਾ ਹਿੱਪ ਰਿਪਲੇਸਮੈਂਟ ਸਫਲਤਾਪੂਰਵਕ ਕੀਤਾ ਗਿਆ। ਇਹ ਸਰਜਰੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤੀ ਗਈ।
ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਆਧੁਨਿਕ ਆਰਥੋਪੈਡਿਕ ਸੇਵਾਵਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਉੱਚ ਪੱਧਰੀ ਇਲਾਜ ਅਤੇ ਸਰਜਰੀ ਦੀਆਂ ਸਹੂਲਤਾਂ ਸਰਕਾਰੀ ਸਿਹਤ ਸੰਸਥਾ ਵਿੱਚ ਹੀ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਯੋਗ ਮਰੀਜ਼ਾਂ ਨੂੰ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਦਿੰਦਿਆਂ ਮਿਆਰੀ ਇਲਾਜ ਬਿਨਾਂ ਵਿੱਤੀ ਬੋਝ ਦੇ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ।
ਆਰਥੋਪੈਡਿਕ ਮਾਹਿਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਆਰਥੋਪੈਡਿਕ ਵਿਭਾਗ ਵੱਲੋਂ ਹੁਣ ਤੱਕ 40 ਗੋਡਿਆਂ ਦੇ ਰਿਪਲੇਸਮੈਂਟ ਅਤੇ 18 ਹਿੱਪ ਰਿਪਲੇਸਮੈਂਟ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਰਜਰੀਆਂ ਮਰੀਜ਼ਾਂ ਨੂੰ ਉਨ੍ਹਾਂ ਦੇ ਆਪਣੇ ਜ਼ਿਲ੍ਹੇ ਵਿੱਚ ਹੀ ਆਧੁਨਿਕ ਅਤੇ ਮਿਆਰੀ ਇਲਾਜ ਸਹੂਲਤਾਂ ਉਪਲਬਧ ਕਰਵਾਉਣ ਵੱਲ ਇੱਕ ਅਹਿਮ ਕਦਮ ਹਨ।
ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇੱਕ ਹਾਦਸੇ ਤੋਂ ਬਾਅਦ ਤੀਰਥ ਸਿੰਘ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ ਸੀ ਅਤੇ ਉਹ ਪਿਛਲੇ ਦੋ ਸਾਲਾਂ ਤੋਂ ਬੈੱਡ 'ਤੇ ਰਹਿਣ ਲਈ ਮਜਬੂਰ ਸੀ। ਰੋਜ਼ਾਨਾ ਦੇ ਛੋਟੇ ਤੋਂ ਛੋਟੇ ਕੰਮਾਂ ਲਈ ਵੀ ਉਹ ਪੂਰੀ ਤਰ੍ਹਾਂ ਆਪਣੇ ਪਰਿਵਾਰਕ ਮੈਂਬਰਾਂ 'ਤੇ ਨਿਰਭਰ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਡਾ. ਅਮਨਦੀਪ ਸਿੰਘ ਵੱਲੋਂ ਹੀ ਉਸ ਦਾ ਖੱਬਾ ਹਿੱਪ ਰਿਪਲੇਸਮੈਂਟ ਕੀਤਾ ਗਿਆ ਸੀ ਅਤੇ ਹੁਣ ਤਿੰਨ ਮਹੀਨੇ ਬਾਅਦ ਉਸੇ ਮਰੀਜ਼ ਦਾ ਸੱਜਾ ਹਿੱਪ ਵੀ ਡਾ. ਅਮਨਦੀਪ ਸਿੰਘ ਵੱਲੋਂ ਸਫਲਤਾਪੂਰਵਕ ਰਿਪਲੇਸ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਹੁਣ ਉਹ ਆਪਣੇ ਦੋਵੇਂ ਗੋਡੇ ਮੋੜ ਸਕਦਾ ਹੈ ਅਤੇ ਆਪਣੇ ਆਪ ਚੱਲ ਕੇ ਬਾਥਰੂਮ ਤੱਕ ਜਾਣ ਦੇ ਯੋਗ ਹੋ ਗਿਆ ਹੈ। ਮਰੀਜ਼ ਦੀ ਇਸ ਤੇਜ਼ੀ ਨਾਲ ਹੋ ਰਹੀ ਰਿਕਵਰੀ ਨੂੰ ਉਸ ਦੇ ਪਰਿਵਾਰ ਵੱਲੋਂ ਵੀ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾ. ਅਮਨਦੀਪ ਸਿੰਘ ਅਤੇ ਸਮੁੱਚੀ ਮੈਡੀਕਲ ਟੀਮ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲੀਆਂ ਇਲਾਜ ਅਤੇ ਸਰਜਰੀ ਦੀਆਂ ਸਹੂਲਤਾਂ ਤੋਂ ਉਹ ਸੰਤੁਸ਼ਟ ਹਨ। ਉਨ੍ਹਾਂ ਹੋਰ ਲੋਕਾਂ ਨੂੰ ਵੀ ਸਰਕਾਰੀ ਹਸਪਤਾਲਾਂ ਵਿੱਚ ਉਪਲਬਧ ਮਿਆਰੀ ਸਿਹਤ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਅਤੇ ਐਸ.ਐਮ.ਓ. ਡਾ. ਪਰਮਿੰਦਰ ਕੌਰ ਨੇ ਆਰਥੋਪੈਡਿਕ ਟੀਮ ਨੂੰ ਇਸ ਸਫਲ ਸਰਜਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਅਤੇ ਐਮ.ਐਮ.ਐਸ.ਵਾਈ. ਤਹਿਤ ਯੋਗ ਲਾਭਪਾਤਰੀਆਂ ਨੂੰ ਬਿਨਾਂ ਕਿਸੇ ਵਿੱਤੀ ਬੋਝ ਦੇ ਇਲਾਜ ਅਤੇ ਵੱਖ-ਵੱਖ ਸਰਜਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਫਲ ਸਰਜਰੀਆਂ ਲੋਕਾਂ ਦਾ ਸਰਕਾਰੀ ਸਿਹਤ ਸੰਸਥਾਵਾਂ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਕਰਨ ਵਿੱਚ ਵੀ ਸਹਾਇਕ ਹਨ।
ਇਸ ਮੌਕੇ ਡਾ. ਸੁਰਿੰਦਰ, ਡਾ. ਅੰਨੂ ਪ੍ਰੀਯਾ, ਸਟਾਫ ਮੈਂਬਰ ਜਸਵਿੰਦਰ ਕੌਰ, ਇਕਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।
Posted By: Gaurav Maria