Nazrana Times

ਪੰਜਾਬੀ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਘੱਲੂਘਾਰਾ ਸਮਾਗਮ 'ਚ ਜਬਰਦਸਤ ਨਾਅਰੇਬਾਜ਼ੀ ਅਤੇ ਸ਼ਾਨਦਾਰ ਪ੍ਰਦਰਸ਼ਨ

06 Jun, 2025 08:39 PM

ਖ਼ਾਲਿਸਤਾਨ ਦਾ ਸੂਰਜ ਲਾਜ਼ਮੀ ਚੜ੍ਹੇਗਾ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਅੰਮ੍ਰਿਤਸਰ, 6 ਜੂਨ ,ਨਜ਼ਰਾਨਾ ਟਾਈਮਜ ਬਿਊਰੋ

ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਜੂਨ 1984 ਦੇ ਘੱਲੂਘਾਰੇ ਦੀ 41ਵੇਂ ਵਰ੍ਹੇਗੰਢ 'ਤੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮਾਗਮ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਖ਼ਾਲਿਸਤਾਨ ਦੇ ਪੱਖ 'ਚ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ ਤੇ ਇਸ ਦੌਰਾਨ ਨੌਜਵਾਨਾਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਹੱਥਾਂ 'ਚ ਫੜ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਹਨਾਂ ਪੋਸਟਰਾਂ ਉੱਤੇ ਪੰਜਾਬੀ ਤੇ ਅੰਗਰੇਜ਼ੀ 'ਚ ਵੱਖ-ਵੱਖ ਸੁਨੇਹੇ ਵੀ ਲਿਖੇ ਹੋਏ ਸਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਤੇ ਭਾਈ ਅੰਗਦ ਸਿੰਘ ਖ਼ਾਲਸਾ ਨੇ ਕਿਹਾ ਕਿ ਜੂਨ 1984 ਦੇ ਹਮਲੇ ਤੋਂ ਬਾਅਦ ਪੰਜਾਬ ਅੰਦਰ ਬਹੁਤ ਉਥਲ-ਪੁਥਲ ਹੋਈ। ਰਾਜਨੀਤੀ 'ਚ ਵੀ ਵੱਡੀ ਤਬਦੀਲੀ ਆਈ, ਰਾਜਨੀਤਕ ਸਮੀਕਰਨ ਵੀ ਬਦਲੇ ਪਰ ਇਹ ਸਭ ਘੱਲੂਘਾਰੇ ਦੇ ਜ਼ਖ਼ਮਾਂ ਨੂੰ ਭਰ ਨਹੀਂ ਸਕੇ।

 ਦਹਾਕੇ ਬੀਤਣ ਦੇ ਬਾਅਦ ਵੀ ਜ਼ਖ਼ਮ ਹਰੇ ਹਨ, ਸਾਡੀ ਅੱਜ ਵੀ ਪੀੜ ਸੱਜਰੀ ਤੇ ਅਜ਼ਾਦੀ ਸੰਘਰਸ਼ ਜਾਰੀ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਹੌਲਨਾਕ ਹਮਲੇ ਦਾ ਪ੍ਰਭਾਵ ਦੁਨੀਆਂ ਪੱਧਰ ਉੱਤੇ ਅੱਜ ਵੀ ਵੇਖਣ ਨੂੰ ਮਿਲਦਾ ਹੈ, ਸਿੱਖ ਕੌਮ ਨੇ ਹਿੰਦੂਤਵ ਨੂੰ ਇਸ ਵਹਿਸ਼ੀ ਕਾਰੇ ਲਈ ਕਦੇ ਮੁਆਫ਼ ਨਹੀਂ ਕਰਨਾ। ਇਸ ਘੱਲੂਘਾਰੇ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ, ਦਰਬਾਰ ਸਾਹਿਬ 'ਤੇ ਹਮਲਾ ਭਾਜਪਾ ਨੇ ਮੰਗਿਆ ਅਤੇ ਕਾਂਗਰਸ ਨੇ ਕੀਤਾ ਤੇ ਹਿੰਦੂਤਵ ਨੇ ਖ਼ੁਸ਼ੀ ਮਨਾਈ ਸੀ। ਜਾਗਦੀ ਜਮੀਰ ਵਾਲੇ ਸਿੱਖਾਂ ਨੇ ਉਸ ਭਾਰਤੀ ਸਟੇਟ ਨੂੰ ਰੱਦ ਕਰ ਦਿੱਤਾ ਹੈ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਬਾਬਾ ਠਾਹਰਾ ਸਿੰਘ ਤੇ ਹਜ਼ਾਰਾਂ ਸੰਗਤਾਂ ਨੂੰ ਸ਼ਹੀਦ ਕੀਤਾ। ਸਿੱਖ ਅਜਿਹਾ ਰਾਜ-ਭਾਗ ਸਿਰਜਣਾ ਚਾਹੁੰਦੇ ਨੇ ਜਿੱਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ, ਧਰਮ ਪ੍ਰਫੁੱਲਤ ਹੋਵੇ, ਮਾਂ-ਬੋਲੀ ਨੂੰ ਕੋਈ ਛੁਟਿਆਉਣ ਦਾ ਯਤਨ ਨਾ ਕਰੇ, ਧਰਮ ਸਥਾਨਾਂ ਤੇ ਧਰਮ ਗ੍ਰੰਥਾਂ 'ਤੇ ਹਮਲੇ ਨਾ ਹੋਣ, ਕੁਦਰਤੀ ਸ੍ਰੋਤਾਂ ਲੁੱਟੇ ਨਾ ਜਾਣ ਤੇ ਧਾਰਮਿਕ ਮਾਮਲਿਆਂ 'ਚ ਕੋਈ ਦਖ਼ਲ-ਅੰਦਾਜੀ ਨਾ ਕਰ ਸਕੇ।

 ਗੁਰਧਾਮਾਂ ਦੀ ਅਜ਼ਮਤ ਦੀ ਰਾਖੀ ਕਰਦਿਆਂ ਅਤੇ ਕੌਮੀ ਹੱਕਾਂ ਤੇ ਅਜ਼ਾਦੀ ਲਈ ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ ਉਹ ਸਾਡੇ ਨਾਇਕ ਹਨ, ਸਿੱਖ ਕੌਮ ਆਪਣੇ ਸ਼ਹੀਦਾਂ ਦੇ ਨਿਸ਼ਾਨੇ 'ਤੇ ਪਹਿਰਾ ਦੇਣ ਲਈ ਸੰਘਰਸ਼ਸ਼ੀਲ ਹੈ, ਖ਼ਾਲਿਸਤਾਨ ਦਾ ਸੂਰਜ ਲਾਜ਼ਮੀ ਚੜ੍ਹੇਗਾ। ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਖ਼ਤਾਂ ਦੇ ਜਥੇਦਾਰ ਮਰਯਾਦਾ ਅਤੇ ਵਿਧੀ-ਵਿਧਾਨ ਅਨੁਸਾਰ ਨਾ ਲਾਉਣ ਅਤੇ ਹਟਾਉਣ ਕਰਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਭਾਰੀ ਅਪਮਾਨ ਹੋਇਆ ਹੈ। ਇਸ ਮੌਕੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਧਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ, ਭਾਈ ਹਰਪ੍ਰੀਤ ਸਿੰਘ ਬੰਟੀ, ਬੀਬੀ ਕੁਲਵਿੰਦਰ ਕੌਰ ਤੁਗਲਵਾਲਾ ਆਦਿ ਹਾਜ਼ਰ ਸਨ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #