Nazrana Times

ਪੰਜਾਬੀ

ਦੁਨੀਆ ਦੇ ਲੋਕੋ ਦੇਖੋ ਸਾਡਾ ਮੁਸੀਬਤਾਂ ਵਿਚ ਜੇਰਾ ਪੰਜਾਬ ਜ਼ਖਮੀ ਹੈ ਪਰ ਹਾਰਿਆ ਨਹੀਂ

09 Sep, 2025 12:45 AM

ਹੜਾਂ ਦੇ ਸੰਕਟ ਵਿਚ ਸਿੱਖ ਪੰਥ ਚੜ੍ਹਦੀ ਕਲਾ ਵਿਚ

ਸਿਖਾਂ ਦੀ ਚੜ੍ਹਦੀਕਲਾ ਦਾ ਰਾਜ: ਮੁਸੀਬਤਾਂ ਵਿਚ ਵੀ ਸੇਵਾ ਦੀ ਜੋਤ 

 ਬਲਵਿੰਦਰ ਪਾਲ ਸਿੰਘ ਪ੍ਰੋਫੈਸਰ 

ਪੰਜਾਬ, ਸਾਡਾ ਪਿਆਰਾ ਪੰਜਾਬ, ਜਿਥੇ ਨਦੀਆਂ ਦੇ ਕਿਨਾਰਿਆਂ ਨੇ ਜਨਮ ਦਿੱਤਾ ਸੀ ਸਭਿਅਤਾ ਨੂੰ, ਅੱਜ ਹੜਾਂ ਕਾਰਣ ਉਹੀ ਨਦੀਆਂ ਦੇ ਉਛਾਲਿਆਂ ਨੇ ਤਬਾਹੀ ਮਚਾਈ ਹੋਈ ਹੈ। ਸੜਕਾਂ ਵਹਿ ਗਈਆਂ, ਘਰ ਡੁੱਬ ਗਏ, ਖਾਣ-ਪੀਣ ਦੀਆਂ ਵਸਤਾਂ ਦੀ ਕਮੀ ਨੇ ਪੰਜਾਬੀਆਂ ਦੇ ਸਾਹਸ ਨੂੰ ਝੰਜੋੜਿਆ ਹੈ। ਪਰ ਇਸ ਸਾਰੇ ਦੁੱਖ-ਦਰਦ ਵਿਚਕਾਰ, ਸਿਖਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਨਹੀਂ, ਸਗੋਂ ਚੜ੍ਹਦੀਕਲਾ ਦੀ ਚਮਕ ਦਿਸਦੀ ਹੈ। ਸੋਸ਼ਲ ਮੀਡੀਆ ’ਤੇ ਵੀਡੀਓਜ਼ ਵੇਖ ਕੇ ਦੁਨੀਆ ਹੈਰਾਨ ਹੈ। ਜਿਹੜੇ ਸਿਖਾਂ ਦੇ ਘਰ-ਬਾਰ ਪਾਣੀ ਵਿਚ ਡੁੱਬੇ, ਜਿਨ੍ਹਾਂ ਦੇ ਸਿਰ ’ਤੇ ਛੱਤ ਨਹੀਂ, ਉਹ ਵੀ ਨਾ ਸਿਰਫ ਮੁਸਕਰਾਉਂਦੇ ਨੇ, ਸਗੋਂ ਦੂਜਿਆਂ ਦੀ ਮਦਦ ਲਈ ਦੌੜ ਰਹੇ ਨੇ। ਚਾਹ, ਪਾਣੀ, ਗਰਮ ਦੁੱਧ, ਲੰਗਰ—ਇਹ ਸਭ ਸਿਖ ਭਾਈਚਾਰੇ ਦੀ ਸੇਵਾ ਦਾ ਹਿੱਸਾ ਹੈ। ਅਜਿਹਾ ਕੀ ਹੈ ਸਿਖਾਂ ਦੀ ਰੂਹ ਵਿਚ, ਜੋ ਉਹ ਦੁਖਾਂ ਦੇ ਤੂਫਾਨ ਵਿਚ ਵੀ ਅਰਦਾਸ ਕਰਦੇ ਹਨ, ਜੋ ਉਹ ਆਪਣੇ ਦੁਖ ਭੁੱਲ ਕੇ ਦੂਜਿਆਂ ਦੀ ਸੇਵਾ ਵਿਚ ਜੁਟ ਜਾਂਦੇ ਹਨ? ਇਸ ਸ਼ਕਤੀ ਦਾ ਰਾਜ ਕੀ ਹੈ? ਸਿਖੀ ਦੀ ਰੂਹ: ਸੇਵਾ, ਸਿਮਰਨ ਅਤੇ ਸੰਗਤ ਸਿਖੀ ਕੋਈ ਸਿਰਫ ਮਜ਼ਹਬ ਨਹੀਂ, ਇਹ ਗੁਰਮਤਿ ਧਰਮ ਦੀ ਜੀਵਨ ਜਾਚ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਸੀ—‘‘ਕਿਰਤ ਕਰੋ, ਨਾਮ ਜਪੋ, ਵੰਡ ਛਕੋ।’’ ਇਹ ਤਿੰਨ ਸਿਧਾਂਤ ਸਿਖ ਦੀ ਜ਼ਿੰਦਗੀ ਦਾ ਆਧਾਰ ਹਨ। ਬੁਰੇ ਵਕਤ ਵਿਚ ਵੀ ਸਿਖ ਦੀ ਰੂਹ ਵਿਚ ਚੜ੍ਹਦੀਕਲਾ ਦੀ ਜੋਤ ਜਗਦੀ ਹੈ, ਕਿਉਂਕਿ ਗੁਰੂ ਸਾਹਿਬ ਨੇ ਸਿਖਾਇਆ ਹੈ ਕਿ ਦੁੱਖ ਵੀ ਵਾਹਿਗੁਰੂ ਦੀ ਦੇਣ ਹੈ। ਇਸੇ ਕਰਕੇ ਸਿਖ ਬੁਰੇ ਵਕਤ ਵਿਚ ਵੀ ਹੌਂਸਲਾ ਨਹੀਂ ਛੱਡਦੇ। ਜਦੋਂ ਹੜ੍ਹ ਨੇ ਪੰਜਾਬ ਨੂੰ ਘੇਰਿਆ, ਤਾਂ ਸਿਖਾਂ ਨੇ ਆਪਣੇ ਦੁੱਖ ਨੂੰ ਪਾਸੇ ਰੱਖਿਆ ਅਤੇ ਸੰਗਤ ਦੀ ਸੇਵਾ ਵਿਚ ਜੁਟ ਗਏ। ਇਹ ਸੇਵਾ-ਭਾਵ ਸਿਖੀ ਦੀ ਰੀੜ੍ਹ ਦੀ ਹੱਡੀ ਹੈ। ਗੁਰੂ ਸਾਹਿਬ ਨੇ ਸਿਖ ਨੂੰ ਸਿਖਾਇਆ ਕਿ ਸੇਵਾ ਸਿਰਫ ਦੁੱਖੀਆਂ ਦੀ ਮਦਦ ਨਹੀਂ, ਸਗੋਂ ਵਾਹਿਗੁਰੂ ਨਾਲ ਜੁੜਨ ਦਾ ਜਰੀਆ ਹੈ। ਲੰਗਰ: ਸਿਖੀ ਦੀ ਸੇਵਾ ਦਾ ਪ੍ਰਤੀਕ ਜਦੋਂ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿਚ ਪਾਣੀ ਨੇ ਤਬਾਹੀ ਮਚਾਈ, ਤਾਂ ਸਿਖ ਸੰਗਤਾਂ ਨੇ ਲੰਗਰ ਲਾਏ। ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਿਚ ਦਿਸਦਾ ਹੈ ਕਿ ਸੜਕਾਂ ’ਤੇ, ਪਾਣੀ ਵਿਚਕਾਰ, ਸਿਖ ਭਾਈਚਾਰਾ ਲੰਗਰ ਵਰਤਾ ਰਿਹਾ ਹੈ। ਗੁਰਦੁਆਰਿਆਂ ਵਿਚ, ਟਰੱਕਾਂ ’ਤੇ, ਛੋਟੇ-ਛੋਟੇ ਟੈਂਟਾਂ ਵਿਚ—ਹਰ ਥਾਂ ਸੇਵਕ ਚਾਹ, ਰੋਟੀ, ਸਬਜ਼ੀ, ਦੁੱਧ ਅਤੇ ਪਾਣੀ ਵੰਡਦੇ ਨਜ਼ਰ ਆਉਂਦੇ ਹਨ। ਮੈਡੀਕਲ ਕੈਂਪ ਲਗ ਰਹੇ ਹਨ।ਇਹ ਲੰਗਰ ਸਿਰਫ ਭੁੱਖ ਮਿਟਾਉਣ ਦਾ ਸਾਧਨ ਨਹੀਂ, ਸਗੋਂ ਸਮਾਜ ਨੂੰ ਜੋੜਨ ਦਾ ਪੁੱਲ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਲੰਗਰ ਦੀ ਪ੍ਰੰਪਰਾ ਨੂੰ ਸਥਾਪਤ ਕੀਤਾ ਸੀ, ਜਿਥੇ ਸਾਰੇ—ਅਮੀਰ-ਗਰੀਬ, ਉੱਚ-ਨੀਚ—ਇਕ ਸਾਰ ਬੈਠ ਕੇ ਛਕਦੇ ਹਨ। ਅੱਜ ਵੀ ਇਹ ਪ੍ਰੰਪਰਾ ਜਾਰੀ ਹੈ। ਹੜ੍ਹ ਦੀ ਮਾਰ ਹੇਠ ਵੀ ਸਿਖ ਸੰਗਤ ਨੇ ਇਸ ਪ੍ਰੰਪਰਾ ਨੂੰ ਜਿਉਂਦਾ ਰੱਖਿਆ। ਸੰਗਤ ਦੀ ਸ਼ਕਤੀ: ਇਕ ਦੂਜੇ ਦਾ ਸਾਥ ਸਿਖੀ ਵਿਚ ਸੰਗਤ ਦੀ ਵੱਡੀ ਮਹੱਤਤਾ ਹੈ। ਸੰਗਤ ਸਿਰਫ ਇਕੱਠ ਨਹੀਂ, ਸਗੋਂ ਇਕ-ਦੂਜੇ ਨੂੰ ਹੌਂਸਲਾ ਦੇਣ ਵਾਲੀ ਸ਼ਕਤੀ ਹੈ। ਜਦੋਂ ਹੜ੍ਹ ਨੇ ਪੰਜਾਬ ਨੂੰ ਘੇਰਿਆ, ਤਾਂ ਸਿਖ ਸੰਗਤਾਂ ਨੇ ਇਕ-ਦੂਜੇ ਦਾ ਹੱਥ ਫੜਿਆ। ਨਾ ਸਿਰਫ ਪੰਜਾਬ ਦੇ ਸਿਖ, ਸਗੋਂ ਵਿਦੇਸ਼ਾਂ ਵਿਚ ਵਸਦੇ ਸਿਖ ਵੀ ਮਦਦ ਲਈ ਪੰਜਾਬ ਪਹੁੰਚੇ। ਯੂਨੀਈਟਿਡ ਸਿਖਸ,ਖਾਲਸਾ ਏਡ ,ਸ੍ਰੋਮਣੀ ਕਮੇਟੀ ,ਹੋਰ ਸਿਖ ਸੰਸਥਾਵਾਂ , ਸਥਾਨਕ ਸੇਵਕ ਅਤੇ ਸੰਗਤਾਂ ਨੇ ਮਦਦ ਦੇ ਕਾਫਲੇ ਤਿਆਰ ਕੀਤੇ। ਇਹ ਸੰਗਤ ਦੀ ਸ਼ਕਤੀ ਹੈ, ਜੋ ਸਿਖ ਨੂੰ ਦੁੱਖ ਵਿਚ ਵੀ ਚੜ੍ਹਦੀਕਲਾ ਵਿਚ ਰੱਖਦੀ ਹੈ। ਸਿਖੀ ਸਿਖਾਉਂਦੀ ਹੈ ਕਿ ਸੰਗਤ ਵਿਚ ਰਹਿ ਕੇ ਹੀ ਵਾਹਿਗੁਰੂ ਦੀ ਕਿਰਪਾ ਮਿਲਦੀ ਹੈ। ਇਸੇ ਕਰਕੇ ਸਿਖ ਆਪਣੇ ਦੁੱਖ ਨੂੰ ਭੁੱਲ ਕੇ ਸੰਗਤ ਦੀ ਸੇਵਾ ਵਿਚ ਜੁਟ ਜਾਂਦੇ ਹਨ। ਮੁਸਲਮਾਨ ਭਾਈਚਾਰੇ ਦਾ ਸਾਥ ਹੜ੍ਹ ਦੀ ਇਸ ਤਬਾਹੀ ਵਿਚ ਸਿਖਾਂ ਦੀ ਮਦਦ ਲਈ ਮੁਸਲਮਾਨ ਭਾਈਚਾਰਾ ਵੀ ਅੱਗੇ ਆਇਆ। ਇਹ ਗੱਲ ਸਿਖੀ ਦੀ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਹੋਰ ਪ੍ਰਗਟ ਕਰਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਾਇਆ ਸੀ ਕਿ ਸਾਰਾ ਜਗਤ ਇਕ ਪਰਿਵਾਰ ਹੈ। ਇਸੇ ਸਿਧਾਂਤ ’ਤੇ ਚੱਲਦਿਆਂ, ਯੂਪੀ ਤੇ ਪੰਜਾਬ ਦੇ ਮੁਸਲਮਾਨ ਭਾਈਚਾਰੇ ਨੇ ਸਿਖਾਂ ਦੀ ਮਦਦ ਲਈ ਹੱਥ ਵਧਾਇਆ। ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਿਚ ਦਿਸਦਾ ਹੈ ਕਿ ਮੁਸਲਮਾਨ ਭਾਈ ਲੰਗਰ ਵੰਡਣ, ਪਾਣੀ ਦੀਆਂ ਬੋਤਲਾਂ ਪਹੁੰਚਾਉਣ ਅਤੇ ਰਾਹਤ ਸਮੱਗਰੀ ਦੇਣ ਵਿਚ ਸਿਖ ਸੰਗਤ ਨਾਲ ਮੋਢੇ ਨਾਲ ਮੋਢਿ ਜੋੜ ਕੇ ਖੜ੍ਹੇ ਹਨ। ਇਹ ਸਾਂਝ ਸਿਰਫ ਇਕ ਧਰਮ ਦੀ ਨਹੀਂ, ਸਗੋਂ ਮਨੁੱਖਤਾ ਦੀ ਜਿੱਤ ਹੈ। ਚੜ੍ਹਦੀਕਲਾ ਦਾ ਅਸਲੀ ਰਾਜ ਸਿਖਾਂ ਦੀ ਚੜ੍ਹਦੀਕਲਾ ਦਾ ਰਾਜ ਹੈ—ਗੁਰਬਾਣੀ ਅਤੇ ਗੁਰੂ ਦੀ ਸਿਖਿਆ। ਗੁਰਬਾਣੀ ਸਿਖ ਨੂੰ ਸਿਖਾਉਂਦੀ ਹੈ: ‘‘ਦੀਨ ਦਇਆਲ ਭਰੋਸੇ ਤੇਰੇ॥ ਸਭੁ ਪਰਵਾਰੁ ਚੜ੍ਹਾਇਆ ਬੇੜ੍ਹੇ॥ (ਪੰਨਾਂ-੩੩੭)’ ਸਿਖ ਵਾਹਿਗੁਰੂ ’ਤੇ ਭਰੋਸਾ ਰੱਖਦਾ ਹੈ। ਉਹ ਜਾਣਦਾ ਹੈ ਕਿ ਦੁੱਖ ਵੀ ਅਸਥਾਈ ਹੈ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਸੰਭਵ ਹੈ। ਇਸੇ ਕਰਕੇ ਸਿਖ ਦੁੱਖ ਵਿਚ ਵੀ ਅਰਦਾਸ ਕਰਦਾ ਹੈ, ਸੇਵਾ ਕਰਦਾ ਹੈ ਅਤੇ ਸੰਗਤ ਦਾ ਸਾਥ ਦਿੰਦਾ ਹੈ। ਸਿਖੀ ਦੀ ਇਹ ਸ਼ਕਤੀ ਸਿਰਫ ਪੰਜਾਬ ਤੱਕ ਸੀਮਤ ਨਹੀਂ। ਵਿਦੇਸ਼ਾਂ ਵਿਚ ਵਸਦੇ ਸਿਖ ਵੀ ਇਸੇ ਭਾਵਨਾ ਨਾਲ ਜੁੜੇ ਹਨ। ਜਦੋਂ ਪੰਜਾਬ ਵਿਚ ਹੜ੍ਹ ਆਇਆ, ਤਾਂ ਵਿਦੇਸ਼ੀ ਸਿਖ ਸੰਗਤਾਂ ਨੇ ਫੰਡ, ਸਮੱਗਰੀ ਅਤੇ ਸੇਵਕ ਭੇਜੇ। ਇਹ ਸਿਖੀ ਦੀ ਸਰਬੱਤ ਦੇ ਭਲੇ ਦੀ ਭਾਵਨਾ ਹੈ, ਜੋ ਸਮੇਂ-ਸਮੇਂ ’ਤੇ ਸਾਹਮਣੇ ਆਉਂਦੀ ਹੈ। ਸੋਸ਼ਲ ਮੀਡੀਆ ’ਤੇ ਸਿਖੀ ਦੀ ਚਮਕ ਸੋਸ਼ਲ ਮੀਡੀਆ ਨੇ ਸਿਖਾਂ ਦੀ ਇਸ ਸੇਵਾ-ਭਾਵਨਾ ਨੂੰ ਦੁਨੀਆਂ ਸਾਹਮਣੇ ਲਿਆਂਦਾ। ਵੀਡੀਓਜ਼ ਵਿਚ ਦਿਸਦਾ ਹੈ ਕਿ ਸਿਖ ਸੇਵਕ ਪਾਣੀ ਵਿਚਕਾਰ ਖੜ੍ਹੇ ਹੋ ਕੇ ਲੰਗਰ ਵੰਡ ਰਹੇ ਹਨ। ਕੋਈ ਬਜ਼ੁਰਗ ਬੀਬੀ ਰੋਟੀ ਬਣਾ ਰਹੀ ਹੈ, ਕੋਈ ਨੌਜਵਾਨ ਟਰੱਕ ’ਤੇ ਸਮਾਨ ਪਹੁੰਚਾ ਰਿਹਾ ਹੈ। ਇਹ ਦ੍ਰਿਸ਼ ਦੁਨੀਆਂ ਨੂੰ ਹੈਰਾਨ ਕਰਦੇ ਹਨ। ਲੋਕ ਸਵਾਲ ਪੁੱਛਦੇ ਹਨ—ਇਹ ਸ਼ਕਤੀ ਕਿੱਥੋਂ ਆਉਂਦੀ ਹੈ? ਜਵਾਬ ਸਪਸ਼ਟ ਹੈ: ਇਹ ਸ਼ਕਤੀ ਗੁਰੂ ਦੀ ਦੇਣ ਹੈ। ਸਤਿਗੁਰੂ ਨਾਨਕ ਆਪ ਸਿਖ ਪੰਥ ਵਿਚ ਵਿਛਰ ਰਿਹਾ ਹੈ।ਸਿਖੀ ਸਿਖਾਉਂਦੀ ਹੈ ਕਿ ਸੇਵਾ ਵਿਚ ਵਾਹਿਗੁਰੂ ਵਸਦਾ ਹੈ। ਜਦੋਂ ਸਿਖ ਸੇਵਾ ਕਰਦਾ ਹੈ, ਤਾਂ ਉਹ ਵਾਹਿਗੁਰੂ ਨਾਲ ਜੁੜਦਾ ਹੈ। ਪੰਜਾਬ ਦੇ ਹੜ੍ਹ ਨੇ ਸਿਖਾਂ ਦੀ ਚੜ੍ਹਦੀਕਲਾ ਨੂੰ ਇਕ ਵਾਰ ਫਿਰ ਸਾਹਮਣੇ ਲਿਆਂਦਾ। ਸਿਖੀ ਦੀ ਸੇਵਾ, ਸਿਮਰਨ ਅਤੇ ਸੰਗਤ ਦੀ ਭਾਵਨਾ ਨੇ ਸਿਰਫ ਪੰਜਾਬ ਨੂੰ ਹੀ ਨਹੀਂ, ਸਗੋਂ ਪੂਰੀ ਦੁਨੀਆਂ ਨੂੰ ਸੁਨੇਹਾ ਦਿੱਤਾ ਕਿ ਦੁੱਖ ਵਿਚ ਵੀ ਮੁਸਕਰਾਉਣ ਦੀ ਕਲਾ ਸਿਖੀ ਸਿਖਾਉਂਦੀ ਹੈ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ—ਇਹ ਜੈਕਾਰਾ ਸਿਰਫ ਸ਼ਬਦ ਨਹੀਂ, ਸਗੋਂ ਜੀਵਨ ਦੀ ਰਾਹ ਦੀ ਪਹਿਚਾਣ ਹੈ। ਸਿਖਾਂ ਦੀ ਇਸ ਸ਼ਕਤੀ ਦਾ ਰਾਜ ਹੈ—ਗੁਰੂ ਦੀ ਕਿਰਪਾ, ਸੰਗਤ ਦੀ ਸਾਂਝ ਅਤੇ ਸੇਵਾ ਦੀ ਜੋਤ #

                                                                ਬਲਵਿੰਦਰ ਪਾਲ ਸਿੰਘ ਪ੍ਰੋਫੈਸਰ 



Posted By: GURBHEJ SINGH ANANDPURI

Latest News

Loading…
Loading the web debug toolbar…
Attempt #