ਖੇਤਰੀ ਸ਼ਾਂਤੀ ਤੇ ਖੁਸ਼ਹਾਲੀ ਲਈ ਟਕਰਾਅ ਦੀ ਥਾਂ ਸਹਿਯੋਗ ਚੁਣੇ SCO: PM ਸ਼ਹਿਬਾਜ਼ ਸ਼ਰੀਫ਼
ਪਾਕਿਸਤਾਨ ਵੱਲੋਂ SCO ਲਈ AI ਗਵਰਨੈਂਸ ਫਰੇਮਵਰਕ ਦੀ ਤਜਵੀਜ਼; ਕਨੈਕਟੀਵਿਟੀ, ਊਰਜਾ ਤੇ ਵਿਕਾਸੀ ਸਹਿਯੋਗ ਵਧਾਉਣ ’ਤੇ ਜ਼ੋਰ
ਬਿਸ਼ਕੇਕ — ਨਜ਼ਰਾਨਾ ਟਾਈਮਜ਼ | ਅਲੀ ਇਮਰਾਨ ਚੱਠਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨੇ ਮੰਗਲਵਾਰ ਨੂੰ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਮੈਂਬਰ ਦੇਸ਼ਾਂ ਨੂੰ ਖੇਤਰੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਟਕਰਾਅ ਦੀ ਥਾਂ ਸਹਿਯੋਗ ਨੂੰ ਤਰਜੀਹ ਦੇਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਤਰੀ ਸੰਪਰਕ, ਊਰਜਾ ਪ੍ਰੋਜੈਕਟਾਂ, ਸੂਚਨਾ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI), ਗਰੀਬੀ ਘਟਾਉਣ, ਸਿਹਤ ਅਤੇ ਖੇਡਾਂ ਦੇ ਖੇਤਰਾਂ ਵਿੱਚ ਸਾਂਝੇ ਯਤਨਾਂ ਰਾਹੀਂ SCO ਦੇ ਵਿਕਾਸੀ ਏਜੰਡੇ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ।
ਬਿਸ਼ਕੇਕ ਵਿਖੇ SCO ਕੌਂਸਲ ਆਫ਼ ਹੈੱਡਜ਼ ਆਫ਼ ਸਟੇਟ ਦੀ 26ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ SCO ਖੇਤਰ ਵਿੱਚ ਅਸਾਧਾਰਣ ਸਮਰੱਥਾ ਮੌਜੂਦ ਹੈ, ਜਿਸ ਨੂੰ ਆਪਸੀ ਸਹਿਯੋਗ ਰਾਹੀਂ ਖੇਤਰੀ ਤਰੱਕੀ ਵਿੱਚ ਬਦਲਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ, “ਆਓ ਮਿਲ ਕੇ SCO ਦੇ ਵਿਜ਼ਨ ਨੂੰ ਅਮਲ, ਇਸ ਦੇ ਵਾਅਦੇ ਨੂੰ ਤਰੱਕੀ ਅਤੇ ਇਸ ਤਰੱਕੀ ਨੂੰ ਸਾਰਿਆਂ ਲਈ ਬਿਹਤਰ ਭਵਿੱਖ ਵਿੱਚ ਬਦਲੀਏ।”
ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਅਨਿਸ਼ਚਿਤਤਾ ਦੇ ਇਸ ਦੌਰ ਵਿੱਚ ਇਤਿਹਾਸ SCO ਨੂੰ ਅਜਿਹੀ ਸੰਸਥਾ ਵਜੋਂ ਯਾਦ ਕਰੇ, ਜਿਸ ਨੇ ਟਕਰਾਅ ਦੀ ਥਾਂ ਸਹਿਯੋਗ, ਵੰਡ ਦੀ ਥਾਂ ਗੱਲਬਾਤ, ਰੁਕਾਵਟਾਂ ਦੀ ਥਾਂ ਪੁਲ ਅਤੇ ਡਰ ਦੀ ਥਾਂ ਉਮੀਦ ਨੂੰ ਚੁਣਿਆ।
ਪਾਕਿਸਤਾਨ ਦੀ SCO ਚੇਅਰਮੈਨਸ਼ਿਪ ਲਈ ਤਰਜੀਹਾਂ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਆਪਣੀ ਆਉਣ ਵਾਲੀ SCO ਚੇਅਰਮੈਨਸ਼ਿਪ ਦੌਰਾਨ ਇੱਕ ਕਾਰਜ ਯੋਜਨਾ ਤਹਿਤ ਖੇਤਰੀ ਵਿਕਾਸ ਅਤੇ ਸਹਿਯੋਗ ਨਾਲ ਜੁੜੇ ਅਹਿਮ ਖੇਤਰਾਂ ਨੂੰ ਤਰਜੀਹ ਦੇਵੇਗਾ।
ਉਨ੍ਹਾਂ ਨੇ SCO Sovereign AI Infrastructure and Governance Framework ਸਥਾਪਤ ਕਰਨ ਦੀ ਤਜਵੀਜ਼ ਪੇਸ਼ ਕੀਤੀ, ਜਿਸ ਦਾ ਮਕਸਦ ਜ਼ਿੰਮੇਵਾਰ ਅਤੇ ਸਮਾਵੇਸ਼ੀ AI ਵਿਕਾਸ ਨੂੰ ਉਤਸ਼ਾਹਿਤ ਕਰਨਾ, ਡਿਜੀਟਲ ਪ੍ਰਭੂਸੱਤਾ ਨੂੰ ਮਜ਼ਬੂਤ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤਕਨੀਕੀ ਤਰੱਕੀ ਦੀ ਦੌੜ ਵਿੱਚ ਕੋਈ ਵੀ ਮੈਂਬਰ ਦੇਸ਼ ਪਿੱਛੇ ਨਾ ਰਹੇ।
ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਪਾਕਿਸਤਾਨ ਇਸਲਾਮਾਬਾਦ ਵਿੱਚ ਗਲੋਬਲ ਰੇਜ਼ੀਲੀਅੰਸ ਐਕਸਪੋ 2026-2027 ਦੀ ਮੇਜ਼ਬਾਨੀ ਕਰੇਗਾ। ਇਸ ਦਾ ਉਦੇਸ਼ ਖੇਤਰੀ ਆਫ਼ਤ ਪ੍ਰਬੰਧਨ, ਅਗਾਊਂ ਚੇਤਾਵਨੀ ਪ੍ਰਣਾਲੀਆਂ ਅਤੇ ਐਮਰਜੈਂਸੀ ਪ੍ਰਤੀਕਿਰਿਆ ਵਿੱਚ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ।
ਕਿਰਗਿਜ਼ਸਤਾਨ ਦੀ ਮੇਜ਼ਬਾਨੀ ਦੀ ਸ਼ਲਾਘਾ
ਸ਼ਹਿਬਾਜ਼ ਸ਼ਰੀਫ਼ ਨੇ ਸੰਮੇਲਨ ਦੀ ਮੇਜ਼ਬਾਨੀ ਲਈ ਕਿਰਗਿਜ਼ਸਤਾਨ ਦੇ ਰਾਸ਼ਟਰਪਤੀ ਸਾਦਿਰ ਝਾਪਾਰੋਵ ਦਾ ਧੰਨਵਾਦ ਕੀਤਾ ਅਤੇ ਕਿਰਗਿਜ਼ਸਤਾਨ ਦੀ SCO ਚੇਅਰਮੈਨਸ਼ਿਪ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ SCO ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ਮੌਕੇ ਪਾਕਿਸਤਾਨ ਨੂੰ ਇਸ ਸੰਗਠਨ ਦਾ ਹਿੱਸਾ ਹੋਣ ’ਤੇ ਮਾਣ ਹੈ। ਉਨ੍ਹਾਂ SCO ਦੇ ਸਫ਼ਰ ਨੂੰ ਇੱਕ ਨਾਜ਼ੁਕ ਬੂਟੇ ਤੋਂ ਵੱਡੇ ਦਰੱਖਤ ਤੱਕ ਦੇ ਵਿਕਾਸ ਨਾਲ ਤੁਲਨਾ ਕਰਦਿਆਂ ਕਿਹਾ ਕਿ ਇਹ ਸੰਗਠਨ ਖੇਤਰ ਵਿੱਚ ਸੁਰੱਖਿਆ ਅਤੇ ਸਥਿਰਤਾ ਲਈ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਖੇਤਰੀ ਸ਼ਾਂਤੀ ਲਈ ਪਾਕਿਸਤਾਨ ਦੀਆਂ ਕੂਟਨੀਤਕ ਕੋਸ਼ਿਸ਼ਾਂ
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਇਮਾਨਦਾਰ ਅਤੇ ਸੁਹਿਰਦ ਵਿਚੋਲੇ ਤੇ ਸਹੂਲਤਕਾਰ ਵਜੋਂ ਪਾਕਿਸਤਾਨ ਦੀਆਂ ਲਗਾਤਾਰ ਕੂਟਨੀਤਕ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਇਸਲਾਮਾਬਾਦ ਮੈਮੋਰੈਂਡਮ ਆਫ਼ ਅੰਡਰਸਟੈਂਡਿੰਗ ’ਤੇ ਦਸਤਖ਼ਤ ਹੋਏ ਹਨ। ਉਨ੍ਹਾਂ ਇਸ ਨੂੰ ਖੇਤਰ ਵਿੱਚ ਟਿਕਾਊ ਸ਼ਾਂਤੀ ਵੱਲ ਸਭ ਤੋਂ ਵਿਹਾਰਕ ਅਤੇ ਸਥਾਈ ਰਸਤਾ ਕਰਾਰ ਦਿੱਤਾ।
ਹਾਲ ਹੀ ਵਿੱਚ ਹੋਏ ਤ੍ਰਿਪੱਖੀ ਮੱਕਾ ਸਾਂਝੇ ਰੱਖਿਆ ਸਮਝੌਤੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰਭੂਸੱਤਾ, ਖੇਤਰੀ ਅਖੰਡਤਾ, ਸਾਂਝੀ ਸੁਰੱਖਿਆ ਅਤੇ ਖੇਤਰੀ ਸ਼ਾਂਤੀ ਪ੍ਰਤੀ ਸਾਂਝੀ ਵਚਨਬੱਧਤਾ ਦਾ ਪ੍ਰਗਟਾਵਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਮਝੌਤਾ ਬੁਨਿਆਦੀ ਤੌਰ ’ਤੇ ਰੱਖਿਆਤਮਕ ਹੈ ਅਤੇ ਕਿਸੇ ਵੀ ਦੇਸ਼ ਵਿਰੁੱਧ ਨਹੀਂ ਹੈ।
ਵਿਸ਼ਵ ਪੱਧਰੀ ਚੁਣੌਤੀਆਂ ਵਿਚਾਲੇ SCO ਦੀ ਅਹਿਮ ਭੂਮਿਕਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਵਿਸ਼ਵ ਸਥਿਤੀ ਵਧ ਰਹੇ ਭੂ-ਰਾਜਨੀਤਕ ਤਣਾਅ, ਟੁੱਟਦੀ ਵਿਸ਼ਵ ਅਰਥਵਿਵਸਥਾ, ਗੰਭੀਰ ਹੁੰਦੇ ਜਲਵਾਯੂ ਸੰਕਟ ਅਤੇ ਤੇਜ਼ ਤਕਨੀਕੀ ਤਬਦੀਲੀਆਂ ਨਾਲ ਪ੍ਰਭਾਵਿਤ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦਾ ਸਾਂਝੇ ਤੌਰ ’ਤੇ ਸਾਹਮਣਾ ਕਰਨ ਲਈ SCO ਆਪਣੇ ਮੈਂਬਰ ਦੇਸ਼ਾਂ ਦੇ ਸਮੂਹਿਕ ਸੰਕਲਪ ਦੀ ਨੁਮਾਇੰਦਗੀ ਕਰਦਾ ਹੈ।
ਸੰਯੁਕਤ ਰਾਸ਼ਟਰ ਅਤੇ SCO ਦੇ ਚਾਰਟਰਾਂ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਦੇ ਸ਼ੁਰੂ ਵਿੱਚ ਇੱਕ SCO ਮੈਂਬਰ ਦੇਸ਼ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੀ ਉਲੰਘਣਾ ਹੋਣ ’ਤੇ ਪਾਕਿਸਤਾਨ ਨੇ ਡਟ ਕੇ ਸ਼ਾਂਤੀ ਦੀ ਵਕਾਲਤ ਕੀਤੀ ਸੀ।
ਉਨ੍ਹਾਂ ਕਿਹਾ ਕਿ ਇਸ ਖੇਤਰੀ ਸੰਕਟ ਕਾਰਨ ਊਰਜਾ ਸਪਲਾਈ ਦੇ ਰਸਤਿਆਂ ਵਿੱਚ ਵਿਘਨ ਪਿਆ ਅਤੇ ਪਾਕਿਸਤਾਨ ਸਮੇਤ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰੀ ਆਰਥਿਕ ਕੀਮਤ ਚੁਕਾਉਣੀ ਪਈ।
ਗਾਜ਼ਾ ਅਤੇ ਫਲਸਤੀਨ ਦਾ ਮੁੱਦਾ ਵੀ ਚੁੱਕਿਆ
ਮੱਧ ਪੂਰਬ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਗਾਜ਼ਾ ਅਤੇ ਵੈਸਟ ਬੈਂਕ ਦੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਜਾਰੀ ਹਨ।
ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਫਲਸਤੀਨੀ ਲੋਕਾਂ ਅਤੇ ਹੋਰ ਪੀੜਤ ਕੌਮਾਂ ਨੂੰ ਸਵੈ-ਨਿਰਣੇ ਦਾ ਹੱਕ ਹਾਸਲ ਕਰਨ ਵਿੱਚ ਸਹਾਇਤਾ ਦਿੱਤੀ ਜਾਵੇ।
ਪਾਣੀ ਨੂੰ ਦਬਾਅ ਦੇ ਹਥਿਆਰ ਵਜੋਂ ਨਾ ਵਰਤਿਆ ਜਾਵੇ
ਖੇਤਰੀ ਜਲ ਸਰੋਤਾਂ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਇਸ ਖੇਤਰ ਦੀ ਜੀਵਨ ਰੇਖਾ ਹੈ ਅਤੇ ਇਸ ਨੂੰ ਕਦੇ ਵੀ ਹਥਿਆਰ, ਦਬਾਅ ਦੇ ਸਾਧਨ ਜਾਂ ਸਿਆਸੀ ਲਾਭ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਸਾਂਝੇ ਪਾਣੀਆਂ ਨਾਲ ਸਬੰਧਤ ਸੰਧੀਆਂ ਅੰਤਰਰਾਸ਼ਟਰੀ ਪੱਧਰ ’ਤੇ ਬੰਧਨਕਾਰੀ ਵਚਨਬੱਧਤਾਵਾਂ ਹਨ ਅਤੇ ਉਨ੍ਹਾਂ ਦਾ ਬਿਨਾਂ ਕਿਸੇ ਸ਼ਰਤ ਦੇ ਸਨਮਾਨ ਕੀਤਾ ਜਾਣਾ ਚਾਹੀਦਾ ਹੈ।
ਅੱਤਵਾਦ ਖ਼ਿਲਾਫ਼ ਲੜਾਈ ’ਚ ਪਾਕਿਸਤਾਨ ਨੇ ਗੁਆਈਆਂ 90 ਹਜ਼ਾਰ ਤੋਂ ਵੱਧ ਜਾਨਾਂ
ਪਾਕਿਸਤਾਨ ਦੀ ਅੱਤਵਾਦ ਵਿਰੋਧੀ ਲੜਾਈ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਢਾਈ ਦਹਾਕਿਆਂ ਦੌਰਾਨ ਦੇਸ਼ ਨੇ 90 ਹਜ਼ਾਰ ਤੋਂ ਵੱਧ ਜਾਨਾਂ ਦੀ ਕੁਰਬਾਨੀ ਦਿੱਤੀ ਹੈ, ਜਦਕਿ ਆਰਥਿਕ ਨੁਕਸਾਨ 150 ਅਰਬ ਅਮਰੀਕੀ ਡਾਲਰ ਤੋਂ ਵੱਧ ਰਿਹਾ ਹੈ।
ਉਨ੍ਹਾਂ ਕਿਹਾ ਕਿ SCO Regional Anti-Terrorist Structure (SCO RATS) ਦੇ ਚੇਅਰ ਵਜੋਂ ਪਾਕਿਸਤਾਨ ਨੇ ਖੇਤਰੀ ਅੱਤਵਾਦ ਵਿਰੋਧੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕੀਤਾ ਹੈ।
ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਕਿ ਜਦੋਂ ਤੱਕ ਅੱਤਵਾਦੀ ਤੱਤ ਅਫ਼ਗਾਨ ਧਰਤੀ ਦੀ ਵਰਤੋਂ ਪਾਕਿਸਤਾਨ ਅਤੇ ਹੋਰ ਗੁਆਂਢੀ ਦੇਸ਼ਾਂ ਵਿਰੁੱਧ ਹਮਲਿਆਂ ਲਈ ਕਰਦੇ ਰਹਿਣਗੇ, ਉਦੋਂ ਤੱਕ ਖੇਤਰ ਵਿੱਚ ਟਿਕਾਊ ਸ਼ਾਂਤੀ ਹਾਸਲ ਕਰਨਾ ਮੁਸ਼ਕਲ ਰਹੇਗਾ।
CPEC ਖੇਤਰੀ ਅਰਥਵਿਵਸਥਾਵਾਂ ਲਈ ਅਹਿਮ ਦਰਵਾਜ਼ਾ
ਖੇਤਰੀ ਕਨੈਕਟੀਵਿਟੀ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨ-ਪਾਕਿਸਤਾਨ ਆਰਥਿਕ ਗਲਿਆਰਾ (CPEC) ਖੇਤਰੀ ਅਰਥਵਿਵਸਥਾਵਾਂ ਨੂੰ ਅਰਬ ਸਾਗਰ ਨਾਲ ਜੋੜਨ ਵਾਲੇ ਅਹਿਮ ਦਰਵਾਜ਼ੇ ਵਜੋਂ ਆਪਣੀ ਭੂਮਿਕਾ ਨਿਭਾ ਰਿਹਾ ਹੈ।
ਉਨ੍ਹਾਂ ਟਰਾਂਸ-ਰੀਜਨਲ ਰੇਲਵੇ ਪ੍ਰੋਜੈਕਟਾਂ, ਸੜਕੀ ਸੰਪਰਕ ਪਹਿਲਕਦਮੀਆਂ ਅਤੇ ਖੇਤਰੀ ਊਰਜਾ ਯੋਜਨਾਵਾਂ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਨੇ SCO Development Strategy 2035 ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ SCO Development Bank ਦੀ ਸਥਾਪਨਾ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੋਵੇਗੀ।
ਉਨ੍ਹਾਂ ਕਿਹਾ ਕਿ ਗਰੀਬੀ ਘਟਾਉਣ ਬਾਰੇ SCO ਦੇ ਵਿਸ਼ੇਸ਼ ਵਰਕਿੰਗ ਗਰੁੱਪ ਦੇ ਸਥਾਈ ਚੇਅਰ ਵਜੋਂ ਪਾਕਿਸਤਾਨ ਖੇਤਰ ਵਿੱਚ ਸਮਾਜਿਕ ਸੁਰੱਖਿਆ ਅਤੇ ਸਮਾਵੇਸ਼ੀ ਵਿਕਾਸ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ।
ਟਕਰਾਅ ਦੀ ਥਾਂ ਸਹਿਯੋਗ ਅਤੇ ਡਰ ਦੀ ਥਾਂ ਉਮੀਦ ਚੁਣੀਏ: ਸ਼ਹਿਬਾਜ਼
ਆਪਣੇ ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਕਈ ਛੋਟੀਆਂ ਧਾਰਾਵਾਂ ਮਿਲ ਕੇ ਇੱਕ ਵਿਸ਼ਾਲ ਦਰਿਆ ਬਣਾਉਂਦੀਆਂ ਹਨ, ਉਸੇ ਤਰ੍ਹਾਂ SCO ਦੇਸ਼ਾਂ ਦੀ ਸਾਂਝੀ ਤਾਕਤ ਅਤੇ ਉਮੀਦਾਂ ਵਿੱਚ ਅਸੀਮ ਸੰਭਾਵਨਾਵਾਂ ਮੌਜੂਦ ਹਨ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਇਤਿਹਾਸ SCO ਨੂੰ ਅਜਿਹੀ ਸੰਸਥਾ ਵਜੋਂ ਯਾਦ ਕਰੇਗਾ, ਜਿਸ ਨੇ ਟਕਰਾਅ ਦੀ ਥਾਂ ਸਹਿਯੋਗ, ਵੰਡ ਦੀ ਥਾਂ ਸੰਵਾਦ, ਰੁਕਾਵਟਾਂ ਦੀ ਥਾਂ ਪੁਲ ਅਤੇ ਡਰ ਦੀ ਥਾਂ ਉਮੀਦ ਨੂੰ ਚੁਣਿਆ।
ਪ੍ਰਧਾਨ ਮੰਤਰੀ ਮੁਹੰਮਦ ਸ਼ਹਿਬਾਜ਼ ਸ਼ਰੀਫ਼ ਨੇ SCO ਕੌਂਸਲ ਆਫ਼ ਹੈੱਡਜ਼ ਆਫ਼ ਸਟੇਟ ਸੰਮੇਲਨ ਦੇ ਸਾਂਝੇ ਐਲਾਨਨਾਮੇ ’ਤੇ ਵੀ ਦਸਤਖ਼ਤ ਕੀਤੇ।
ਸੰਮੇਲਨ ਵਿੱਚ SCO ਦੇ ਮੈਂਬਰ ਦੇਸ਼ਾਂ ਦੇ ਰਾਸ਼ਟਰ ਮੁਖੀਆਂ ਅਤੇ ਸਰਕਾਰਾਂ ਦੇ ਮੁਖੀਆਂ ਸਮੇਤ SCO ਦੇ ਸਕੱਤਰ ਜਨਰਲ ਨੁਰਲਾਨ ਯੇਰਮੇਕਬਾਯੇਵ ਨੇ ਸ਼ਿਰਕਤ ਕੀਤੀ।
Posted By: Ali Imran Chattha