ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਤਰਨ ਤਾਰਨ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਉਣ ਦੀ ਸੇਵਾ ਜਾਰੀ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,23 ਸਤੰਬਰ
ਵਾਤਾਵਰਨ ਦੀ ਸੰਭਾਲ,ਪੰਜਾਬ ਦੀ ਧਰਤੀ ਨੂੰ ਹਰਿਆ-ਭਰਿਆ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਸਿਰਜਣ ਦੇ ਉਦੇਸ਼ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਰੁੱਖ ਲਗਾਉਣ ਦੀ ਸੇਵਾ ਨਿਰੰਤਰ ਜਾਰੀ ਹੈ। ਸੰਪਰਦਾਇ ਵੱਲੋਂ ਹਰ ਸਾਲ ਲਗਭਗ ਡੇਢ ਲੱਖ ਬੂਟੇ ਲਗਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ।ਇਸੇ ਲੜੀ ਤਹਿਤ ਵੱਖ-ਵੱਖ ਥਾਵਾਂ ’ਤੇ ਵੱਡੀ ਗਿਣਤੀ ਵਿੱਚ ਬੂਟੇ ਲਗਾਏ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਗੰਡੀਵਿੰਡ ਤੋਂ ਖਾਰਾ ਲਿੰਕ ਰੋਡ ਦੇ ਕਿਨਾਰਿਆਂ ’ਤੇ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਸੇਵਾਦਾਰਾਂ ਵੱਲੋਂ ਬੂਟੇ ਲਗਾਏ ਗਏ। ਸੇਵਾਦਾਰਾਂ ਨੇ ਖੁਦ ਮਿਹਨਤ ਕਰਦਿਆਂ ਟੋਏ ਪੁੱਟ ਕੇ ਪੌਦੇ ਲਗਾਏ ਅਤੇ ਉਨ੍ਹਾਂ ਨੂੰ ਪਾਣੀ ਦੇਣ ਤੇ ਸੰਭਾਲ ਕਰਨ ਦਾ ਪ੍ਰਬੰਧ ਵੀ ਕੀਤਾ। ਇਸ ਮੌਕੇ ਸੇਵਾਦਾਰਾਂ ਨੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਇਲਾਵਾ ਖੇਤੀ ਖੋਜ ਅਤੇ ਸਿਖਲਾਈ ਕੇਂਦਰ,ਬੂਹ (ਤਰਨ ਤਾਰਨ) ਵਿਖੇ ਵੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਰੁੱਖ ਲਗਾਉਣ ਦੀ ਸੇਵਾ ਕੀਤੀ ਗਈ। ਕੇਂਦਰ ਦੇ ਆਲੇ-ਦੁਆਲੇ ਅਤੇ ਖਾਲੀ ਥਾਵਾਂ ਵਿੱਚ ਵੱਖ-ਵੱਖ ਕਿਸਮਾਂ ਦੇ ਪੌਦੇ ਲਗਾਏ ਗਏ।ਇਸ ਮੌਕੇ ਸੇਵਾਦਾਰਾਂ ਅਤੇ ਸਹਿਯੋਗੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਪੌਦੇ ਲਗਾਉਣ ਦੇ ਨਾਲ-ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਲਈ ਵੀ ਯਤਨ ਕੀਤੇ।
ਇਸੇ ਤਰ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ,ਬੂਹ (ਤਰਨ ਤਾਰਨ) ਵਿਖੇ ਵੀ ਬੂਟੇ ਲਗਾਉਣ ਦੀ ਸੇਵਾ ਕੀਤੀ ਗਈ।ਖੇਤੀਬਾੜੀ ਨਾਲ ਸਬੰਧਤ ਇਸ ਖੇਤਰ ਵਿੱਚ ਰੁੱਖਾਂ ਦੀ ਗਿਣਤੀ ਵਧਾਉਣ ਦੇ ਮੰਤਵ ਨਾਲ ਸੇਵਾਦਾਰਾਂ ਵੱਲੋਂ ਮਸ਼ੀਨਰੀ ਅਤੇ ਖੇਤੀਬਾੜੀ ਦੇ ਸੰਦਾਂ ਦੀ ਮਦਦ ਨਾਲ ਪੌਦੇ ਲਗਾਏ ਗਏ। ਇਸ ਦੌਰਾਨ ਸੇਵਾਦਾਰਾਂ ਨੇ ਸੇਵਾ ਭਾਵਨਾ ਨਾਲ ਕੰਮ ਕਰਦਿਆਂ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ।
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਹਰ ਸਾਲ ਡੇਢ ਲੱਖ ਬੂਟੇ ਲਗਾਉਣ ਦਾ ਉਪਰਾਲਾ ਪੰਜਾਬ ਵਿੱਚ ਹਰਿਆਵਲੀ ਵਧਾਉਣ ਵੱਲ ਇੱਕ ਲਗਾਤਾਰ ਯਤਨ ਹੈ। ਰੁੱਖ ਵਾਤਾਵਰਨ ਨੂੰ ਸੰਤੁਲਿਤ ਰੱਖਣ,ਹਵਾ ਨੂੰ ਸਾਫ਼ ਕਰਨ ਅਤੇ ਤਾਪਮਾਨ ਨੂੰ ਨਿਯੰਤਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਸਿਰਫ਼ ਬੂਟੇ ਲਗਾਉਣਾ ਹੀ ਨਹੀਂ, ਸਗੋਂ ਉਨ੍ਹਾਂ ਦੀ ਨਿਰੰਤਰ ਸੰਭਾਲ ਕਰਨਾ ਵੀ ਜ਼ਰੂਰੀ ਹੈ।
ਸੰਪਰਦਾਇ ਵੱਲੋਂ ਸੰਗਤਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਘਰਾਂ,ਖੇਤਾਂ,ਸੜਕਾਂ ਦੇ ਕਿਨਾਰਿਆਂ ਅਤੇ ਜਨਤਕ ਥਾਵਾਂ ’ਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਲਗਾਏ ਗਏ ਪੌਦਿਆਂ ਦੀ ਸੰਭਾਲ ਨੂੰ ਆਪਣੀ ਜ਼ਿੰਮੇਵਾਰੀ ਸਮਝਣ। ਇਸ ਤਰ੍ਹਾਂ ਸਾਂਝੇ ਯਤਨਾਂ ਨਾਲ ਪੰਜਾਬ ਦੀ ਧਰਤੀ ਨੂੰ ਹੋਰ ਹਰਾ-ਭਰਾ ਅਤੇ ਸੁੰਦਰ ਬਣਾਇਆ ਜਾ ਸਕਦਾ ਹੈ।
Posted By: GURBHEJ SINGH ANANDPURI