Nazrana Times

ਪੰਜਾਬੀ

ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਗੁਰਬਾਣੀ ਕੰਠ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ

13 Nov, 2026 05:11 PM

ਬਿੰਦਰ ਸਿੰਘ ਖੁੱਡੀ ਕਲਾਂ 
ਮੁਕਤਸਰ ਸਾਹਿਬ ,13 ਨਵੰਬਰ 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਿਰੋਲ ਸੇਵਾ ਆਰਗਨਾਈਜ਼ੇਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਏ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲਿਆਂ 'ਚ 25 ਹਜ਼ਾਰ ਬੱਚਿਆਂ ਨੇ ਜਪੁਜੀ ਸਾਹਿਬ ਦਾ ਪਾਠ ਅਰਥਾਂ ਸਮੇਤ ਕੰਠ ਕੀਤਾ ਹੈ। ਇਸ ਮੌਕੇ ਬੱਚਿਆਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ, ਸਭ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਹੋਣ ਦੀ ਮਹੱਤਤਾ ਬਾਰੇ ਦੱਸਿਆ ਅਤੇ ਨਾਲ ਹੀ ਗੁਰੂ ਸਿਧਾਂਤਾਂ ਮੁਤਾਬਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਸਭ ਨੂੰ ਮਾਂ ਬੋਲੀ ਪੰਜਾਬੀ ਨਾਲ ਪਿਆਰ ਕਰਨ ਅਤੇ ਪੰਜਾਬੀ ਬੋਲਣ ਲੱਗੇ ਮਾਣ ਮਹਿਸੂਸ ਕਰਨ ਦੀ ਗੱਲ ਆਖੀ। ਸਾਰੇ ਬੱਚਿਆਂ ਨੂੰ ਪੰਜਾਬ ਵਿੱਚ ਰਹਿ ਕੇ ਚੰਗੀ ਪੜ੍ਹਾਈ ਕਰਨ ਅਤੇ ਉੱਚੇ ਮੁਕਾਮ ਹਾਸਲ ਕਰਨ ਲਈ ਵੀ ਪ੍ਰੇਰਿਆ। ਸਮੇਂ-ਸਮੇਂ 'ਤੇ ਅਜਿਹੇ ਉਪਰਾਲੇ ਹੋਣੇ ਚਾਹੀਦੇ ਹਨ ਜਿਸ ਨਾਲ ਸਾਡੇ ਬੱਚੇ ਆਪਣੇ ਇਤਿਹਾਸ ਅਤੇ ਗੁਰਬਾਣੀ ਨਾਲ ਜੁੜ ਸਕਣ।

ਇਸ  ਗੁਰਬਾਣੀ ਕੰਠ ਮੁਕਾਬਲੇ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਇਸ ਮੁਕਾਬਲੇ ਵਿੱਚ ਹਿੰਦੂ ਤੇ ਮੁਸਲਮਾਨ ਬੱਚਿਆਂ ਨੇ ਵੀ ਭਾਗ ਲਿਆ ਸੀ। ਇਹ ਕਿੰਨੀ ਸੋਹਣੀ ਗੱਲ ਹੈ ਅਤੇ ਇੱਥੋਂ ਹੀ ਪਤਾ ਲੱਗਦਾ ਹੈ ਕਿ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿੱਡਾ ਵੱਡਾ ਫਲਸਫਾ ਦਿੱਤਾ ਹੈ। ਹਾਲਾਂਕਿ ਕੁਝ ਤਾਕਤਾਂ ਇੱਥੇ ਫਿਰਕੂ ਤਣਾਅ ਪੈਦਾ ਕਰਨਾ ਚਾਹੁੰਦੀਆਂ ਹਨ, ਪਰ ਪੰਜਾਬ ਦੀ ਇਹ ਤਸੀਰ ਕਦੇ ਵੀ ਨਹੀਂ ਰਹੀ। ਉਹ ਲੋਕ ਇੰਨਾਂ ਬੱਚਿਆਂ ਵੱਲ ਵੇਖਣ ਅਤੇ ਇੰਨਾਂ ਦੇ ਅਧਿਆਪਕਾਂ ਵੱਲ ਵੇਖਣ। ਜਿਨ੍ਹਾਂ ਸਿੱਖ ਪਰਿਵਾਰ ਵਿੱਚ ਜਨਮ ਨਹੀਂ ਲਿਆ ਪਰ ਇਨ੍ਹਾਂ ਬੱਚਿਆਂ ਨੂੰ ਵੀ ਸਿੱਖ ਬੱਚਿਆਂ ਜਿਨ੍ਹਾਂ ਹੀ ਗੁਰਬਾਣੀ ਨਾਲ ਗੂੜ੍ਹਾ ਪਿਆਰ ਹੈ। ਇਹੀ ਸਾਡੀ, ਸਾਡੇ ਖਿੱਤੇ ਦੀ ਖੂਬਸੂਰਤੀ ਹੈ। ਇਹੀ ਸਿੱਖੀ ਦੀ ਖੂਬਸੂਰਤੀ ਹੈ। ਇਹੀ ਗੁਰੂਆਂ ਦੇ ਫਲਸਫੇ ਦੀ ਖੂਬਸੂਰਤੀ ਹੈ। ਜੋ ਲੋਕ ਪੰਜਾਬ ਵਿੱਚ ਨਫਰਤ ਫੈਲਾਉਣਾ ਚਾਹੁੰਦੇ ਹਨ। ਉਹ ਲੋਕ ਦੇਖ ਲੈਣ ਕਿ ਗੁਰੂਆਂ ਦੀ ਸਿੱਖਿਆ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਰਚੀ ਮਿਚੀ ਹੈ।

‌‌ਜਿਵੇਂ ਇੰਨਾਂ ਹਿੰਦੂ, ਸਿੱਖ ਤੇ ਮੁਸਲਮਾਨ ਬੱਚਿਆਂ ਨੇ ਗੁਰਬਾਣੀ ਨੂੰ ਕੰਠ ਕੀਤਾ ਹੈ। ਉਵੇੰ ਪੰਜਾਬ ਦੇ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੂੰ ਵੀ ਚਾਹੀਦਾ ਕਿ ਗੁਰਬਾਣੀ ਦਾ ਓਟ ਆਸਾਰਾ ਲੈ ਕੁ ਪੰਜਾਬ ਸਾਹਮਣੇ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰੀਏ।ਇੱਥੋਂ ਸਾਡੀਆਂ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਨੂੰ ਵੀ ਕੁਝ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪਣੇ ਪ੍ਰਚਾਰ ਕਰਨ ਦੇ ਢੰਗ ਤਰੀਕਿਆਂ ਵਿੱਚ ਥੋੜ੍ਹਾ ਬਦਲਾਅ ਲਿਆਉਣ ਦੀ ਲੋੜ ਹੈ ਅਤੇ ਜ਼ਮੀਨ ’ਤੇ ਜੋ ਸੰਭਾਵਨਾਵਾਂ ਸਾਡੇ ਕੋਲ ਹਨ, ਉਨ੍ਹਾਂ ਨੂੰ ਪੂਰੀ ਤਰ੍ਹਾਂ ਖੋਜ ਕੇ ਉਸ ’ਤੇ ਕੰਮ ਕਰਨ ਦੀ ਲੋੜ ਹੈ।

ਸਰਦਾਰ ਜਗਦੀਪ ਸਿੰਘ ਸੋਢੀ ਜੀ ਇਸ ਲਈ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੇ ਉਦਮਾਂ ਸਦਕਾ ਇਹ ਕਾਰਜ ਹੋਇਆ, ਬਾਬਾ ਕਸ਼ਮੀਰ ਸਿੰਘ ਜੀ ਨਿਰਮਲੇ( ਡੇਰਾ ਮਸਤਾਨ, ਸ੍ਰੀ ਮੁਕਸਤਰ ਸਾਹਿਬ) ਨੇ ਇਸ ਕਾਰਜ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਸੱਚੇ ਪਾਤਸ਼ਾਹ ਸਭ ਤੇ ਕ੍ਰਿਪਾ ਕਰਨ, ਸਾਰੇ ਬੱਚੇ ਚੰਗੀ ਵਿੱਦਿਆ ਹਾਸਲ ਕਰਨ ਅਤੇ ਗੁਰੂ ਸਿਧਾਂਤਾਂ ਮੁਤਾਬਕ ਆਪਣੇ ਜੀਵਨ ਬਤੀਤ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ।

Posted By: Binder Singh Kuddi Kalan

Latest News