Nazrana Times

ਪੰਜਾਬੀ

"ਮੇਰਾ ਪੁੱਤ ਤਾਂ ਤੁਰ ਗਿਆ, ਪਰ ਕਈਆਂ ਦੇ ਪੁੱਤ ਨਸ਼ੇ ਦੇ ਨਰਕ ਵਿੱਚੋਂ ਬਚਾ ਗਿਆ": ਸ਼ਹੀਦ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ

13 Oct, 2026 03:52 PM

ਬੇਸ਼ੱਕ ਮੇਰਾ ਸਾਰਾ ਟੱਬਰ ਇਸ ਲੜਾਈ ਵਿੱਚ ਚਲਿਆ ਜਾਵੇ ਪਰ ਅਸੀੰ ਨਸ਼ਿਆਂ ਖਿਲਾਫ ਲੜਾਈ ਤੋਂ ਪਿੱਛੇ ਨਹੀਂ ਹਟਾਂਗੇ।

ਬਿੰਦਰ ਸਿੰਘ ਖੁੱਡੀ ਕਲਾਂ 
ਮਾਨਸਾ,13 ਅਕਤੂਬਰ 2026

​ਮਾਨਸਾ ਵਿੱਚ ਨਸ਼ਿਆਂ ਖ਼ਿਲਾਫ਼ ਨਿਧੜਕ ਹੋ ਕੇ ਲੰਬੀ ਲੜਾਈ ਲੜਨ ਵਾਲੇ ਅਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਬਣੇ ਨਸਾ਼ ਵਿਰੋਧੀ ਮੁਹਿੰਮ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੇ ਦਿਨ-ਦਿਹਾੜੇ ਹੋਏ ਬੇਰਹਿਮ ਕਤਲ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ, ਉੱਥੇ ਹੀ ਉਸ ਦੇ ਪਿਤਾ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਅਤੇ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਪੂਰੀ ਤਰ੍ਹਾਂ ਦ੍ਰਿੜ ਹਨ। ਉਹਨਾਂ ਕਿਹਾ ਕਿ ਇਸ ਲੜਾਈ ਵਿੱਚ ਬੇਸ਼ੱਕ ਸਾਡਾ ਸਾਰਾ ਟੱਬਰ ਚਲਿਆ ਜਾਵੇ,ਪਰ ਅਸੀੰ ਨਸ਼ਿਆਂ ਖਿ਼ਲਾਫ ਆਵਾਜ਼ ਬੁਲੰਦ ਕਰਦੇ ਰਹਾਂਗੇ। ਸਾਨੂੰ ਬੱਸ ਪੰਜਾਬ ਦੇ ਲੋਕਾਂ ਦਾ ਸਾਥ ਚਾਹੀਦਾ ਹੈ।

ਆਪਣੇ ਪੁੱਤਰ ਨੂੰ ਗੋਲੀ ਲੱਗਣ ਦੀ ਖ਼ਬਰ ਪਤਾ ਲੱਗਣ 'ਤੇ ਸਿਵਲ ਹਸਪਤਾਲ ਪਹੁੰਚੇ ਪਰਵਿੰਦਰ ਦੇ ਪਿਤਾ ਨੇ ਪੰਜਾਬ ਦੇ ਮੁੱਖ ਮੰਤਰੀ,ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਇੱਕ ਮੰਤਰੀ ਦਾ ਨਾਮ ਲੈ ਕੇ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਹਰੇ ਲਗਾਏ। ਉਹਨਾਂ ਇਸ ਮੌਕੇ ਇੱਕ ਪਰਚੀ ਤੋਂ ਕੁੱਝ ਨਸਾ਼ ਤਸਕਰਾਂ ਦੇ ਨਾਮ ਵੀ ਪੜ੍ਹੇ। ਉਹਨਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਵੀ ਕਿਹਾ ਕਿ ਤੁਸੀਂ ਵੀ ਨਸ਼ਿਆਂ ਦੇ ਖਾਤਮੇ ਦੀਆਂ ਗੱਲਾਂ ਕਰਦੇ ਹੋ,ਪਰ ਆਹ ਵੇਖੋ ਪੰਜਾਬ ਦੇ ਹਾਲ। ਨਸ਼ਿਆਂ ਦੇ ਸੋਦਾਗਰਾਂ ਦੀ ਬਜਾਏ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਮਾਰੇ ਜਾ ਰਹੇ ਹਨ।

ਉਹਨਾਂ ਕਿਹਾ ਕਿ , “ਮੇਰਾ ਪੁੱਤ ਤਾਂ ਇਸ ਦੁਨੀਆਂ ਤੋਂ ਤੁਰ ਗਿਆ, ਪਰ ਉਹ ਪੰਜਾਬ ਦੇ ਕਈ ਮਾਵਾਂ ਦੇ ਪੁੱਤ ਨਸ਼ੇ ਦੇ ਘਾਣ ਵਿੱਚੋਂ ਬਚਾ ਗਿਆ ਹੈ।”

​ਪਿਤਾ ਭੀਮ ਸਿੰਘ ਨੇ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਦੇ ਪਰਿਵਾਰ ਅਤੇ ਪਰਵਿੰਦਰ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਬਾਰੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਸੂਚਿਤ ਵੀ ਕੀਤਾ ਗਿਆ ਸੀ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਨੇ ਸਮੇਂ ਸਿਰ ਸਖ਼ਤ ਕਦਮ ਚੁੱਕੇ ਹੁੰਦੇ ਅਤੇ ਉਨ੍ਹਾਂ ਦੇ ਪੁੱਤ ਨੂੰ ਬਣਦੀ ਸੁਰੱਖਿਆ ਮੁਹੱਈਆ ਕਰਵਾਈ ਹੁੰਦੀ, ਤਾਂ ਸ਼ਾਇਦ ਅੱਜ ਪਰਵਿੰਦਰ ਉਨ੍ਹਾਂ ਦੇ ਵਿਚਕਾਰ ਜ਼ਿੰਦਾ ਹੁੰਦਾ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤਾਕਤਾਂ ਵਿਰੁੱਧ ਇਕੱਲੇ ਡਟ ਕੇ ਲੜਨ ਵਾਲੇ ਇਸ ਨੌਜਵਾਨ ਦੀ ਸੁਰੱਖਿਆ ਪ੍ਰਤੀ ਦਿਖਾਈ ਗਈ ਅਣਗਹਿਲੀ ਨੇ ਅੱਜ ਪਰਿਵਾਰ ਤੋਂ ਉਸ ਦਾ ਸਹਾਰਾ ਖੋਹ ਲਿਆ ਹੈ।

​ਇਸ ਗੰਭੀਰ ਸੰਕਟ ਅਤੇ ਮੁਸ਼ਕਲ ਘੜੀ ਵਿੱਚ ਪਿਤਾ ਭੀਮ ਸਿੰਘ ਨੇ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਜ਼ੋਰਦਾਰ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਪਰਵਿੰਦਰ ਝੋਟਾ ਦੇ ਅਸਲ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

Posted By: GURBHEJ SINGH ANANDPURI

Latest News