Nazrana Times

ਪੰਜਾਬੀ

ਸਰਕਾਰਾਂ ਤੇ ਪੰਥ ਦੋਖੀਆਂ ਵੱਲੋਂ ਸੰਘਰਸ਼ਸ਼ੀਲ ਸਿੰਘਾਂ ਦੀ ਘੇਰਾਬੰਦੀ

17 Dec, 2025 04:32 AM

ਸਰਕਾਰਾਂ ਤੇ ਪੰਥ ਦੋਖੀਆਂ ਵੱਲੋਂ ਸੰਘਰਸ਼ਸ਼ੀਲ ਸਿੰਘਾਂ ਦੀ ਘੇਰਾਬੰਦੀ
 

ਪੰਥ ਅਤੇ ਪੰਜਾਬ ਦੇ ਹੱਕਾਂ, ਹਿੱਤਾਂ ਤੇ ਅਜ਼ਾਦੀ ਲਈ ਸੰਘਰਸ਼ਸ਼ੀਲ ਸਿੱਖ ਨੌਜਵਾਨਾਂ ਦੀ ਭਾਰਤੀ ਹਕੂਮਤ ਅਤੇ ਉਹਨਾਂ ਦੇ ਕਰਿੰਦਿਆਂ ਵੱਲੋਂ ਡੂੰਘੀ ਸਾਜ਼ਿਸ਼ ਅਧੀਨ ਸਿਧਾਂਤਕ ਘੇਰਾਬੰਦੀ ਕੀਤੀ ਜਾ ਰਹੀ ਹੈ। ਮਾਹੌਲ ਐਸਾ ਸਿਰਜਿਆ ਜਾ ਰਿਹਾ ਹੈ ਕਿ ਉਹਨਾਂ ਘਟੀਆ ਕਾਰਿਆਂ ਦੇ ਹੱਕ ’ਚ ਲਹਿਰ ਖੜ੍ਹੀ ਕੀਤੀ ਜਾ ਰਹੀ ਹੈ ਜਿਸ ਨਾਲ਼ ਸਿੱਖੀ ਵਿਚਾਰਧਾਰਾ, ਸਿਧਾਂਤ, ਮਰਯਾਦਾ, ਫ਼ਲਸਫ਼ੇ, ਪ੍ਰੰਪਰਾਵਾਂ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਅਰੰਭੇ ਸਿੱਖ ਸੰਘਰਸ਼ ਦਾ ਘਾਣ ਹੁੰਦਾ ਹੋਵੇ। ਉਹਨਾਂ ਲੋਕਾਂ ਦੀ ਹਮਾਇਤ ਤੇ ਵਕਾਲਤ ਕੀਤੀ ਜਾ ਰਹੀ ਹੈ ਜਿਹੜੇ ਸਿੱਖ ਜਜ਼ਬਾਤਾਂ ਨਾਲ਼ ਖੇਡਦੇ ਹੋਣ, ਜਿਹੜੇ ਸਿੱਖਾਂ ਦੇ ਦੁਸ਼ਮਣ ਅਤੇ ਵਿਰੋਧੀ ਹੋਣ, ਜਿਹੜੇ ਸਿੱਖਾਂ ਉੱਤੇ ਸਰੀਰਕ, ਸਿਧਾਂਤਕ ਤੇ ਸੂਖ਼ਮ ਹਮਲੇ ਕਰਦੇ ਹੋਣ। ਸਿੱਖੀ ਦੇ ਹਰ ਦੁਸ਼ਮਣ ਨੂੰ ਬੜਾ ਵਧੀਆ, ਸਾਊ ਤੇ ਸ਼ਰੀਫ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਤੇ ਸਿੱਖੀ ਉੱਤੇ ਹਮਲਿਆਂ ਮੌਕੇ ਵਿਰੋਧ ਕਰਨ ਵਾਲ਼ਿਆਂ ਨੂੰ ਨਿੰਦਿਆ-ਭੰਡਿਆ ਤੇ ਬਦਨਾਮ ਕੀਤਾ ਜਾ ਰਿਹਾ ਹੈ, ਸਿੱਧੇ ਅਤੇ ਅਸਿੱਧੇ ਢੰਗ ਨਾਲ ਡਰਾਉਣ ਤੇ ਮਾਰਨ ਲਈ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਸਿੱਖੀ ਦਾ ਦਰਦ ਰੱਖਣ ਵਾਲ਼ਿਆਂ ਨੂੰ ਮੂਰਖ, ਉਜੱਡ ਤੇ ਘਟੀਆ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਸਰਟੀਫ਼ਿਕੇਟ ਵੰਡੇ ਜਾ ਰਹੇ ਹਨ। ਸਿੱਖੀ ਦੇ ਦੋਖੀ ਆਗੂਆਂ ਦੀ ਖ਼ੁਸ਼ਾਮਦੀ ਤੇ ਚਾਪਲੂਸੀ ਕਰਨ ’ਤੇ ਜ਼ੋਰ ਲਾਇਆ ਜਾ ਰਿਹਾ ਹੈ ਤੇ ਲਲਕਾਰੇ ਮਾਰੇ ਜਾ ਰਹੇ ਨੇ ਕਿ ਸਾਡੇ ਪੰਥ ਅਤੇ ਪੰਜਾਬ ਵਿਰੋਧੀ ਕਾਰਿਆਂ, ਫ਼ੈਸਲਿਆਂ ਅਤੇ ਗਤੀਵਿਧੀਆਂ ਖ਼ਿਲਾਫ਼ ਕੋਈ ਸਵਾਲ ਨਾ ਚੁੱਕੇ ਤੇ ਸਾਨੂੰ ਮਨਆਈਆਂ ਕਰਨ ਤੋਂ ਕੋਈ ਨਾ ਰੋਕੇ। ਇਹਨਾਂ ਲੋਕਾਂ ਵੱਲੋਂ ਸਿੱਖੀ ਨੂੰ ਪ੍ਰਣਾਏ ਗੁਰਸਿੱਖਾਂ ਨੂੰ ਮਾਨਸਿਕ ਸੰਤਾਪ ਦੇ ਕੇ ਉਲਝਾਇਆ ਤੇ ਘਰ ਬਿਠਾਇਆ ਜਾ ਰਿਹਾ ਹੈ, ਪੰਥ-ਪ੍ਰਸਤ ਸ਼ਖ਼ਸੀਅਤਾਂ ਨੂੰ ਸ਼ੱਕੀ ਬਣਾਇਆ ਜਾ ਰਿਹਾ ਹੈ। ਪੰਥ ਦੀਆਂ ਸਤਿਕਾਰਤ ਅਤੇ ਕੁਰਬਾਨੀ ਵਾਲ਼ੀਆਂ ਹਸਤੀਆਂ ਨੂੰ ਭੰਡ ਕੇ ਇੰਝ ਜਚਾਇਆ ਜਾ ਰਿਹਾ ਹੈ ਜਿਵੇਂ ਉਹ ਸਿੱਖੀ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋਣ। ਇੱਕ ਪਾਸੇ ਨੌਜਵਾਨਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਿੱਖੀ ਦੀ ਚੜ੍ਹਦੀ ਕਲਾ ਲੋਚਣ ਵਾਲ਼ੇ ਸਿੱਖਾਂ ਦੀ ਸੋਸ਼ਲ ਸਾਈਟਾਂ ’ਤੇ ਅਸਲੀ ਅਤੇ ਨਕਲੀ ਖਾਤਿਆਂ ਰਾਹੀਂ ਖਿੱਲੀ ਉਡਾ ਕੇ ਮਨੋਬਲ ਤੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਹਾਲਾਤ ਸੁਖਾਵੇਂ ਨਹੀਂ ਹਨ, ਪੰਥ ਅਤੇ ਪੰਜਾਬ ਉੱਤੇ ਨਿਰੰਤਰ ਖ਼ਤਰਾ ਮੰਡਰਾ ਰਿਹਾ ਹੈ। ਸਿੱਖੀ ਭੇਸ ’ਚ ਲੁਕੇ ਹੋਏ ਕੁਝ ਧਾਰਮਿਕ ਤੇ ਸਿਆਸੀ ਆਗੂ ਹੀ ਸਿੱਖੀ ਨੂੰ ਖੋਰਾ ਲਾ ਰਹੇ ਹਨ ਤੇ ਇਹਨਾਂ ਲੋਕਾਂ ਨੂੰ ਹਕੂਮਤ ਦੀ ਪੂਰੀ ਸਰਪ੍ਰਸਤੀ ਹੈ। ਸਿੱਖੀ ਨਾਲ਼ ਵੈਰ ਕਮਾਉਣ ਵਾਲ਼ੇ ਨਿੱਤ ਨਵੀਆਂ ਸਕੀਮਾਂ ਘੜ ਰਹੇ ਹਨ। ਪੰਥ ਅਤੇ ਪੰਜਾਬ ਦਾ ਦਰਦ ਰੱਖਣ ਵਾਲ਼ੇ ਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਗਿਲ਼ੇ-ਸ਼ਿਕਵੇ ਤਿਆਗ ਕੇ ਇੱਕ ਸਾਂਝੇ ਕੌਮੀ ਮੰਚ ’ਤੇ ਸੰਗਠਿਤ ਹੋਣ ਤੇ ਸਿੱਖਾਂ ਖ਼ਿਲਾਫ਼ ਸਰਗਰਮ ਵਿਅਕਤੀਆਂ, ਧਿਰਾਂ, ਸੰਸਥਾਵਾਂ, ਰੁਝਾਨਾਂ ਅਤੇ ਵਰਤਾਰਿਆਂ ਦੀ ਨਿਸ਼ਾਨਦੇਹੀ ਕਰਨ, ਉਹਨਾਂ ਦੇ ਘਟੀਆ ਕਾਰਿਆਂ ਦੇ ਚਿੱਠੇ ਪੰਥ ਦੀ ਕਚਹਿਰੀ ’ਚ ਖੋਲ੍ਹਣ, ਉਹਨਾਂ ਨੂੰ ਨੰਗਿਆਂ ਕਰਨ, ਤੇ ਜ਼ੁਲਮ ਅਤੇ ਜ਼ਾਲਮ ਵਿਰੁੱਧ ਜੂਝਣ, ਤੇ ਸਿੱਖੀ ਦੇ ਵੈਰੀਆਂ ਨੂੰ ਸਪੱਸ਼ਟ ਸੁਨੇਹਾ ਦੇਣ ਕਿ ਖ਼ਾਲਸਾ ਜਿਉਂਦਾ ਤੇ ਜਾਗਦਾ ਹੈ।
 


ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

Posted By: GURBHEJ SINGH ANANDPURI

Latest News

Loading…
Loading the web debug toolbar…
Attempt #