Nazrana Times

ਪੰਜਾਬੀ

1955 'ਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਵਿਰੋਧ 'ਚ ਗੁ. ਸੰਤੋਖਸਰ ਤੋਂ ਅਕਾਲ ਤਖ਼ਤ ਤੱਕ ਕੀਤਾ ਵਿਸ਼ਾਲ ਮਾਰਚ

20 Jan, 2025 05:30 AM

ਭਾਰਤ 'ਚ ਸਿੱਖਾਂ ਨੂੰ ਕੁਝ ਵੀ ਪ੍ਰਾਪਤ ਨਾ ਹੋਇਆ , ਸਿੱਖਾਂ ਦਾ ਧਰਮ, ਬੋਲੀ, ਸਭਿਆਚਾਰ ਖਤਰੇ 'ਚ ਹੈ ।ਅੰਮ੍ਰਿਤਸਰ, 4 ਜੁਲਾਈ ( ਨਜ਼ਰਾਨਾ ਨਿਊਜ਼ ਨੈੱਟਵਰਕ ) 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਹਕੂਮਤ ਵੱਲੋਂ ਕੀਤੇ ਪਹਿਲੇ ਹਮਲੇ ਦੀ 67ਵੀਂ ਵਰ੍ਹੇਗੰਢ 'ਤੇ ਆਵਾਜ਼-ਏ-ਕੌਮ ਦੇ ਸੱਦੇ 'ਤੇ ਸਿੱਖ ਜਥੇਬੰਦੀਆਂ ਦਾ ਭਾਰੀ ਇਕੱਠ ਗੁ. ਸੰਤੋਖਸਰ ਸਾਹਿਬ ਵਿਖੇ ਹੋਇਆ ਜਿਸ ਵਿੱਚ ਅਕਾਲ ਯੂਥ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਵਾਰਿਸ ਪੰਜਾਬ ਦੇ ਆਗੂਆਂ ਨੇ ਸ਼ਿਰਕਤ ਕੀਤੀ। ਵਿਚਾਰਾਂ ਉਪਰੰਤ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਜਸਵਿੰਦਰ ਸਿੰਘ ਰਾਜਪੁਰਾ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਦੀ ਅਗਵਾਈ 'ਚ ਸੰਤੋਖਸਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਵਿਸ਼ਾਲ ਮਾਰਚ ਕੀਤਾ ਗਿਆ। ਮਾਰਚ 'ਚ ਨੌਜਵਾਨਾਂ ਨੇ ਦਰਬਾਰ ਸਹਿਬ 'ਤੇ ਕੀਤੇ ਪਹਿਲੇ ਹਮਲੇ ਦੇ ਦੁਖਾਂਤ ਦੀਆਂ ਤਸਵੀਰਾਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ ਅਤੇ ਭਾਰਤੀ ਹਕੂਮਤ ਮੁਰਦਾਬਾਦ, ਰਾਜ ਕਰੇਗਾ ਖ਼ਾਲਸਾ ਦੇ ਨਾਅਰੇ ਲਗਾਏ ਗਏ। ਇਸ ਮੌਕੇ ਮਨਜੀਤ ਸਿੰਘ ਕਰਤਾਰਪੁਰ ਨੇ ਕਿਹਾ ਕਿ ਸਿੱਖ ਕੌਮ ਇਸ ਆਸ ਨਾਲ ਭਾਰਤੀ ਰਾਜ 'ਚ ਸ਼ਾਮਲ ਹੋਈ ਸੀ ਕਿ ਉਨ੍ਹਾਂ ਨੂੰ ਇਸ ਰਾਜ ਵਿੱਚ ਬਰਾਬਰੀ ਦਾ ਹੱਕ ਦਿੱਤਾ ਜਾਵੇਗਾ ਪਰ ਇਹ ਸੁਪਨਾ ਅਖੌਤੀ ਆਜ਼ਾਦੀ ਤੋਂ ਚੰਦ ਦਿਨਾਂ ਬਾਅਦ ਹੀ ਚੂਰ-ਚੂਰ ਹੋ ਗਿਆ। ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ 'ਤੇ ਵੀ ਪਾਬੰਦੀ ਲਾ ਦਿੱਤੀ ਜਿਸ ਨੂੰ ਹਟਾਉਣ ਲਈ ਸਿੱਖਾਂ ਵੱਲੋਂ ਲਾਇਆ ਗਿਆ ਸੀ। ਜਿਸ ਨੂੰ ਕੁਚਲਣ ਲਈ 4 ਜੁਲਾਈ 1955 ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਸੰਗਤਾਂ 'ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ, ਗੋਲ਼ੀਆਂ ਚਲਾਈਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਜ਼ਖਮੀ ਹੋਏ ਅਤੇ ਸ਼ਹੀਦ ਹੋ ਗਏ। ਨੋਬਲਜੀਤ ਸਿੰਘ ਬੁੱਲੋਵਾਲ ਨੇ ਕਿਹਾ ਕਿ ਅੱਜ ਅਕਾਲੀ ਦਲ ਦੀ ਮੁੱਖ ਵਿਚਾਰਧਾਰਾ 'ਤੇ ਬਾਦਲਕਿਆਂ ਦੀ ਸਿੱਖ ਵਿਰੋਧੀ ਸੋਚ ਦਾ ਕਬਜ਼ਾ ਹੋ ਚੁੱਕਾ ਹੈ। ਪੰਜਾਬ ਨੂੰ ਨਾ ਹੀ ਰਾਜਧਾਨੀ ਚੰਡੀਗੜ੍ਹ ਮਿਲਿਆ, ਨਾ ਹੀ ਪੰਜਾਬੀ ਬੋਲਦੇ ਇਲਾਕੇ ਮਿਲੇ, ਨਾ ਹੀ ਪਾਣੀਆਂ ਦਾ ਹੱਕ ਮਿਲਿਆ, ਭਾਖੜੇ ਡੈਮ ਤੋਂ ਬਣਦੀ ਬਿਜਲੀ ਦੇ ਹੱਕ ਵੀ ਖੋਹ ਲਏ ਗਏ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਵੀ ਸਾਡੇ ਤੋਂ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਿੱਖਾਂ ਦਾ ਕੌਮੀ ਘਰ ਹੀ ਸਾਰੇ ਮਸਲਿਆਂ ਦਾ ਹੱਲ ਹੈ। ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਜਦੋਂ ਭਾਰਤੀ ਸੱਤਾ ਵਿੱਚ ਰਹਿੰਦੇ ਹੋਏ ਸਿੱਖਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ, ਫਿਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਕੌਮੀ ਆਜ਼ਾਦੀ ਦੀ ਲੜਾਈ ਦਾ ਮੁੱਢ ਬੱਝਾ। ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਦੇਸ਼ 'ਚ ਸਿੱਖਾਂ ਦਾ ਧਰਮ, ਬੋਲੀ, ਸਭਿਆਚਾਰ ਤੇ ਨੌਜਵਾਨੀ ਖਤਰੇ 'ਚ ਹੈ, ਸਿੱਖਾਂ ਨੂੰ ਇਸ ਖਿਲਾਫ਼ ਆਵਾਜ਼ ਬੁਲੰਦ ਕਰਦਿਆਂ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਸਿੱਖਾਂ ਨੇ ਜਦੋਂ ਵੀ ਆਪਣੇ ਹੱਕ ਮੰਗੇ ਹਨ ਤਾਂ ਹਕੂਮਤ ਨੇ ਉਹਨਾਂ ਦੇ ਧਰਮ ਸਥਾਨਾਂ 'ਤੇ ਹਮਲੇ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ। ਉਹਨਾਂ ਕਿਹਾ ਕਿ 1955 ਦਾ ਹਮਲਾ 1984 ਦੇ ਹਮਲੇ ਵੇਲੇ ਸੰਤ ਜਰਨੈਲ ਸਿੰਘ ਉੱਤੇ ਲਾਏ ਸਰਕਾਰੀ ਦੋਸ਼ਾਂ ਨੂੰ ਨਕਾਰਦਾ ਹੈ ਤੇ ਹਕੂਮਤ ਦਾ ਅਸਲੀ ਕਰੂਪ ਚਿਹਰਾ ਨੰਗਾ ਕਰਦਾ ਹੈ। ਇਸ ਮੌਕੇ ਹਰਜਿੰਦਰ ਸਿੰਘ ਜਲੰਧਰ, ਬਸੰਤ ਸਿੰਘ ਦੌਲਤਪੁਰਾ, ਜਸਕਰਨ ਸਿੰਘ ਪੰਡੋਰੀ, ਰਣਵੀਰ ਸਿੰਘ ਬੈਂਸਤਾਨੀ, ਸੁਖਮਨ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਛੇ ਜੂਨ, ਸੰਦੀਪ ਸਿੰਘ ਟਾਂਡਾ, ਕਰਨੈਲ ਸਿੰਘ ਘੋੜੇਬਾਹਾ, ਫਤਿਹ ਸਿੰਘ ਨਸਰਾਲਾ, ਰਵਿੰਦਰ ਸਿੰਘ ਖੱਬਲਾਂ, ਰਣਜੀਤ ਸਿੰਘ ਝਾਵਾਂ, ਰਾਜਵੀਰ ਸਿੰਘ ਪੱਖੋਵਾਲ, ਲਖਵਿੰਦਰ ਸਿੰਘ ਵਿਲੋਂਗੀ ਆਦਿ ਹਾਜ਼ਰ ਸਨ। ਮਾਰਚ ਦੀ ਅਗਵਾਈ ਕਰਦੇ ਹੋਏ ਮਨਜੀਤ ਸਿੰਘ ਕਰਤਾਪੁਰ, ਰਣਜੀਤ ਸਿੰਘ ਦਮਦਮੀ ਟਕਸਾਲ, ਨੋਬਲਜੀਤ ਸਿੰਘ ਬੁੱਲੋਵਾਲ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ ਤੇ ਹੋਰ।

Posted By: GURBHEJ SINGH ANANDPURI

Latest News

Loading…
Loading the web debug toolbar…
Attempt #