ਸਿੱਖ ਕੌਮ ਜਲਦ ਹੀ ਅਜ਼ਾਦ ਹੋਵੇਗੀ, ਸੰਘਰਸ਼ ਜਾਰੀ ਰੱਖੋ ਸਿੱਖੋ : ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 16 ਅਗਸਤ , ਨਜ਼ਰਾਨਾ ਟਾਈਮਜ ਬਿਊਰੋ
ਦਮਦਮੀ ਟਕਸਾਲ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਸਿੱਖ ਕੌਮ ਨਾਲ ਹਿੰਦੂ ਹਾਕਮਾਂ ਵੱਲੋਂ ਗੁਲਾਮਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇੱਕ ਦਿਨ ਵੀ ਐਸਾ ਨਹੀਂ ਹੋਣਾ, ਜਦੋਂ ਪੰਜਾਬ ਤੇ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਨੂੰ ਪੀੜ ਅਤੇ ਸੰਤਾਪ ਨਾ ਦਿੱਤਾ ਜਾਂਦਾ ਹੋਵੇ, ਕਦੇ ਸਾਡੇ ਪੰਜਾਬੀ ਬੋਲੀ ਉੱਤੇ ਪਾਬੰਦੀ ਅਤੇ ਕਦੇ ਕਕਾਰਾਂ 'ਤੇ ਪਾਬੰਦੀ ਲੱਗਦੀ ਹੈ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਦੀ ਨਸਲਕੁਸ਼ੀ ਕੀਤੀ ਜਾਂਦੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ, ਸਿੱਖ ਹੋਣਾ ਹੀ ਇਸ ਦੇਸ਼ ਵਿੱਚ ਪਾਪ ਹੋ ਗਿਆ ਹੈ। ਉਹਨਾਂ ਕਿਹਾ ਕਿ 1947 ਵਿੱਚ ਅਸੀਂ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਵਿੱਚ ਫਸ ਗਏ, ਸਾਨੂੰ ਜਰਾਇਮ ਪੇਸ਼ਾ ਕੌਮ ਐਲਾਨਿਆ ਗਿਆ, ਪੰਜਾਬੀ ਸੂਬੇ ਮੋਰਚੇ ਵਿੱਚ ਅਨੇਕਾਂ ਸ਼ਹਾਦਤਾਂ ਤੇ ਕੁਰਬਾਨੀਆਂ ਕਰਨੀਆਂ ਪਈਆਂ, ਫਿਰ ਜਦੋਂ ਧਰਮ ਯੁੱਧ ਮੋਰਚੇ ਰਾਹੀਂ ਸਿੱਖਾਂ ਨੇ ਆਪਣੇ ਹੱਕ ਮੰਗੇ ਤਾਂ ਹਿੰਦ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ, ਬੁੱਚੜ ਪੁਲਿਸ ਅਫਸਰਾਂ ਨੇ ਤਰੱਕੀਆਂ ਲੈਣ ਲਈ ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣਾ ਦਿੱਤਾ। ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਸਪੱਸ਼ਟ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਕੌਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖ਼ਾਲਿਸਤਾਨ ਦੇ ਸੰਘਰਸ਼ ਉੱਤੇ ਪਹਿਰਾ ਦੇਵੇ ਅਤੇ ਖ਼ਾਲਿਸਤਾਨ ਦੀ ਆਜ਼ਾਦੀ ਦੇ ਨਾਲ ਹੀ ਸਿੱਖ ਕੌਮ ਦਾ ਭਵਿੱਖ ਰੋਸ਼ਨ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜਿਹੜੀਆਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਹੋਰ ਸੰਗਤਾਂ ਨੇ 15 ਅਗਸਤ ਦਾ ਬਾਈਕਾਟ ਕਰਦਿਆਂ ਕਾਲ਼ੇ ਦਿਨ ਵਜੋਂ ਮਨਾਇਆ। ਅਸੀਂ ਉਹਨਾਂ ਜਾਗਦੀ ਜਮੀਰ ਵਾਲੇ ਸਿੰਘਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਕਾਂਗਰਸੀਆਂ, ਬਾਦਲਕਿਆਂ, ਝਾੜੂ ਪਾਰਟੀ ਤੇ ਭਾਜਪਾ ਨਾਲ ਸੰਬੰਧਤ ਸਿੱਖਾਂ ਨੂੰ ਵੀ ਆਖਦੇ ਹਾਂ ਕਿ ਉਹ ਸਰਕਾਰਾਂ ਦੇ ਤਲਵੇ ਚੱਟਣ ਦੀ ਬਜਾਏ ਸਿੱਖ ਕੌਮ ਅਤੇ ਪੰਜਾਬ ਨਾਲ ਖੜ੍ਹਨ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਡੇ ਪੱਧਰ ਉੱਤੇ ਖ਼ਾਲਿਸਤਾਨ ਦੀ ਲਹਿਰ ਜ਼ੋਰ ਫੜ ਚੁੱਕੀ ਹੈ, ਹੁਣ ਛੇਤੀ ਹੀ ਸਾਡਾ ਆਜ਼ਾਦ ਮੁਲਕ ਖਾਲਿਸਤਾਨ ਹੋਂਦ ਵਿੱਚ ਆਏਗਾ।
Posted By: GURBHEJ SINGH ANANDPURI