ਇੰਡੀਆ ਦੀ ਰਾਅ ਦੇ ਨਵੇਂ ਮੁਖੀ 'ਤੇ ਸਵਾਲ, ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੇ ਕਤਲ ਦਹਿਸਤਗਰਦੀ ਨਹੀਂ ਤਾਂ ਹੋਰ ਕੀ ? - ਸਿਮਰਨਜੀਤ ਸਿੰਘ ਮਾਨ
ਕਿਹਾ- ਕੁੰਭ ਇਸ਼ਨਾਨ ਕਰਨ ਵਾਲੇ ਸ਼ਾਇਦ ਹੁਣ ਅਮਰਨਾਥ ਵੀ ਜਾਣ
ਅੰਮ੍ਰਿਤਸਰ, 7 ਜੁਲਾਈ , ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੀ ਖੂਫੀਆ ਏਜੰਸੀ ਰਾਅ (ਰਿਸਰਚ ਐਂਡ ਐਨਾਲਿਸਿਸ ਵਿਂਗ) ਦੇ ਨਵੇਂ ਮੁਖੀ ਪਰਾਗ ਜੈਨ ਦੀ ਨਿਯੁਕਤੀ 'ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਮਾਨ ਨੇ ਦਾਅਵਾ ਕੀਤਾ ਹੈ ਕਿ ਪਰਾਗ ਜੈਨ, ਜੋ ਪਹਿਲਾਂ ਸ੍ਰੀ ਲੰਕਾ ਅਤੇ ਕੈਨੇਡਾ ਵਿੱਚ ਰਾਅ ਵੱਲੋਂ ਤਾਇਨਾਤ ਰਹਿ ਚੁੱਕਾ ਹੈ, ਜਿਸ ਨੇ ਖਾਲਿਸਤਾਨੀ ਆਗੂਆਂ 'ਤੇ ਨਿਗਰਾਨੀ ਕਰਦਿਆਂ ਕੈਨੇਡਾ ਵਿੱਚ ਆਪਣੇ ਦੌਰਾਨ ਖੇਪ ਚ ਰਿਪੋਰਟਾਂ ਵਿੱਚ ਸਿੱਖ ਮੁੱਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।ਸ ਮਾਨ ਨੇ ਕਿਹਾ ਕਿ ਕਨੇਡੀਅਨ ਖੁਫੀਆ ਏਜੰਸੀ ਸੀ, ਐਸ, ਆਈ, ਐਸ ਵੱਲੋਂ ਜਨਤਕ ਕੀਤੀ ਗਈ ਰਿਪੋਰਟ 'ਚ ਵੀ ਪਰਾਗ ਜੈਨ ਦਾ ਨਾਂ ਵਿਸ਼ੇਸ਼ ਹੈ ਖਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਵੀ ਕੈਨੇਡਾ ਵਿੱਚ ਹੋਇਆ ਹੈ।ਕੈਨੇਡਾ ਨੇ ਖੁਲ ਕੇ ਆਖਿਆ ਸੀ ਕਿ ਭਾਰਤ ਦੀ ਸਰਕਾਰ ਇਸ ਵਿੱਚ ਸ਼ਾਮਿਲ ਹੈ। ਮਾਨ ਨੇ ਇਹ ਵੀ ਕਿਹਾ ਕਿ ਇੰਡੀਆ ਨੇ ਵਿਦੇਸ਼ਾਂ 'ਚ ਸਿੱਖ ਆਗੂਆਂ ਨੂੰ ਟਾਰਗੇਟ ਕਰਕੇ, ਅਸਲ ਵਿੱਚ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਦਹਿਸਤਗਰਦੀ ਕੀਤੀ ਹੈ। ਉਨ੍ਹਾਂ ਦੇ ਦੱਸਣ ਮੁਤਾਬਕ, ਇੰਡੀਆ ਨੇ ਖੂਫੀਆ ਏਜੰਸੀ ਰਾਅ ਰਾਹੀਂ ਬਰਤਾਨੀਆ ਵਿੱਚ ਅਵਤਾਰ ਸਿੰਘ ਖੰਡਾ , ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵਾੜ, ਜਸਬੀਰ ਸਿੰਘ ਰੋਡੇ, ਕੈਨੇਡਾ ਵਿੱਚ ਰਿਪੁਦਮਨ ਸਿੰਘ ਮਲਿਕ , ਸੁਖਦੂਲ ਸਿੰਘ , ਤੇ ਹਰਿਆਣਾ ਵਿੱਚ ਦੀਪ ਸਿੰਘ ਸਿੱਧੂ, ਪੰਜਾਬ ਵਿੱਚ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕਾ ਵਿੱਚ ਮਾਰਨ ਦੀ ਕੋਸ਼ਿਸ਼ ਵੀ ਇਸੀ ਚੇਤਾਵਨੀ ਦਾ ਹਿੱਸਾ ਸੀ, ਜਿਸ ਬਾਰੇ ਅਮਰੀਕਨ ਅਦਾਲਤਾਂ ਵਿੱਚ ਕੇਸ ਚੱਲ ਰਹੇ ਹਨ। ਮਾਨ ਨੇ ਪੁੱਛਿਆ, "ਜੇ ਇਹ ਦਹਿਸਤਗਰਦੀ ਨਹੀਂ, ਤਾਂ ਫਿਰ ਕੀ ਹੈ?
"ਉਨ੍ਹਾਂ ਆਖਿਆ ਕਿ ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ 'ਤੇ ਹਮਲਾ ਕਰ ਦਿੱਤਾ ਸੀ, ਪਰ ਪਹਿਲਗਾਮ ਹਮਲੇ ਦੀ ਰਿਪੋਰਟ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਹਾਲੇ ਤੱਕ ਜਨਤਕ ਨਹੀਂ ਕੀਤੀ ਕਿ ਉਹ ਹਮਲਾ ਕਿਸਨੇ ਕੀਤਾ ਸੀ । ਇਸ ਬਾਰੇ ਇੰਡੀਆ ਕੋਲ ਕੋਈ ਵੀ ਜਾਣਕਾਰੀ ਨਹੀਂ ਸੀ। ਪੰਜਾਬ ਅਤੇ ਸਿੱਖ ਆਬਾਦੀ ਨੂੰ ਜੰਗ ਦਾ ਮੈਦਾਨ ਬਣਾਉਣ ਵਾਸਤੇ ਬਿਨਾਂ ਸਬੂਤਾਂ ਦੇ ਇੰਡੀਆ ਨੇ ਪਾਕਿਸਤਾਨ ਨਾਲ ਜੰਗ ਛੇੜ ਲਈ ਜਿਸਦਾ ਨੁਕਸਾਨ ਸਿੱਧਾ ਸਿੱਖਾਂ ਨੂੰ ਹੁੰਦਾ ਹੈ। ਪਰ ਸਿੱਖਾਂ ਨੂੰ ਇਸ ਬਾਰੇ ਇੱਕ ਵਾਰ ਵੀ ਨਹੀਂ ਪੁੱਛਿਆ ਗਿਆ । ਉਨ੍ਹਾਂ ਮੋਦੀ ਸਰਕਾਰ 'ਤੇ ਦੋਸ਼ ਲਾਇਆ ਕਿ ਸਿੱਖਾਂ ਨੂੰ ਨਾਂ ਹੀ ਵਿਦੇਸ਼ੀ ਅਦਾਲਤ, ਨਾ ਗ੍ਰਹਿ ਵਜਾਰਤ, ਨਾ ਹੀ ਫਾਇਨਾਂਸ ਵਿੱਤ , ਤੇ ਖੇਤੀਬਾੜੀ ਵਿਭਾਗ ਵਿੱਚ ਕੋਈ ਵੀ ਨੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਕੌਮ ਨੂੰ ਪਾਸੇ ਕਰਨਾ ਮੋਦੀ ਦੀ ਨੀਤੀ ਦਾ ਹਿੱਸਾ ਹੈ।
ਸਿਮਰਨਜੀਤ ਸਿੰਘ ਮਾਨ ਨੇ ਇੰਨਾ ਹੀ ਨਹੀਂ, ਬਲਕਿ ਇਹ ਵੀ ਦੱਸਿਆ ਕਿ ਭਾਰਤ ਚੀਨ ਨਾਲ ਹਜ਼ਾਰਾਂ ਕਿਲੋਮੀਟਰ ਦੂਰੀ ਹੋਣ ਦੇ ਬਾਵਜੂਦ ਵੀ ਵਪਾਰ ਕਰ ਰਿਹਾ ਹੈ ਪਰ ਜਿਥੇ ਸਿੱਖ ਧਾਰਮਿਕ ਅਸਥਾਨ ਹਨ, ਜਿੱਥੇ ਸਿੱਖਾਂ ਦੀਆਂ ਜਮੀਨਾਂ ਹਨ ਉਸ ਪਾਕਿਸਤਾਨ ਨਾਲ ਵਪਾਰ ਦੀ ਇਜਾਜ਼ਤ ਸਿੱਖਾਂ ਨੂੰ ਇੰਡੀਆ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕੀਤਾ ਕਿ ਅਟਾਰੀ-ਵਾਹਘਾ,ਅਤੇ ਹਸੈਨੀਵਾਲਾ ਬਾਡਰ ਰਾਹੀਂ ਪੰਜਾਬ ਨੂੰ ਵਪਾਰ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸੇ ਵੀ ਸਿਆਸੀ ਪਾਰਟੀ ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਜਾਂ ਅਕਾਲੀ ਦਲ ਬਾਦਲ ਨੇ ਮੋਦੀ ਦੇ ਇਸ ਰਵੱਈਏ ਵਿਰੁੱਧ ਅਵਾਜ਼ ਨਹੀਂ ਚੁੱਕੀ, ਸਗੋਂ ਉਲਟ ਉਹਨਾਂ ਦੀ ਹਮਾਇਤ ਕੀਤੀ ਹੈ । ਉਨ੍ਹਾਂ ਕਿਹਾ ਕੁਝ ਟਕਸਾਲਾਂ ਅਤੇ ਸੰਪਰਦਾਵਾਂ ਵੀ ਕੇਂਦਰ ਦੀ ਬੋਲੀ ਬੋਲ ਰਹੀਆਂ ਹਨ ਅਤੇ ਗੰਗਾ ਵਿੱਚ ਕੁੰਭ ਇਸ਼ਨਾਨ ਕਰ ਰਹੀਆਂ ਹਨ। ਸ਼ਾਇਦ ਹੁਣ ਅਮਰਨਾਥ ਦੀ ਯਾਤਰਾ ਦੀ ਵੀ ਤਿਆਰੀ ਕਰ ਰਹੇ ਹੋਣ।ਉਨ੍ਹਾਂ ਕਿਹਾ ਕਿ ਸਭ ਤੋਂ ਚਿੰਤਾਜਨ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 14 ਸਾਲ ਤੋਂ ਕੇਂਦਰ ਸਰਕਾਰ ਵੱਲੋਂ ਨਹੀਂ ਕਰਵਾਈਆਂ ਗਈਆਂ, ਜੋ ਕਿ ਸਿੱਖਾਂ ਦੀ ਜਮਹੂਰੀਅਤ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ।ਅੰਤ ਵਿੱਚ ਉਨ੍ਹਾਂ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਖ਼ਸ਼ੇ ਗਏ ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਚੱਲ ਕੇ ਪੰਜਾਬ ਅਤੇ ਸਿੱਖ ਕੌਮ ਦੀ ਸੁਰੱਖਿਆ ਲਈ ਇੱਕਠੇ ਹੋਣ।
Posted By: GURBHEJ SINGH ANANDPURI