Nazrana Times

ਪੰਜਾਬੀ

ਫਰੈਂਕਫੋਰਟ ਤੋਂ ਸ਼ੁੱਭ ਅਗਾਜ਼ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਸਿੱਖ ਵੈਲਫੇਅਰ ਸੁਸਾਇਟੀ ਫਰੈਂਕਫਰਟ ਦੀ ਨਵੀਂ ਪ੍ਰਬੰਧਕ ਕਮੇਟੀ ਦੀ ਚੋਣ ਇਕ ਸ਼ੁੱਭ ਅਗਾਜ

17 May, 2026 09:50 PM

ਫਰੈਂਕਫੋਰਟ ਜਰਮਨੀ - ਬਿੱਟੂ ਅਰਪਿੰਦਰ ਸਿੰਘ - ਬੀਤੇ ਦਿਨੀ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਸਿੱਖ ਵੈਲਫੇਅਰ ਸੁਸਾਇਟੀ ਫਰੈਂਕਫਰਟ ਦੀ ਨਵੀ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ ! ਜਿਸ ਵਿਚ ਨੌਜਵਾਨਾਂ ਨੂੰ ਸ਼ਾਮਲ ਕਰਕੇ ਵੱਡੀ ਜਿੰਮੇਵਾਰੀ ਦਿੱਤੀ ਗਈ ! ਜੋ ਕਿ ਇੱਕ ਸ਼ੁੱਭ ਕਰਮਨ ਤੇ ਨੇਕ ਉਪਰਾਲਾ ਹੈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ! ਜੇ ਵੇਖਿਆ ਜਾਵੇ ਤਾਂ ਸੇਵਾ ਦੇ ਸਾਰੇ ਕਾਰਜ ਤਾਂ ਨੌਜਵਾਨ ਹੀ ਕਰਦੇ ਹਨ , ਪਤਵੰਤੇ ਤਾਂ ਚਿੱਟੇ ਕੁੜਤਿਆਂ ਤੇ ਬਿੱਲੇ ਲਾ ਕੇ ਸਟੇਜ ਤੇ ਬਿਰਾਜਮਾਨ ਹੁੰਦੇ ਹਨ ! ਉਹ ਵੀ ਜ਼ਰੂਰੀ ਹੈ ਸਵਾਗਤੀ ਭਾਸ਼ਨ ਵੀ ਸਿਆਣੇ ਨਾਗਰਿਕਾਂ ਦੇ ਮੂੰਹੋਂ ਹੀ ਫਬਦੇ ਹਨ ਤੇ ਇਨਾਮ ਵੀ ਵੱਡਿਆਂ ਹੱਥੋਂ ਲੈ ਕੇ ਈ ਮਾਣ ਹੁੰਦਾ ਹੈ ! ਪਰ ਫਿਰ ਵੀ ਕੁਦਰਤ ਦਾ ਨਿਯਮ ਹੈ ਪੁਰਾਣੇ ਪੱਤੇ ਝੜਦੇ ਤੇ ਕਰੂੰਬਲ਼ਾਂ ਫੁੱਟਦੀਆਂ ਹਨ ! ਉਹ ਅਕਲਮੰਦ ਲੋਕ ਹੁੰਦੇ ਹਨ ਜੋ ਆਪਣੀ ਵਿਰਾਸਤ ਆਪਣੀ ਅਗਲੀ ਪੀੜ੍ਹੀ ਨੂੰ ਸੌਂਪਦੇ ਹਨ ! 

ਖ਼ੈਰ ਦੇਰ ਆਏ ਦਰੁਸਤ ਆਏ ਧੰਨਵਾਦ ਸੀਨੀਅਰ ਸਿਟੀਜਨਾਂ ਦਾ ਜਿੰਨਾ ਆਪਣੇ ਬੱਚਿਆਂ ਨੂੰ ਮੌਕਾ ਦਿੱਤਾ ਹੈ ! ਆਸ ਹੈ ਕਿ ਨੌਜਵਾਨ ਖੇਡ ਮੇਲੇ, ਸੰਤਾਂ ਮਹਾਂਪੁਰਸ਼ਾਂ ਦੀਆਂ ਬਰਸੀਆਂ ਤੇ ਦਿਨ ਦਿਹਾੜੇ ਹੋਰ ਉਤਸ਼ਾਹ ਨਾਲ ਮਨਾਉਣਗੇ ! ਆਸ ਹੈ ਇਸੇ ਤਰ੍ਹਾਂ ਪੁਰਾਣੇ ਪਤਵੰਤੇ ਗੁਰੂ ਘਰਾਂ ਦੀ ਪ੍ਰਧਾਨਗੀਆਂ ਤੇ ਹੋਰਨਾਂ ਚੌਧਰਾਂ ਤੋ ਰਿਟਾਇਰਮੈੰਟ ਲੈਕੇ ਨਾਮ ਜਪ ਜੀਵਨ ਸਫਲਾ ਕਰਨਗੇ ! ਕਿਓਕਿ ਬੀਤੇ ਸਮੇਂ ਵਿਚ ਜੋ ਮਹਾਂ ਗਲਤੇ ਤੇ ਖੁਨਾਮੀਆਂ (ਬਦਨਾਮੀਆਂ) ਹੋਈਆਂ ਹਨ ਉਹਨਾਂ ਦੀ ਭਰਪਾਈ ਨੌਜਵਾਨ ਹੀ ਕਰ ਸਕਦੇ ਹਨ ਸੋ ਆਪੇ ਬਣੇ ਸਿਆਣਿਆਂ ਲਈ ਗੁਰੂ ਦਾ ਫੁਰਮਾਨ ਹੈ :-

ਸੂਹੀ ਮਹਲਾ ੫ ॥
ਦੀਨੁ ਛਡਾਇ ਦੁਨੀ ਜੋ ਲਾਏ ॥
ਦੁਹੀ ਸਰਾਈ ਖੁਨਾਮੀ ਕਹਾਏ ॥੧॥
ਰਾਗੁ ਸੂਹੀ - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ - ਪੰਨਾ 743

ਨਵੀਂ ਚੁਣੀ ਗਈ ਕਮੇਟੀ ਦੇ ਸਾਰੇ ਵੀਰਾਂ ਜਿਵੇਂ ਕਿ ਪ੍ਰਧਾਨ ਭਾਈ ਬਲਵਿੰਦਰ ਸਿੰਘ ਜੀ ਭੋਲਾ, ਚੇਅਰਮੈਨ ਭਾਈ ਰਣਜੀਤ ਸਿੰਘ ਜੀ ਸੁਮਨ, ਮੀਤ ਪ੍ਰਧਾਨ ਭਾਈ ਮਨਪ੍ਰੀਤ ਸਿੰਘ ਜੀ, ਖਜ਼ਾਨਚੀ ਭਾਈ ਕਰਤਾਰ ਸਿੰਘ ਜੀ ਜੰਮੂ, ਅਤੇ ਸਾਰੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਤੇ ਹਲਾਸ਼ੇਰੀ ਦੇਣ ਵਾਲੇ ਸਾਡੇ ਸੁਲ਼ਝੇ ਹੋਏ ਪਤਵੰਤੇ ਜਨਰਲ ਸਕੱਤਰ ਭਾਈ ਰੁਲਦਾ ਸਿੰਘ ਜੀ ਨੂੰ ਢੇਰ ਸਾਰੀਆਂ ਮੁਬਾਰਕਾਂ ! ਤੇ ਸ਼ੁੱਭ ਕਾਮਨਾਵਾਂ ! ਸਾਰੇ ਅਗਾਂਹ ਵਧੂ ਨੌਜਵਾਨ ਵੀਰਾਂ ਨੂੰ ਢੇਰਾਂ ਸਾਰੀਆਂ ਵਧਾਈਆਂ ! 

ਸੋ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਸਿੱਖ ਵੈਲਫੇਅਰ ਸੁਸਾਇਟੀ ਫਰੈਂਕਫਰਟ ਦੀ ਨਵੀ ਪ੍ਰਬੰਧਕ ਕਮੇਟੀ ਉਹਨਾਂ ਦੇ ਸਮਰਥਕ ਨੌਜਵਾਨ ਵੀਰਾਂ, ਭਾਈ ਘਨਈਆ ਦੀ ਸੇਵਾ ਸੁਸਾਇਟੀ , ਬਾਬਾ ਪ੍ਰੇਮ ਸਿੰਘ ਜੀ ਸੇਵਾ ਸੰਸਥਾ, ਹੋਰ ਵੀ ਸਾਰੇ ਕਲੱਬਾਂ, ਸੰਸਥਾਵਾਂ ਤੇ ਖਾਸ ਕਰ ਨੌਜਵਾਨਾਂ ਨੂੰ ਬੇਨਤੀ ਹੈ ਕਿ ਆਓ ਜੇ ਹੰਭਲਾ ਮਾਰਿਆ ਹੈ ਤਾਂ ਗੁਰੂ ਘਰ ਦੀ ਕਮੇਟੀ ਵਾਲੇ ਪਾਸੇ ਵੀ ਹੋਵੋ ਤੇ ਆਪ ਅੱਗੇ ਲੱਗੋ ਤਾਹਡੇ ਤੋ ਬਗੈਰ ਸੁਧਾਰ ਸੰਭਵ ਨਹੀ ! ਸੋ ਕਰੋ ਕਮਰ ਕੱਸੇ ਅਸੀਂ ਸੱਭ ਤਾਹਡੇ ਨਾਲ ਹਾਂ ਕਰੋ ਕੋਈ ਚੜਦੀ ਕਲਾ ਵਾਲਾ ਉਪਰਾਲਾ ਕੋਈ ਸਕੂਲ ਕੋਈ ਪਾਠਸ਼ਾਲਾ ਕੋਈ ਪੰਜਾਬੀ ਕਿੰਡਰਗਾਰਡਨ ਬਣਾਓ ਵੀਰੋ ! ਇਹਨਾਂ ਹਰਫ਼ਾਂ ਦਾ ਲਿਖਾਰੀ ਵੀ ਕੋਈ ਚੜਦੀ ਕਲਾ ਵਾਲਾ ਸੋਹਣਾ ਲੇਖ ਲਿਖੇ ! ਹੁਣ ਤੇ ਯਾਰੋ ਪੁਰਾਣੇ ਪਤਵੰਤਿਆਂ ਦੀ ਬਖਤੋਈ ਕਰਨ ਲੱਗਿਆਂ ਵੀ ਸੰਗ ਆਂਉਂਦੀ ਕੀ ਕਰਾਂ ! ਚਾਰ ਦਹਾਕੇ ਦਾਸ ਨੂੰ ਵੇੰਹਦਿਆਂ ਹੋਗੇ ਗੁਰੂ ਘਰ ਦੇ ਮਸਲੇ ਨੂੰ ! ਕਸ਼ਮੀਰ ਦੇ ਮਸਲੇ ਵਾਂਗ ਹਲ ਹੋਇਆ ਨਹੀਂ ਤੇ ਇਹਨਾਂ ਤੋ ਹੋਣਾ ਵੀ ਨਹੀ ! ਸੋ ਲੁੱਟ ਲਓ ਇਹ ਸੇਵਾ ਵੀ ਗੁਰੂ ਭਲੀ ਕਰੂ ! 
 

ਅਕਾਲ ਸਹਾਇ
ਬਿੱਟੂ ਅਰਪਿੰਦਰ ਸਿੰਘ 
ਫਰੈਂਕਫੋਰਟ ਜਰਮਨੀ

Posted By: GURBHEJ SINGH ANANDPURI

Latest News