ਕੁਦਰਤ ਨੇ ਮਚਾਇਆ ਕਹਿਰ ! ਭਾਰੀ ਬਾਰਿਸ਼ ਮਗਰੋਂ ਅਸਮਾਨੀ ਬਿਜਲੀ ਨੇ ਲਈ 14 ਲੋਕਾਂ ਦੀ ਜਾਨ
ਨਵੀਂ ਦਿੱਲੀ 6 ਮਈ, ਗੁਰਪ੍ਰੀਤ ਸਿੰਘ ਚੋਹਕਾ
ਉੱਤਰੀ ਭਾਰਤ ਤੇ ਪੱਛਮੀ ਸੂਬਿਆਂ 'ਚ ਮੌਸਮ ਲਗਾਤਾਰ ਕਰਵਟ ਬਦਲ ਰਿਹਾ ਹੈ, ਜਿਸ ਕਾਰਨ ਕਦੇ ਅਚਾਨਕ ਗਰਮੀ ਹੋ ਜਾਂਦੀ ਹੈ ਤੇ ਕਦੇ ਬਾਰਿਸ਼ ਕਾਰਨ ਤਾਪਮਾਨ ਹੇਠਾਂ ਡਿੱਗ ਜਾਂਦਾ ਹੈ। ਇਸ ਦੌਰਾਨ ਬੇਮੌਸਮੀ ਬਾਰਿਸ਼, ਗੜ੍ਹੇਮਾਰੀ ਅਤੇ ਗਰਜ-ਤੂਫਾਨ ਨੇ ਗੁਜਰਾਤ ਭਰ ਵਿੱਚ ਭਾਰੀ ਤਬਾਹੀ ਮਚਾਈ ਹੈ। ਇਸ ਦੌਰਾਨ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਦਾਹੋਦ, ਭਰੂਚ, ਅਮਰੇਲੀ, ਸੁਰੇਂਦਰਨਗਰ, ਮਹਿਸਾਣਾ, ਬੋਟਾਦ, ਪੰਚਮਹਿਲ, ਖੇੜਾ, ਸਾਬਰਕਾਂਠਾ, ਸੂਰਤ ਅਤੇ ਅਹਿਮਦਾਬਾਦ ਸ਼ਾਮਲ ਹਨ।
ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਰਿਪੋਰਟ ਦਿੱਤੀ ਹੈ ਕਿ ਗੁਜਰਾਤ ਦੇ ਕਈ ਇਲਾਕਿਆਂ 'ਚ 10 ਘੰਟਿਆਂ ਦੀ ਮਿਆਦ ਦੇ ਅੰਦਰ 50 ਮਿਲੀਮੀਟਰ ਤੱਕ ਬਾਰਿਸ਼ ਹੋਈ, ਜਿਸ ਨਾਲ ਆਮ ਜੀਵਨ ਕਾਫ਼ੀ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਫਸਲਾਂ ਅਤੇ ਇਮਾਰਤਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਇਸ ਭਿਆਨਕ ਅਸਮਾਨੀ ਬਿਜਲੀ ਕਾਰਨ ਇਨਸਾਨਾਂ ਤੋਂ ਇਲਾਵਾ 40 ਜਾਨਵਰਾਂ ਦੀ ਵੀ ਜਾਨ ਚਲੀ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਭਾਰੀ ਬਾਰਿਸ਼ ਅਤੇ ਗਰਜ-ਤੂਫਾਨ ਲਈ ਚੇਤਾਵਨੀਆਂ ਜਾਰੀ ਕੀਤੀਆਂ ਹਨ। ਗੁਜਰਾਤ ਸਰਕਾਰ ਨੇ ਰਾਹਤ ਅਤੇ ਪੁਨਰਵਾਸ ਦੇ ਯਤਨ ਸ਼ੁਰੂ ਕੀਤੇ ਹਨ, ਜਿਸ ਵਿੱਚ ਨੁਕਸਾਨ ਦਾ ਮੁਲਾਂਕਣ ਕਰਨਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਹੈ।
Posted By: GURBHEJ SINGH ANANDPURI