Nazrana Times

ਪੰਜਾਬੀ

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ.ਐੱਸ.ਪੀ.ਸਿੰਘ ਉਬਰਾਏ “ਅੰਬੈਸਡਰ ਫਾਰ ਪੀਸ” ਐਵਾਰਡ ਨਾਲ ਸਨਮਾਨਿਤ

27 Sep, 2026 09:40 PM

ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,27 ਸਤੰਬਰ
ਆਪਣੀ ਨਿਵੇਕਲੀ ਸੇਵਾ ਕਾਰਜ ਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ ਮਨੁੱਖਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਉੱਘੇ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਉਬਰਾਏ ਨੂੰ ਡੀ.ਸੀ. ਵਾਸ਼ਿੰਗਟਨ,ਅਮਰੀਕਾ ਵਿਖੇ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਯੂਨੀਵਰਸਲ ਪੀਸ ਫੈਡਰੇਸ਼ਨ (ਯੂ.ਪੀ.ਐੱਫ.) ਵੱਲੋਂ “ਅੰਬੈਸਡਰ ਫਾਰ ਪੀਸ” ਨਾਮੀ ਵਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਰਬੱਤ ਦਾ ਭਲਾ ਟਰੱਸਟ ਦੇ ਬੁਲਾਰੇ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਡਾ.ਉਬਰਾਏ ਨੂੰ ਇਹ ਐਵਾਰਡ ਯੂਨੀਵਰਸਲ ਪੀਸ ਫੈਡਰੇਸ਼ਨ ਯੂ.ਐੱਸ.ਏ. ਦੀ ਵਾਈਸ ਪ੍ਰੈਜ਼ੀਡੈਂਟ ਟੋਮੀਕੋ ਦੁਗਾਨ ਵੱਲੋਂ ਉਨ੍ਹਾਂ ਦੀਆਂ ਬਿਨਾਂ ਕਿਸੇ ਸਵਾਰਥ ਤੋਂ ਲੋੜਵੰਦ ਲੋਕਾਂ ਲਈ ਸਿੱਖਿਆ ਤੇ ਸਿਹਤ ਸੇਵਾਵਾਂ ਦੇ ਨਾਲ-ਨਾਲ ਕੁਦਰਤੀ ਆਫ਼ਤਾਂ ਦੌਰਾਨ ਰਾਹਤ ਕਾਰਜਾਂ ਵਿਚ ਹਮੇਸ਼ਾਂ ਕੀਤੀ ਜਾਂਦੀ ਪਹਿਲਕਦਮੀ ਅਤੇ ਸਮਾਜ ਭਲਾਈ ਦੇ ਹੋਰਨਾਂ ਅਨੇਕਾਂ ਹੀ ਖੇਤਰ ਵਿੱਚ ਨਿਰੰਤਰ ਪਾਏ ਜਾ ਰਹੇ ਬੇਮਿਸਾਲ ਯੋਗਦਾਨ ਲਈ ਭੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸਮਾਗਮ ਨੂੰ ਸੰਬੋਧਨ ਕਰਦਿਆਂ ਟੋਮੀਕੋ ਦੁਗਾਨ ਨੇ ਡਾ.ਉਬਰਾਏ ਨੂੰ “ਭਾਈਚਾਰੇ ਦਾ ਅਨਮੋਲ ਹੀਰਾ” ਕਰਾਰ ਦਿੰਦਿਆਂ ਕਿਹਾ ਕਿ ਡਾ.ਉਬਰਾਏ ਦੀਆਂ ਨਿਰਸਵਾਰਥ ਸੇਵਾਵਾਂ ਨੇ ਅਣਗਿਣਤ ਲੋਕਾਂ ਦੀ ਜ਼ਿੰਦਗੀ ਵਿੱਚ ਆਸ ਦੀ ਕਿਰਨ ਜਗਾਈ ਹੈ।ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟਾਇਆ ਕਿ ਯੂਨੀਵਰਸਲ ਪੀਸ ਫੈਡਰੇਸ਼ਨ ਨਾਲ ਡਾ.ਉਬਰਾਏ ਦੀ ਇਹ ਸਾਂਝ ਸ਼ਾਂਤੀ, ਏਕਤਾ,ਆਪਸੀ ਸਤਿਕਾਰ ਅਤੇ ਮਨੁੱਖੀ ਭਲਾਈ ਦੇ ਵਿਸ਼ਵਵਿਆਪੀ ਮਿਸ਼ਨ ਨੂੰ ਹੋਰ ਵੀ ਮਜ਼ਬੂਤ ਕਰੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਭਾਈਚਾਰੇ ਦੀਆਂ ਹੋਰਨਾਂ ਪ੍ਰਮੁੱਖ ਸਖ਼ਸ਼ੀਅਤਾਂ ਨੇ ਡਾ.ਐਸ.ਪੀ.ਸਿੰਘ ਉਬਰਾਏ ਨੂੰ ਇਸ ਅਵਾਰਡ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ “ਅੰਬੈਸਡਰ ਫਾਰ ਪੀਸ” ਦਾ ਸਨਮਾਨ ਉਨ੍ਹਾਂ ਦੀਆਂ ਸਮਾਜ ਭਲਾਈ ਨੂੰ ਸਮਰਪਿਤ ਨਿਰਸਵਾਰਥ ਸੇਵਾਵਾਂ ਦੀ ਯੋਗ ਪਛਾਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾ.ਉਬਰਾਏ ਵੱਲੋਂ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠ ਕੇ ਬਿਨਾਂ ਕਿਸੇ ਧਰਮ,ਜਾਤ ਜਾਂ ਰੰਗ ਦੇ ਭੇਦ ਭਾਵ ਤੋਂ ਹਜ਼ਾਰਾਂ ਹੀ ਲੋੜਵੰਦ ਬਜ਼ੁਰਗਾਂ,ਵਿਦਿਆਰਥੀਆਂ ਦੀ ਪੜ੍ਹਾਈ,ਗਰੀਬ ਪਰਿਵਾਰਾਂ ਲਈ ਸਿਹਤ ਸਹੂਲਤਾਂ,ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ,ਵਿਦੇਸ਼ਾਂ 'ਚ ਜਾਨ ਗਵਾਉਣ ਵਾਲੇ ਲੋਕਾਂ ਦੇ ਮ੍ਰਿਤਕ ਸਰੀਰ ਵਾਰਸਾਂ ਤੱਕ ਪਹੁੰਚਾਉਣ ਅਤੇ ਕੁਦਰਤੀ ਆਫ਼ਤਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਕੀਤੇ ਜਾਣ ਵਾਲੇ ਵੱਡੇ ਰਾਹਤ ਕਾਰਜਾਂ ਦੀ ਬਦੌਲਤ ਦੁਨੀਆਂ ਭਰ ਵਿੱਚ ਡਾ.ਉਬਰਾਏ ਨੂੰ ਹਰ ਖਿੱਤੇ ਦੇ ਲੋਕਾਂ ਵੱਲੋਂ ਸਤਿਕਾਰਰਿਆ ਜਾਂਦੇ ਹੈ,ਜੋ ਸਾਡੇ ਭਾਈਚਾਰੇ ਲਈ ਵੱਡੇ ਮਾਣ ਵਾਲੀ ਗੱਲ ਹੈ। ਬੁਲਾਰੇ ਅਨੁਸਾਰ ਡਾ.ਉਬਰਾਏ ਨੇ ਇਸ ਵਕਾਰੀ ਸਨਮਾਨ ਅਤੇ ਨਿੱਘੇ ਸਵਾਗਤ ਲਈ ਯੂਨੀਵਰਸਲ ਪੀਸ ਫੈਡਰੇਸ਼ਨ ਅਤੇ ਭਾਈਚਾਰੇ ਦੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਅਤੇ ਵਿਸ਼ਵ ਸ਼ਾਂਤੀ ਦੇ ਆਪਣੇ ਮਿਸ਼ਨ ਨੂੰ ਹੋਰ ਸਮਰਪਣ ਨਾਲ ਅੱਗੇ ਵੀ ਜਾਰੀ ਰੱਖਣਗੇ।

ਸਮਾਗਮ ਦੌਰਾਨ ਉਪਰੋਕਤ ਤੋਂ ਇਲਾਵਾ ਡਾ.ਸੁਰਿੰਦਰ ਸਿੰਘ ਗਿੱਲ ਚੇਅਰਮੈਨ ਇੰਟਰਨੈਸ਼ਨਲ ਫੋਰਮ ਯੂ.ਐੱਸ.ਏ., ਡਾ.ਦਵਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ਼ ਪੰਜਾਬੀ ਕਲੱਬ ਮੈਰੀਲੈਂਡ, ਕੇ.ਕੇ. ਸਿੱਧੂ ਸੰਸਥਾਪਕ ਪੰਜਾਬੀ ਕਲੱਬ ਮੈਰੀਲੈਂਡ,ਰਣਜੀਤ ਚਹਿਲ ਸਕੱਤਰ ਪੰਜਾਬੀ ਕਲੱਬ, ਗੁਰਚਰਨ ਸਿੰਘ ਗੁਰੂ ਪ੍ਰਧਾਨ ਵਰਲਡ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ, ਜਗਵਿੰਦਰ ਸਿੰਘ, ਡਾ. ਕਰੀਨਾ ਹੂ ਪੇਟੈਂਟ-ਇਨ-ਚੀਫ਼ ਇੰਟਰਨੈਸ਼ਨਲ ਫੋਰਮ ਯੂ.ਐੱਸ.ਏ. ,ਨੌਨਿਹਾਲ ਸਿੰਘ,ਨਿਰਪਜੀਤ ਸਿੰਘ, ਰਣਜੀਤ ਰਾਣਾ, ਰਾਇਲ ਤਾਜ ਦੇ ਮਾਲਕ ਜਸਵਿੰਦਰ ਸਿੰਘ ਅਤੇ ਲਲਿਤ ਝਾਅ ਸਮੇਤ ਕਈ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।

Posted By: GURBHEJ SINGH ANANDPURI

Latest News