ਡਾ.ਉਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਰਾਹੀਂ ਸ਼ੁਰੂ ਕੀਤੀ ਨਿਵੇਕਲੀ ਸੇਵਾ
ਸਮਾਜ ਸੇਵਾ | Fri, 07 Feb 2025 18:42:00 +0000
ਡਾ.ਉਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਰਾਹੀਂ ਸ਼ੁਰੂ ਕੀਤੀ ਨਿਵੇਕਲੀ ਸੇਵਾ

ਡਾ.ਉਬਰਾਏ ਨੇ ਸਰਬੱਤ ਦਾ ਭਲਾ ਟਰੱਸਟ ਰਾਹੀਂ ਸ਼ੁਰੂ ਕੀਤੀ ਨਿਵੇਕਲੀ ਸੇਵਾ

ਪੰਜਾਬ ਤੋਂ ਇਲਾਵਾ ਦੂਸਰੇ ਸੂਬਿਆਂ ਦੇ ਲੋਕਾਂ ਲਈ ਵੀ ਹੋਵੇਗੀ ਮੁਫ਼ਤ ਐਂਬੂਲੈਂਸ ਸੇਵਾ-ਡਾ. ਉਬਰਾਏ

ਰਾਕੇਸ਼ ਨਈਅਰ ਚੋਹਲਾ

ਅੰਮ੍ਰਿਤਸਰ,7 ਫ਼ਰਵਰੀ

ਆਪਣੇ ਮਿਸਾਲੀ ਸੇਵਾ ਕਾਰਜਾਂ ਕਾਰਨ ਪੂਰੀ ਦੁਨੀਆਂ ਅੰਦਰ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਉਬਰਾਏ ਨੇ ਇੱਕ ਵਾਰ ਮੁੜ ਨਿਵੇਕਲੀ ਪਹਿਲ ਕਰਦਿਆਂ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਕਿਸੇ ਵੀ ਦੇਸ਼ ਤੋਂ ਪਹੁੰਚਣ ਵਾਲੇ ਮਿਤ੍ਰਕ ਸਰੀਰਾਂ ਅਤੇ ਬਿਮਾਰ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਤੱਕ ਪਹੁੰਚਾਉਣ ਲਈ ਐਂਬੂਲੈਂਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਜਿਸ ਤਹਿਤ ਅੱਜ ਡਾ.ਉਬਰਾਏ ਵੱਲੋਂ ਉਕਤ ਐਂਬੂਲੈਂਸ ਨੂੰ ਟਰੱਸਟ ਦੀ ਅੰਮ੍ਰਿਤਸਰ ਇਕਾਈ ਨੂੰ ਸੌਂਪਿਆ ਗਿਆ। ਡਾ.ਉਬਰਾਏ ਵੱਲੋਂ ਇਹ ਮੁਫ਼ਤ ਐਂਬੂਲੈਂਸ ਸੇਵਾ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੀ 450 ਸਾਲਾ ਗੁਰਤਾਗੱਦੀ ਨੂੰ ਸਮਰਪਿਤ ਕੀਤੀ ਗਈ ਹੈ।ਇਸ ਦੌਰਾਨ ਗੱਲਬਾਤ ਕਰਦਿਆਂ ਡਾ.ਉਬਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਅਰਬ ਦੇਸ਼ਾਂ ਸਮੇਤ ਹੋਰਨਾਂ ਦੇਸ਼ਾਂ ਅੰਦਰ ਆਪਣੀ ਜਾਨ ਗਵਾਉਣ ਵਾਲੇ ਬਦਨਸੀਬ ਲੋਕਾਂ ਦੇ ਮਿਤ੍ਰਕ ਸਰੀਰ ਵਾਰਸਾਂ ਤੱਕ ਪਹੁੰਚਾਉਣ ਦੀ ਸੇਵਾ ਨਿਭਾਉਂਦਿਆਂ ਵੇਖਣ ਵਿੱਚ ਆਇਆ ਸੀ ਕਿ ਬਹੁਤ ਸਾਰੇ ਲੋੜਵੰਦ ਪਰਿਵਾਰ ਆਪਣੇ ਧੀਆਂ-ਪੁੱਤਾਂ ਦੇ ਮ੍ਰਿਤਕ ਸਰੀਰ ਘਰ ਲੈ ਕੇ ਜਾਣ ਲਈ ਐਂਬੂਲੈਂਸ ਦਾ ਪ੍ਰਬੰਧ ਵੀ ਨਹੀਂ ਸਨ ਕਰ ਸਕਦੇ।ਜਿਸ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਅੱਜ ਤੋਂ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਕਿਸੇ ਵੀ ਦੇਸ਼ ਤੋਂ ਪਹੁੰਚਣ ਵਾਲੇ ਮ੍ਰਿਤਕ ਸਰੀਰ ਅਤੇ ਆਮ ਗੱਡੀ 'ਚ ਸਫ਼ਰ ਕਰਨ ਦੇ ਸਮਰੱਥ ਨਾ ਹੋਣ ਵਾਲੇ ਵਿਅਕਤੀਆਂ ਨੂੰ ਮੁਫ਼ਤ ਐਂਬੂਲੈਂਸ/ਸ਼ਵ ਵੈਨ ਦੀ ਸੇਵਾ ਦਿੱਤੀ ਜਾਵੇਗੀ।ਉਨ੍ਹਾਂ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਸੇਵਾ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਦੇ ਲੋਕਾਂ ਲਈ ਵੀ ਹੋਵੇਗੀ। ਡਾ.ਉਬਰਾਏ ਨੇ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਜੇਕਰ ਵਿਦੇਸ਼ਾਂ ਅੰਦਰ ਭੇਜਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਉੱਚ ਸਿੱਖਿਆ ਤੇ ਕਿੱਤਾ ਮੁਖੀ ਸਿਖਲਾਈ ਜ਼ਰੂਰ ਦਵਾਉਣ ਤੋਂ ਇਲਾਵਾ ਸਹੀ ਦਸਤਾਵੇਜਾਂ ਅਤੇ ਜਾਇਜ਼ ਤਰੀਕੇ ਨਾਲ ਹੀ ਭੇਜਣ।ਇਸ ਮੌਕੇ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ,ਮੀਡੀਆ ਅਡਵਾਈਜ਼ਰ ਰਵਿੰਦਰ ਰੌਬਿਨ, ਸਲਾਹਕਾਰ ਸੁਖਦੀਪ ਸਿੱਧੂ,ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ,ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ,ਵਿੱਤ ਸਕੱਤਰ ਨਵਜੀਤ ਸਿੰਘ ਘਈ,ਮਨਪ੍ਰੀਤ ਸਿੰਘ ਆਦਿ ਵੀ ਮੌਜ਼ੂਦ ਸਨ।


Posted By: GURBHEJ SINGH ANANDPURI