ਕਾਂਗਰਸ ਦੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਦੌਰਾਨ ਸਾਬਕਾ ਪ੍ਰਧਾਨ ਦੇ ਵਿਵਹਾਰ ਅਤੇ ਬੋਲਾਂ 'ਚੋਂ ਝਲਕਦਾ ਰਿਹਾ ਪ੍ਰਧਾਨਗੀ ਜਾਣ ਦਾ ਮਲਾਲ!
- ਰਾਜਨੀਤੀ
- (Asia/Kolkata)
ਮੰਗਤ ਸਿੰਘ ਸੈਦਪੁਰ / ਬਿੰਦਰ ਸਿੰਘ ਖੁੱਡੀ ਕਲਾਂ
ਚੰਡੀਗੜ੍ਹ, 12 ਅਕਤੂਬਰ 2026
:ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਭਵਨ ਅੰਦਰ ਐਤਵਾਰ ਦਾ ਦਿਨ ਸਿਆਸੀ ਹਲਚਲ, ਉਤਸ਼ਾਹ, ਤਣਾਅ ਅਤੇ ਅੰਦਰੂਨੀ ਖਿੱਚੋਤਾਣ ਦਾ ਇੱਕ ਅਨੋਖਾ ਸੰਗਮ ਲੈ ਕੇ ਆਇਆ। ਮੌਕੇ ਦੀ ਨਜ਼ਾਕਤ ਇਹ ਸੀ ਕਿ ਪਾਰਟੀ ਸੂਬੇ ਵਿੱਚ ਨਵੇਂ ਦੌਰ ਦੀ ਸ਼ੁਰੂਆਤ ਦਾ ਦਾਅਵਾ ਕਰ ਰਹੀ ਸੀ ਅਤੇ ਪਾਰਟੀ ਦੇ ਦਿੱਗਜ ਆਗੂ ਇੱਕਜੁੱਟਤਾ ਦਾ ਸੁਨੇਹਾ ਦੇਣ ਲਈ ਇੱਕੋ ਮੰਚ 'ਤੇ ਮੌਜੂਦ ਸਨ। ਪਰ ਇਸ ਸਾਰੇ ਰਸਮੀ ਮਾਹੌਲ ਦੇ ਪਰਦੇ ਪਿੱਛੇ ਜੋ ਕੁਝ ਚੱਲ ਰਿਹਾ ਸੀ, ਉਸਨੇ ਸਿਆਸੀ ਮਾਹਿਰਾਂ ਅਤੇ ਉੱਥੇ ਮੌਜੂਦ ਲੋਕਾਂ ਦਾ ਧਿਆਨ ਖਿੱਚਣ ਵਿੱਚ ਕੋਈ ਕਸਰ ਨਹੀਂ ਛੱਡੀ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਵਜੋਂ ਪਰਗਟ ਸਿੰਘ ਦੀ ਤਾਜਪੋਸ਼ੀ ਦਾ ਇਹ ਸਮਾਗਮ ਭਾਵੇਂ ਵੇਖਣ ਵਿੱਚ ਪਾਰਟੀ ਦੀ ਮਜ਼ਬੂਤੀ ਅਤੇ ਨਵੀਂ ਦਿਸ਼ਾ ਦਾ ਪ੍ਰਤੀਕ ਬਣ ਕੇ ਉਭਰਿਆ, ਪਰ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਭਾਸ਼ਣ, ਉਨ੍ਹਾਂ ਦਾ ਸਰੀਰਕ ਅੰਦਾਜ਼, ਉਨ੍ਹਾਂ ਦੇ ਬੋਲ ਅਤੇ ਸਮਾਗਮ ਤੋਂ ਪਹਿਲਾਂ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ ਸਾਫ਼-ਸਾਫ਼ ਬਿਆਨ ਕਰ ਰਿਹਾ ਸੀ ਕਿ ਉਨ੍ਹਾਂ ਦੇ ਅੰਦਰ ਪ੍ਰਧਾਨਗੀ ਖੁੱਸਣ ਦਾ ਮਲਾਲ ਅਤੇ ਦੁੱਖ ਕਿਸ ਹੱਦ ਤੱਕ ਘਰ ਕਰ ਚੁੱਕਾ ਹੈ। ਕਿਉਂਕਿ ਇਹ ਮੌਕਾ ਜਿੱਥੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਦਾ ਸੀ, ਉੱਥੇ ਹੀ ਸਾਬਕਾ ਪ੍ਰਧਾਨ ਦੀ ਰਸਮੀ ਵਿਦਾਇਗੀ ਦਾ ਵੀ ਸੀ।ਸਿਆਸਤ ਵਿੱਚ ਆਹੁਦੇ ਜਾਣਾ ਕੋਈ ਨਵੀਂ ਗੱਲ ਨਹੀਂ ਹੈ।ਪਰ ਜਦੋਂ ਕੋਈ ਆਗੂ ਆਪਣੀ ਪੂਰੀ ਤਾਕਤ ਅਤੇ ਅਹੁਦੇ ਨੂੰ ਛੱਡਣ ਲਈ ਮਜਬੂਰ ਹੁੰਦਾ ਹੈ ਜਾਂ ਹਾਈਕਮਾਂਡ ਦੇ ਫ਼ੈਸਲੇ ਅੱਗੇ ਬੇਵੱਸ ਨਜ਼ਰ ਆਉਂਦਾ ਹੈ, ਤਾਂ ਉਸ ਦੇ ਦਿਲ ਦੀ ਪੀੜ ਅਕਸਰ ਉਸ ਦੇ ਸ਼ਬਦਾਂ ਅਤੇ ਚਿਹਰੇ ਦੇ ਹਾਵ-ਭਾਵਾਂ ਰਾਹੀਂ ਬਾਹਰ ਆ ਹੀ ਜਾਂਦੀ ਹੈ।
ਇਸ ਪੂਰੇ ਘਟਨਾਕ੍ਰਮ ਦੀ ਸ਼ੁਰੂਆਤ ਹੀ ਉਸ ਸਮੇਂ ਹੋ ਗਈ ਸੀ ਜਦੋਂ ਰਸਮੀ ਤੌਰ 'ਤੇ ਕਾਰਜਭਾਰ ਸੰਭਾਲਣ ਤੋਂ ਕੁਝ ਘੰਟੇ ਪਹਿਲਾਂ ਰਾਜਾ ਵੜਿੰਗ ਨੇ ਚੰਡੀਗੜ੍ਹ ਦੇ ਸੈਕਟਰ 10 ਵਿੱਚ ਸਥਿਤ ਇੱਕ ਆਲੀਸ਼ਾਨ ਅਤੇ ਇਤਿਹਾਸਕ ਕਿਰਾਏ ਦੇ ਮਕਾਨ ਵਿਖੇ ਆਪਣੇ ਹਜ਼ਾਰਾਂ ਸਮਰਥਕਾਂ ਦਾ ਭਾਰੀ ਇਕੱਠ ਕੀਤਾ। ਇਹੀ ਉਹ ਘਰ ਹੈ ਜੋ ਕਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਅੱਡਾ ਹੋਇਆ ਕਰਦਾ ਸੀ। ਰਾਜਾ ਵੜਿੰਗ ਵੱਲੋਂ ਇਸ ਵਿਸ਼ੇਸ਼ ਜਗ੍ਹਾ ਨੂੰ ਚੁਣਨਾ ਅਤੇ ਉੱਥੇ ਆਪਣੇ ਸਮਰਥਕਾਂ ਦਾ ਵੱਡਾ ਇਕੱਠ ਕਰਨਾ ਕਹਾਈਕਮਾਂਡ ਖਾਸ ਕਰਕੇ ਸੂਬਾ ਇੰਚਾਰਜ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਜ਼ਿਆਦਾ ਜਾਪਦਾ ਸੀ। ਸਿਆਸੀ ਗਲਿਆਰਿਆਂ ਵਿੱਚ ਇਸ ਗਰਮਾ-ਗਰਮੀ ਨੂੰ ਲੈ ਕੇ ਚਰਚਾਵਾਂ ਆਮ ਸਨ ਕਿ ਵੜਿੰਗ ਅਜੇ ਵੀ ਪਾਰਟੀ ਅੰਦਰ ਆਪਣਾ ਦਬਦਬਾ ਅਤੇ ਆਪਣੀ ਅਹਿਮੀਅਤ ਨੂੰ ਘੱਟ ਨਹੀਂ ਹੋਣ ਦੇਣਾ ਚਾਹੁੰਦੇ। ਜਦੋਂ ਉਹ ਆਪਣੇ ਹਜ਼ਾਰਾਂ ਸਮਰਥਕਾਂ ਦੇ ਲਾਮ-ਲਸ਼ਕਰ ਨਾਲ ਨਾਅਰੇਬਾਜ਼ੀ ਕਰਦੇ ਹੋਏ ਕਾਂਗਰਸ ਭਵਨ ਵੱਲ ਰਵਾਨਾ ਹੋਏ, ਤਾਂ ਉਨ੍ਹਾਂ ਦੇ ਚਿਹਰੇ ਦੀ ਤਣਾਅਪੂਰਨ ਗੰਭੀਰਤਾ ਇਹ ਸਪੱਸ਼ਟ ਕਰ ਰਹੀ ਸੀ ਕਿ ਉਹ ਇਸ ਤਬਦੀਲੀ ਨੂੰ ਪੂਰੇ ਮਨ ਨਾਲ ਸਵੀਕਾਰ ਕਰਨ ਲਈ ਅਜੇ ਤਿਆਰ ਨਹੀਂ ਹਨ।
ਕਾਂਗਰਸ ਭਵਨ ਪਹੁੰਚਣ 'ਤੇ ਮੌਸਮ ਨੇ ਵੀ ਆਪਣਾ ਰੁਖ਼ ਬਦਲ ਲਿਆ ਅਤੇ ਭਾਰੀ ਮੀਂਹ ਨੇ ਸਮਾਗਮ ਵਿੱਚ ਇੱਕ ਵੱਖਰੀ ਹੀ ਰੁਕਾਵਟ ਪੈਦਾ ਕਰ ਦਿੱਤੀ। ਹਾਲਾਂਕਿ ਪਾਰਟੀ ਨੇਤਾਵਾਂ ਨੇ ਇਸ ਨੂੰ ਸ਼ੁਭ ਸ਼ਗਨ ਦੱਸਣ ਦੀ ਕੋਸ਼ਿਸ਼ ਕੀਤੀ।ਪਰ ਅਸਲ ਡਰਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਮੰਚ ਤੋਂ ਆਗੂਆਂ ਨੇ ਆਪਣੇ ਸੰਬੋਧਨ ਦੇਣੇ ਸ਼ੁਰੂ ਕੀਤੇ। ਸਚਿਨ ਪਾਇਲਟ ਜੋ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਉੱਥੇ ਮੌਜੂਦ ਸਨ, ਨੇ ਹਾਲਾਤ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਰਾਜਾ ਵੜਿੰਗ ਦੇ ਪਿਛਲੇ ਕਾਰਜਕਾਲ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੁਸ਼ਕਿਲ ਸਮੇਂ ਵਿੱਚ ਵੜਿੰਗ ਨੇ ਪਾਰਟੀ ਨੂੰ ਸੰਭਾਲਣ ਲਈ ਬਹੁਤ ਮਿਹਨਤ ਕੀਤੀ ਹੈ। ਪਾਇਲਟ ਦੀ ਇਹ ਕੋਸ਼ਿਸ਼ ਪਾਰਟੀ ਅੰਦਰ ਕਿਸੇ ਵੀ ਤਰ੍ਹਾਂ ਦੇ ਖਿਲਾਰਾ ਜਾਂ ਵੱਡੀ ਬਗ਼ਾਵਤ ਨੂੰ ਰੋਕਣ ਲਈ ਇੱਕ ਕੂਟਨੀਤਕ ਕਦਮ ਸੀ, ਕਿਉਂਕਿ ਕਾਂਗਰਸ ਪਾਰਟੀ ਪਹਿਲਾਂ ਹੀ ਅੰਦਰੂਨੀ ਫੁੱਟ ਦਾ ਸੰਤਾਪ ਹੰਢਾ ਰਹੀ ਹੈ। ਪਰ ਜਦੋਂ ਰਾਜਾ ਵੜਿੰਗ ਖੁਦ ਮਾਈਕ 'ਤੇ ਬੋਲਣ ਲਈ ਆਏ ਤਾਂ ਉਨ੍ਹਾਂ ਦੇ ਸ਼ਬਦਾਂ ਵਿੱਚੋਂ ਝਲਕਦੀ ਖੱਟਾਸ ਅਤੇ ਦਰਦ ਨੂੰ ਲੁਕਾਉਣਾ ਮੁਸ਼ਕਿਲ ਹੋ ਰਿਹਾ ਸੀ।
ਆਪਣੇ ਸੰਬੋਧਨ ਦੌਰਾਨ ਰਾਜਾ ਵੜਿੰਗ ਨੇ ਬਿਨਾਂ ਕਿਸੇ ਲਾਗ-ਲਪੇਟ ਦੇ ਇਹ ਕਬੂਲ ਕੀਤਾ ਕਿ ਪਾਰਟੀ ਦਾ ਇੱਕ ਹਿੱਸਾ ਜਾਂ ਕੁਝ ਆਗੂ ਉਨ੍ਹਾਂ ਦੇ ਖਿਲਾਫ਼ ਸਨ ਅਤੇ ਉਨ੍ਹਾਂ ਦਾ ਵਿਰੋਧ ਕਰ ਰਹੇ ਸਨ। ਪਰ ਇਸ ਦੇ ਬਾਵਜੂਦ ਉਹ ਨਵੇਂ ਪ੍ਰਧਾਨ ਨੂੰ ਵਧਾਈ ਦੇਣ ਲਈ ਉੱਥੇ ਆਏ ਹਨ। ਇਹ ਬਿਆਨ ਆਪਣੇ ਆਪ ਵਿੱਚ ਬਹੁਤ ਕੁਝ ਬਿਆਨ ਕਰਦਾ ਹੈ। ਜਦੋਂ ਕੋਈ ਸਾਬਕਾ ਪ੍ਰਧਾਨ ਜਨਤਕ ਤੌਰ 'ਤੇ ਇਹ ਮੰਨਦਾ ਹੈ ਕਿ ਉਸ ਨੂੰ ਅੰਦਰੂਨੀ ਵਿਰੋਧ ਦਾ ਸਾਹਮਣਾ ਕਰਨਾ ਪਿਆ, ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਪਾਰਟੀ ਦੇ ਅੰਦਰ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ ਸੀ। ਵੜਿੰਗ ਨੇ ਅੱਗੇ ਜੋ ਕਿਹਾ ਉਹ ਹੋਰ ਵੀ ਵੱਧ ਸੋਚਣ ਵਾਲਾ ਸੀ। ਉਨ੍ਹਾਂ ਨੇ ਸਿੱਧੇ ਤੌਰ 'ਤੇ ਹਾਈਕਮਾਂਡ ਅਤੇ ਵਿਸ਼ੇਸ਼ ਤੌਰ 'ਤੇ ਰਾਹੁਲ ਗਾਂਧੀ ਦਾ ਹਵਾਲਾ ਦਿੰਦਿਆਂ ਅਪੀਲ ਕੀਤੀ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਪਾਰਟੀ ਲਈ ਦਿਨ-ਰਾਤ ਜ਼ਮੀਨ 'ਤੇ ਪਸੀਨਾ ਵਹਾਉਣ ਵਾਲੇ ਵਰਕਰਾਂ ਅਤੇ ਆਗੂਆਂ ਨੂੰ ਕਦੇ ਵੀ ਅਣਗੌਲਿਆ ਨਾ ਕੀਤਾ ਜਾਵੇ। ਇਸ ਬਿਆਨ ਨੂੰ ਸਿਆਸੀ ਮਾਹਿਰਾਂ ਨੇ ਵੜਿੰਗ ਵੱਲੋਂ ਆਪਣੀ ਟੀਮ ਅਤੇ ਆਪਣੇ ਸਮਰਥਕਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਆਖਰੀ ਕੋਸ਼ਿਸ਼ ਵਜੋਂ ਦੇਖਿਆ। ਉਨ੍ਹਾਂ ਦੀ ਆਵਾਜ਼ ਵਿੱਚ ਉਹ ਜੋਸ਼ ਗਾਇਬ ਸੀ ਜੋ ਆਮ ਤੌਰ 'ਤੇ ਕਿਸੇ ਨਵੇਂ ਆਗੂ ਦੇ ਸਵਾਗਤ ਸਮੇਂ ਦੇਖਣ ਨੂੰ ਮਿਲਦਾ ਹੈ; ਇਸ ਦੀ ਬਜਾਏ ਉੱਥੇ ਇੱਕ ਅਜਿਹਾ ਆਗੂ ਖੜ੍ਹਾ ਸੀ ਜਿਸ ਨੂੰ ਲੱਗ ਰਿਹਾ ਸੀ ਕਿ ਉਸਦੀ ਮਿਹਨਤ ਦਾ ਮੁੱਲ ਪੂਰੀ ਤਰ੍ਹਾਂ ਨਹੀਂ ਪਾਇਆ ਗਿਆ ਜਾਂ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਸਿਆਸੀ ਸਮੀਕਰਨਾਂ ਦੀ ਭੇਂਟ ਚੜ੍ਹਾ ਦਿੱਤਾ ਗਿਆ ਹੈ।ਇਸ ਮੌਕੇ ਉਹਨਾਂ ਆਪਣੇ ਸੰਬੋਧਨ ਦੀ ਸੁ਼ੁਰੂਆਤਤੋਂ ਪਹਿਲਾਂ ਮੌਜੂਦ ਸੀਨੀਅਰ ਆਗੂਆਂ ਦੇ ਨਾਮ ਲੈਣ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਉਹਨਾਂ ਦੀ ਪ੍ਰਧਾਨਗੀ ਦੀ ਬਲੀ ਲੈਣ ਵਾਲੀ ਟੀਮ ਦੇ ਮੋਢੀ ਚਰਨਜੀਤ ਸਿੰਘ ਚੰਨੀ ਦਾ ਨਾਂ ਵੀ ਲਿਆ। ਉਹਨਾਂ ਕਿਹਾ ਕਿ ਕੋਈ ਮੇਰਾ ਨਾਂ ਲਵੇ ਜਾਂ ਨਾ ਲਵੇ ਕੋਈ ਫ਼ਰਕ ਨਹੀਂ ਪੈਂਦਾ।ਪਰ ਮੈਂ ਸਭ ਦਾ ਨਾਂ ਲਵਾਂਗਾ।
ਰਾਜਾ ਵੜਿੰਗ ਦੀ ਸਿਆਸੀ ਯਾਤਰਾ 'ਤੇ ਨਜ਼ਰ ਮਾਰੀਏ ਤਾਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਉਨ੍ਹਾਂ ਲਈ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਸੀ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਜੋੜਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ।ਵੱਖ-ਵੱਖ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ ਅਤੇ ਹਮੇਸ਼ਾ ਇੱਕ ਹਮਲਾਵਰ ਸਿਆਸੀ ਸਟੈਂਡ ਬਣਾਈ ਰੱਖਿਆ। ਪਰ ਸਿਆਸਤ ਵਿੱਚ ਸਭ ਕੁਝ ਪ੍ਰਦਰਸ਼ਨ 'ਤੇ ਨਿਰਭਰ ਨਹੀਂ ਹੁੰਦਾ।ਕਈ ਵਾਰ ਜਾਤੀਗਤ ਸਮੀਕਰਨ, ਖੇਤਰੀ ਸੰਤੁਲਨ ਅਤੇ ਹਾਈਕਮਾਂਡ ਦੀਆਂ ਆਪਣੀਆਂ ਮਜ਼ਬੂਰੀਆਂ ਵੱਡੇ ਫ਼ੈਸਲੇ ਲੈਣ ਲਈ ਮਜਬੂਰ ਕਰ ਦਿੰਦੀਆਂ ਹਨ। ਪਾਰਟੀ ਹਾਈਕਮਾਂਡ ਵੱਲੋਂ ਪਰਗਟ ਸਿੰਘ ਨੂੰ ਕਮਾਨ ਸੌਂਪਣ ਦਾ ਮਕਸਦ ਸੂਬੇ ਵਿੱਚ ਇੱਕ ਸਾਫ਼-ਸੁਥਰੀ, ਹਰ ਵਰਗ ਵਿੱਚ ਪ੍ਰਵਾਨਿਤ ਅਤੇ ਖਾਸ ਕਰਕੇ ਦੁਆਬਾ ਖੇਤਰ ਵਿੱਚ ਪਕੜ ਮਜ਼ਬੂਤ ਕਰਨ ਵਾਲੇ ਚਿਹਰੇ ਨੂੰ ਅੱਗੇ ਲਿਆਉਣਾ ਸੀ। ਪਰ ਇਸ ਬਦਲਾਅ ਨੇ ਰਾਜਾ ਵੜਿੰਗ ਵਰਗੇ ਮਿਹਨਤੀ ਆਗੂ ਨੂੰ ਨਿਰਾਸ਼ ਕੀਤਾ। ਜਿਸ ਦਾ ਅਸਰ ਐਤਵਾਰ ਦੇ ਸਮਾਗਮ ਵਿੱਚ ਸਾਫ਼ ਦੇਖਣ ਨੂੰ ਮਿਲਿਆ।
ਇਸ ਪੂਰੇ ਘਟਨਾਕ੍ਰਮ ਦੌਰਾਨ ਇੱਕ ਹੋਰ ਪਹਿਲੂ ਵੀ ਬਹੁਤ ਰੌਚਕ ਰਿਹਾ ਕਿ ਕਿਵੇਂ ਪਾਰਟੀ ਦੇ ਬਾਕੀ ਦਿੱਗਜ ਆਗੂ ਜਿਵੇਂ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਸਥਿਤੀ ਨੂੰ ਸੰਭਾਲਿਆ। ਚੰਨੀ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਮੀਂਹ ਨੂੰ ਸ਼ੁਭ ਸ਼ਗਨ ਦੱਸਦਿਆਂ ਮਾਹੌਲ ਨੂੰ ਹਲਕਾ ਕਰਨ ਦੀ ਕੋਸ਼ਿਸ਼ ਕੀਤੀ।ਪਰ ਇਹ ਗੱਲ ਜੱਗ-ਜ਼ਾਹਿਰ ਹੈ ਕਿ ਪੰਜਾਬ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਚਿਹਰੇ ਜਾਂ ਪ੍ਰਧਾਨਗੀ ਦੀ ਰੇਸ ਨੂੰ ਲੈ ਕੇ ਅੰਦਰਖਾਤੇ ਹਮੇਸ਼ਾ ਖਿੱਚੋਤਾਣ ਬਣੀ ਰਹਿੰਦੀ ਹੈ। ਹਰ ਆਗੂ ਆਪਣੇ ਆਪ ਨੂੰ ਅਗਲੇ ਮੁੱਖ ਮੰਤਰੀ ਵਜੋਂ ਦੇਖ ਰਿਹਾ ਹੈ, ਅਤੇ ਜਦੋਂ ਪ੍ਰਧਾਨਗੀ ਵਰਗਾ ਅਹੁਦਾ ਕਿਸੇ ਇੱਕ ਵਿਅਕਤੀ ਕੋਲੋਂ ਜਾਂਦਾ ਹੈ ਅਤੇ ਦੂਜੇ ਨੂੰ ਮਿਲਦਾ ਹੈ, ਤਾਂ ਸਿਆਸੀ ਸਮੀਕਰਨਾਂ ਵਿੱਚ ਹਲਚਲ ਮਚਣੀ ਸੁਭਾਵਿਕ ਹੈ।
ਰਾਜਾ ਵੜਿੰਗ ਦੇ ਵਿਵਹਾਰ ਵਿੱਚ ਝਲਕਦਾ ਇਹ ਮਲਾਲ ਸਿਰਫ਼ ਇੱਕ ਵਿਅਕਤੀ ਦੀ ਨਿਰਾਸ਼ਾ ਨਹੀਂ ਹੈ।ਸਗੋਂ ਇਹ ਪੰਜਾਬ ਕਾਂਗਰਸ ਦੀ ਉਸ ਪੁਰਾਣੀ ਬਿਮਾਰੀ ਦਾ ਪ੍ਰਤੀਕ ਹੈ ਜਿੱਥੇ ਆਗੂ ਪਾਰਟੀ ਨਾਲੋਂ ਆਪਣੇ ਨਿੱਜੀ ਕੱਦ ਅਤੇ ਅਹੁਦਿਆਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਜਦੋਂ ਵੜਿੰਗ ਇਹ ਕਹਿ ਰਹੇ ਸਨ ਕਿ ਉਨ੍ਹਾਂ ਦਾ ਅਸਲੀ ਆਗੂ ਰਾਹੁਲ ਗਾਂਧੀ ਹੈ ਅਤੇ ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ, ਤਾਂ ਉਨ੍ਹਾਂ ਦੇ ਬੋਲਾਂ ਵਿੱਚ ਇੱਕ ਕਿਸਮ ਦੀ ਬੇਵੱਸੀ ਵੀ ਝਲਕ ਰਹੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਹਾਈਕਮਾਂਡ ਦੇ ਫ਼ੈਸਲੇ ਦੇ ਖਿਲਾਫ ਖੁੱਲ੍ਹ ਕੇ ਬਗ਼ਾਵਤ ਕਰਨ ਨਾਲ ਉਨ੍ਹਾਂ ਦਾ ਆਪਣਾ ਰਾਜਨੀਤਿਕ ਭਵਿੱਖ ਖਤਰੇ ਵਿੱਚ ਪੈ ਸਕਦਾ ਹੈ। ਇਸ ਲਈ ਉਨ੍ਹਾਂ ਨੇ ਗੁੱਸੇ ਅਤੇ ਨਿਰਾਸ਼ਾ ਨੂੰ ਸੰਜਮ ਦੇ ਦਾਇਰੇ ਵਿੱਚ ਰੱਖਦਿਆਂ ਆਪਣੀ ਗੱਲ ਕਹਿਣ ਦਾ ਰਸਤਾ ਚੁਣਿਆ। ਪਰ ਉਨ੍ਹਾਂ ਦੇ ਚਿਹਰੇ ਦੀਆਂ ਤਹਿਆਂ ਵਿੱਚ ਛੁਪਿਆ ਦਰਦ ਹਾਜ਼ਰ ਲੋਕਾਂ ਤੋਂ ਲੁਕਿਆ ਨਹੀਂ ਰਿਹਾ।
ਦੂਜੇ ਪਾਸੇ ਨਵੇਂ ਪ੍ਰਧਾਨ ਪਰਗਟ ਸਿੰਘ ਨੇ ਬਹੁਤ ਹੀ ਸੰਜਮ ਨਾਲ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਆਪਣੇ ਪਹਿਲੇ ਹੀ ਭਾਸ਼ਣ ਵਿੱਚ ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਕਿਸੇ ਨਾਲ ਬਦਲੇ ਦੀ ਰਾਜਨੀਤੀ ਨਹੀਂ ਕਰਨਗੇ ਅਤੇ ਸਭ ਨੂੰ ਨਾਲ ਲੈ ਕੇ ਚੱਲਣਗੇ। ਪਰਗਟ ਸਿੰਘ ਜਾਣਦੇ ਹਨ ਕਿ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕਿਸੇ ਨਵੇਂ ਵਿਰੋਧੀ ਨਾਲ ਲੜਨਾ ਨਹੀਂ, ਸਗੋਂ ਆਪਣੀ ਹੀ ਪਾਰਟੀ ਦੇ ਅੰਦਰ ਬੈਠੇ ਉਨ੍ਹਾਂ ਆਗੂਆਂ ਅਤੇ ਧੜਿਆਂ ਨੂੰ ਸੰਭਾਲਣਾ ਹੈ ਜੋ ਅਜੇ ਵੀ ਅਤੀਤ ਦੀਆਂ ਖੁੰਦਕਾਂ ਵਿੱਚ ਜੀਅ ਰਹੇ ਹਨ। ਜੇਕਰ ਰਾਜਾ ਵੜਿੰਗ ਵਰਗੇ ਪ੍ਰਭਾਵਸ਼ਾਲੀ ਆਗੂ ਨਰਾਜ਼ ਰਹਿਣਗੇ ਜਾਂ ਉਨ੍ਹਾਂ ਦੇ ਸਮਰਥਕਾਂ ਵਿੱਚ ਇਹ ਭਾਵਨਾ ਬਣੀ ਰਹੇਗੀ ਕਿ ਉਨ੍ਹਾਂ ਨਾਲ ਧੱਕਾ ਹੋਇਆ ਹੈ, ਤਾਂ ਪਰਗਟ ਸਿੰਘ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਇੱਕਜੁੱਟ ਕਰਨਾ ਇੱਕ ਅਸੰਭਵ ਕੰਮ ਸਾਬਤ ਹੋ ਸਕਦਾ ਹੈ।
ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਾਂਗਰਸ ਹਾਈਕਮਾਂਡ ਨੂੰ ਪੰਜਾਬ ਵਿੱਚ ਇਸ ਤਰ੍ਹਾਂ ਦੇ ਤਬਦੀਲੀ ਦੇ ਫ਼ੈਸਲੇ ਲੈਂਦੇ ਸਮੇਂ ਆਗੂਆਂ ਦੀ ਮਾਨਸਿਕਤਾ ਅਤੇ ਅੰਦਰੂਨੀ ਸਮੀਕਰਨਾਂ ਦਾ ਡੂੰਘਾ ਅਧਿਐਨ ਕਰਨਾ ਚਾਹੀਦਾ ਹੈ। ਰਾਜਾ ਵੜਿੰਗ ਦਾ ਇਸ ਤਰ੍ਹਾਂ ਖੁੱਲ੍ਹ ਕੇ ਆਪਣਾ ਦਰਦ ਬਿਆਨ ਕਰਨਾ ਅਤੇ ਸੈਕਟਰ 10 ਵਿੱਚ ਸ਼ਕਤੀ ਪ੍ਰਦਰਸ਼ਨ ਕਰਨਾ ਇਹ ਚੇਤਾਵਨੀ ਹੈ ਕਿ ਪੰਜਾਬ ਕਾਂਗਰਸ ਵਿੱਚ ਅਹੁਦੇ ਬਦਲਣ ਨਾਲ ਅੰਦਰੂਨੀ ਵਿਵਾਦ ਖ਼ਤਮ ਨਹੀਂ ਹੋਣ ਵਾਲੇ, ਸਗੋਂ ਉਨ੍ਹਾਂ ਦਾ ਰੂਪ ਬਦਲ ਸਕਦਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਕੀ ਪਰਗਟ ਸਿੰਘ ਸਭ ਨੂੰ ਨਾਲ ਤੋਰਨ ਵਿੱਚ ਕਾਮਯਾਬ ਹੁੰਦੇ ਹਨ ਜਾਂ ਫਿਰ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਮਰਥਕ ਪਾਰਟੀ ਦੀ ਮੁੱਖ ਧਾਰਾ ਤੋਂ ਕਿਨਾਰਾ ਕਰਦੇ ਨਜ਼ਰ ਆਉਂਦੇ ਹਨ।ਇਸ ਪੂਰੇ ਐਪੀਸੋਡ ਨੇ ਇੱਕ ਵਾਰ ਫਿਰ ਇਹ ਸਾਬਤ ਕਰ ਦਿੱਤਾ ਕਿ ਰਾਜਾ ਵੜਿੰਗ ਬੋਲਾਂ ਤੋਂ ਤਾਂ ਬੇਸ਼ੱਕ ਮਿਲ ਕੇ ਚੱਲਣ ਦੀਆਂ ਗੱਲਾਂ ਕਰਦੇ ਹਨ।ਪਰ ਹਕੀਕਤ ਵਿੱਚ ਉਹਨਾਂ ਦਾ ਵਿਰੋਧ ਕਰਨ ਵਾਲੇ ਖੇਮੇ ਨਾਲ ਤਕਰਾਰ ਬਣਿਆ ਹੀ ਰਹੇਗਾ। ਵਿਰੋਧ ਕਰਨ ਵਾਲੇ ਆਗੂਆਂ ਵਜੋਂ ਉਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦਾ ਨਾਂ ਬਿਨਾਂ ਝਿਜਕ ਲੈਂਦੇ ਹਨ।ਉਹ ਕਿਤੇ ਨਾ ਕਿਤੇ ਸੂਬਾ ਇੰਚਾਰਜ ਸਚਿਨ ਪਾਇਲਟ ਤੋਂ ਵੀ ਨਾਰਾਜ਼ ਵਿਖਾਈ ਦੇ ਰਹੇ ਹਨ।
ਪਰਗਟ ਸਿੰਘ ਦੀ ਤਾਜਪੋਸ਼ੀ ਨੇ ਭਾਵੇਂ ਰਸਮੀ ਤੌਰ 'ਤੇ ਕਾੰਂਗਰਸਪਾਰਟੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰ ਦਿੱਤਾ ਹੋਵੇ, ਪਰ ਇਹ ਆਉਣ ਵਾਲੇ ਸਮੇਂ ਵਿੱਚ ਪੰਜਾਬ ਕਾਂਗਰਸ ਦੇ ਅੰਦਰੂਨੀ ਤੂਫ਼ਾਨ ਦਾ ਸੰਕੇਤ ਜ਼ਰੂਰ ਦੇ ਗਈ ਹੈ। ਬਿਨਾ ਸ਼ੱਕ ਰਾਜਾ ਵੜਿੰਗ ਨੂੰ ਨਵੇਂ ਪ੍ਰਧਾਨ ਪਰਗਟ ਸਿੰਘ ਨਾਲ ਕੋਈ ਨਾਰਾਜ਼ਗੀ ਨਹੀਂ ਹੈ।ਪਰ ਉਸਦੀ ਪ੍ਰਧਾਨਗੀ ਖੋਹਣ ਦਾ ਕਾਰਨ ਬਣਨ ਵਾਲਿਆਂ ਪ੍ਰਤੀ ਉਸ ਦੇ ਮਨ ਵਿੱਚ ਅੱਜ ਵੀ ਗੁੱਸਾ ਹੈ।ਅਜਿਹਾ ਗੁੱਸਾ ਜੋ ਉਹਨਾਂ ਦੀ ਹਰ ਸਰੀਰਕ ਅਦਾ ਅਤੇ ਬੋਲਾਂ ਵਿੱਚੋਂ ਆਪ ਮੁਹਾਰੇ ਬਾਹਰ ਆ ਰਿਹਾ ਸੀ।ਪਾਰਟੀ ਵਰਕਰ ਹੁਣ ਇਸ ਉਮੀਦ ਵਿੱਚ ਹਨ ਕਿ ਆਗੂ ਆਪਣੀਆਂ ਨਿੱਜੀ ਨਾਰਾਜ਼ਗੀਆ ਅਤੇ ਅਹੁਦਿਆਂ ਦੇ ਮਲਾਲ ਨੂੰ ਛੱਡ ਕੇ ਪੰਜਾਬ ਦੇ ਅਸਲ ਮੁੱਦਿਆਂ 'ਤੇ ਧਿਆਨ ਦੇਣਗੇ।ਪਰ ਹਕੀਕਤ ਇਹੀ ਹੈ ਕਿ ਜਦੋਂ ਤੱਕ ਆਗੂਆਂ ਦੇ ਦਿਲਾਂ ਵਿੱਚ ਅਜਿਹੇ ਮਲਾਲ ਜ਼ਿੰਦਾ ਰਹਿਣਗੇ, ਤਦ ਤੱਕ ਕਾਂਗਰਸ ਲਈ ਆਪਣੀ ਗੁਆਚੀ ਹੋਈ ਜ਼ਮੀਨ ਵਾਪਸ ਹਾਸਲ ਕਰਨਾ ਇੱਕ ਮੁਸ਼ਕਿਲ ਚੁਣੌਤੀ ਬਣਿਆ ਰਹੇਗਾ।
Leave a Reply