ਬਾਬੇ ਧੁੰਮੇ ਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਕੀ ਦੁਸ਼ਮਣੀ...?
07 Mar, 2026 01:43 PM
ਦਮਦਮੀ ਟਕਸਾਲ ਦੇ ਮਹਿਤਾ ਧੜੇ ਦੇ ਮੁਖੀ ਅਖਵਾਉਂਦੇ ਬਾਬਾ ਹਰਨਾਮ ਸਿੰਘ ਧੁੰਮਾ ਸਾਹਮਣੇ ਅੱਜ ਇਹ ਸਵਾਲ ਖੜ੍ਹਾ ਹੋ ਗਿਆ ਹੈ ਕਿ ਉਸਦੀ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਕੀ ਦੁਸ਼ਮਣੀ ਹੈ ਜੋ ਉਹ ਸੰਤ ਭਿੰਡਰਾਂਵਾਲਿਆਂ ਦੇ ਹਰ ਦੁਸ਼ਮਣ ਅਤੇ ਵਿਰੋਧੀ ਦਾ ਪੂਰੀ ਸ਼ਾਨ ਨਾਲ ਸਨਮਾਨ ਕਰ ਰਿਹਾ ਹੈ ਤੇ ਉਸ ਨੇ ਖ਼ਾਲਿਸਤਾਨ ਦੇ ਸੰਘਰਸ਼ ਦਾ ਭੋਗ ਪਾਉਣ ਲਈ ਲੱਕ ਬੰਨ੍ਹਿਆ ਹੋਇਆ ਹੈ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸ਼ਾਨ ਖ਼ਿਲਾਫ਼ ਬੋਲਿਆ ਜਿਸ ਤੋਂ ਬਾਬਾ ਧੁੰਮਾ ਐਨਾ ਖ਼ੁਸ਼ ਹੋਇਆ ਕਿ ਉਸਨੇ ਅਮਿਤ ਸ਼ਾਹ ਨੂੰ ਸਨਮਾਨ ਕੇ ਫ਼ਖ਼ਰ ਮਹਿਸੂਸ ਕੀਤਾ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਗੁਰਦੁਆਰਿਆਂ ਵਿੱਚੋਂ ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਹਟਾਉਣ ਲਈ ਕਿਹਾ ਸੀ ਤਾਂ ਬਾਬੇ ਧੁੰਮੇ ਨੇ ਤੁਰੰਤ ਖੱਟੜ ਕੋਲ ਪਹੁੰਚ ਕੇ ਉਸਨੂੰ ਸਿਰੋਪਾ ਦਿੱਤਾ। ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸ ਅੱਤਵਾਦੀ ਆਖਦੀ ਰਹੀ ਤੇ ਬਾਬਾ ਧੁੰਮਾ ਜੀ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖ਼ਾਲਸਾ ਵਿੱਚ ਬੜੇ ਢੀਠ ਹੋ ਕੇ ਸਿਰੋਪਾਉ ਲੈਂਦੇ ਰਹੇ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਕਾਂਗਰਸੀ ਆਖਿਆ ਤੇ ਬਾਬਾ ਧੁੰਮਾ ਜੀ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕਰਨ ਲਈ ਪੰਥ ਨੂੰ ਬੇਨਤੀਆਂ ਕਰਦੇ ਰਹੇ। ਅਜੋਕਾ ਮੁੱਖ ਮੰਤਰੀ ਭਗਵੰਤ ਮਾਨ ਜੋ ਸੰਤ ਭਿੰਡਰਾਂਵਾਲਿਆਂ ਦੀ ਸੋਚ ਦਾ ਵਿਰੋਧੀ ਹੈ ਤੇ ਉਸ ਨੂੰ ਵੀ ਬਾਬੇ ਧੁੰਮੇ ਨੇ ਨੰਦੇੜ ਸੱਦ ਕੇ ਸਨਮਾਨਿਤ ਕੀਤਾ। ਪੰਥ ਅਤੇ ਪੰਜਾਬ ਦੀ ਦੁਸ਼ਮਣ ਪਾਰਟੀ ਭਾਜਪਾ ਜਿਸਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਤੇ ਸੰਤ ਭਿੰਡਰਾਂਵਾਲਿਆਂ ਨੂੰ ਭਸਮਾਸੁਰ ਦੈਂਤ ਆਖਿਆ ਤੇ ਸਿੱਖਾਂ ਖ਼ਿਲਾਫ਼ ਨਾਹਰੇ ਲਾਏ ਅਤੇ ਜਿਹੜੀ ਭਾਜਪਾ ਅੱਜ ਵੀ ਬੰਦੀ ਸਿੰਘਾਂ ਨੂੰ ਕੈਦ ਕਰੀ ਬੈਠੀ ਹੈ ਤੇ ਵਿਦੇਸ਼ਾਂ ਵਿੱਚ ਖ਼ਾਲਿਸਤਾਨੀ ਆਗੂਆਂ ਦੇ ਕਤਲ ਕਰਵਾ ਰਹੀ ਹੈ ਉਸ ਭਾਜਪਾ ਨੂੰ ਬਾਬਾ ਧੁੰਮਾ ਮਹਾਂਰਾਸ਼ਟਰ ਦੀਆਂ ਚੋਣਾਂ ਵਿੱਚ ਸਮਰਥਨ ਦੇ ਚੁੱਕੇ ਹਨ। ਸੰਤ ਭਿੰਡਰਾਂਵਾਲਿਆਂ ਨੇ ਸਿੱਖ ਇੱਕ ਵੱਖਰੀ ਕੌਮ ਲਈ ਸੰਘਰਸ਼ ਕੀਤਾ ਤੇ ਬਾਬਾ ਧੁੰਮਾ ਹੁਣ ਭਾਜਪਾ ਤੇ ਆਰ.ਐਸ.ਐਸ. ਨਾਲ ਮਿਲ ਕੇ ਸਿੱਖਾਂ ਨੂੰ ਹਿੰਦੂ/ਸਨਾਤਨੀ ਆਖ ਰਹੇ ਹਨ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ "ਜੇ ਭਾਰਤ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ।"
ਤੇ ਬਾਬੇ ਧੁੰਮੇ ਨੇ ਖ਼ਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਤਾਂ ਕੀ ਕਰਨਾ ਸੀ, ਉਲ਼ਟਾ ਸੰਤ ਭਿੰਡਰਾਂਵਾਲਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਉੱਤੇ ਪਹਿਰਾ ਦੇਣ ਵਾਲੇ ਗੁਰਸਿੱਖਾਂ, ਆਗੂਆਂ ਅਤੇ ਜਥੇਬੰਦੀਆਂ ਦੇ ਖ਼ਿਲਾਫ਼ ਭੁਗਤ ਰਿਹਾ ਹੈ ਤੇ ਸੰਤ ਭਿੰਡਰਾਂਵਾਲਿਆਂ ਵੱਲੋਂ ਵਾਹੀ ਲਕੀਰ ਨੂੰ ਮੇਟਣ ਦਾ ਹਰ ਯਤਨ ਕਰ ਰਿਹਾ ਹੈ। ਬਾਬਾ ਧੁੰਮਾ ਹਿੰਦੀ, ਹਿੰਦੂ, ਹਿੰਦੁਸਤਾਨ ਵਾਲਿਆਂ ਨਾਲ ਐਨਾ ਰਲ-ਮਿਲ ਚੁੱਕਾ ਹੈ ਕਿ ਉਹ ਹਿੰਦੂਤਵੀ ਏਜੰਡਾ, ਆਰ.ਐਸ.ਐਸ. ਦੀ ਸੋਚ ਤੇ ਹਿੰਦੂ ਕਰਮਕਾਂਡ ਸਿੱਖਾਂ ਉੱਤੇ ਥੋਪ ਰਿਹਾ ਹੈ ਤੇ ਭਾਰਤ ਦੇ ਹਿੰਦੂਤਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ੂਬ ਸੋਹਿਲੇ ਗਾਉਂਦਾ ਹੈ। ਬਾਬਾ ਧੁੰਮਾ ਤਾਂ ਦਮਦਮੀ ਟਕਸਾਲ ਦੇ ਸਿਧਾਂਤਾਂ ਦੀ ਵੀ ਹੇਠੀ ਕਰ ਰਿਹਾ ਹੈ ਤੇ ਖ਼ਾਲਸਾ ਪੰਥ ਦੀ ਚੱਲਦੀ-ਫਿਰਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖਾਣ ਕਹੀ ਜਾਂਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਨੂੰ ਖ਼ਤਮ ਕਰਕੇ ਭਾਰਤ ਸਰਕਾਰ ਦੀ ਸੇਵਾ ਕਰ ਰਿਹਾ ਹੈ। ਬਾਬੇ ਧੁੰਮੇ ਦਾ ਪੂਰਾ ਜ਼ੋਰ ਲੱਗਿਆ ਪਿਆ ਹੈ ਕਿ ਕਿਸੇ ਤਰ੍ਹਾਂ ਵੱਖਰੀ ਸਿੱਖ ਕੌਮ ਨੂੰ ਹਿੰਦੂਤਵ ਦੇ ਖਾਰੇ ਸਮੁੰਦਰ ਵਿੱਚ ਡੋਬਿਆ ਜਾਏ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਹਜ਼ਾਰਾਂ-ਲੱਖਾਂ ਸ਼ਹੀਦੀਆਂ ਨੂੰ ਰੋਲਿਆ ਜਾਏ ਤੇ ਸਿੱਖਾਂ ਨੂੰ ਭਾਰਤ ਦੇ ਗ਼ੁਲਾਮ ਬਣਾ ਕੇ ਮੋਦੀ ਪਾਸੋਂ ਭਾਰਤ ਰਤਨ ਤੇ ਹਿੰਦੂ ਰਤਨ ਅਵਾਰਡ ਹਾਸਲ ਕੀਤਾ ਜਾਏ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀਆਂ ਸੇਵਾਵਾਂ, ਸੰਘਰਸ਼, ਕੁਰਬਾਨੀ, ਘਾਲਣਾ ਤੇ ਸ਼ਹਾਦਤ ਕਰਕੇ ਖ਼ਾਲਸਾ ਪੰਥ ਨੇ ਉਹਨਾਂ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਅਤੇ ਜਰਨੈਲਾਂ ਦਾ ਜਰਨੈਲ ਐਲਾਨਿਆ ਸੀ ਤੇ ਬਾਬਾ ਹਰਨਾਮ ਸਿੰਘ ਧੁੰਮਾ ਜੋ 21ਵੀਂ ਸਦੀ 'ਚ ਸਭ ਤੋਂ ਵੱਧ ਲਾਹਣਤਾਂ, ਜ਼ਲਾਲਤ ਅਤੇ ਕਲੰਕ ਖੱਟ ਰਿਹਾ ਹੈ ਪਰ ਫਿਰ ਵੀ ‘ਸ਼ਰਮ ਉਨਕੋ ਆਤੀ ਨਹੀਂ।’

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Posted By: GURBHEJ SINGH ANANDPURI







