ਜਦੋਂ ਸ਼ਹਾਦਤਾਂ ਸਵਾਲ ਪੁੱਛਦੀਆਂ ? ਗੁਰਚਰਨ ਸਿੰਘ ਗੁਰਾਇਆ

ਜਦੋਂ ਸ਼ਹਾਦਤਾਂ ਸਵਾਲ ਪੁੱਛਦੀਆਂ ?  ਗੁਰਚਰਨ ਸਿੰਘ ਗੁਰਾਇਆ

ਜਦੋਂ ਸ਼ਹਾਦਤਾਂ ਸਵਾਲ ਪੁੱਛਦੀਆਂ ? ਗੁਰਚਰਨ ਸਿੰਘ ਗੁਰਾਇਆ 

ਸ਼ਾਨਦਾਰ ਕੁਰਬਾਨੀਆਂ ਅਤੇ ਬੇਮਿਸਾਲ ਸ਼ਹਾਦਤਾਂ ਨਾਲ ਭਰਿਆ ਸ਼ਾਨਾਮੱਤਾ ਇਤਿਹਾਸ ਸਿਰਜਣ ਦੇ ਬਾਵਜੂਦ ਸਿੱਖ ਕੌਮ ਅੱਜ ਵੀ ਆਪਣੇ ਅਸਲ ਮੰਜ਼ਿਲੀ ਸਵਾਲਾਂ ਦੇ ਸਾਹਮਣੇ ਖੜ੍ਹੀ ਹੈ। ਅਣਗਿਣਤ ਸੂਰਬੀਰ ਨੌਜਵਾਨਾਂ ਨੇ ਆਪਣੀ ਜਵਾਨੀ, ਆਪਣੇ ਸੁਪਨੇ ਅਤੇ ਆਪਣਾ ਲਹੂ ਕੌਮੀ ਅਣਖ ਅਤੇ ਹੱਕਾਂ ਦੀ ਰੱਖਿਆ ਲਈ ਨਿਛਾਵਰ ਕਰ ਦਿੱਤਾ, ਪਰ ਕੌਮ ਦਾ ਇੱਕ ਵੱਡਾ ਹਿੱਸਾ ਆਪਣੇ ਹੀ ਸੁਨਹਿਰੀ ਅਸੂਲਾਂ ਤੋਂ ਅਵੇਸਲਾ ਹੋ ਕੇ ਸੁੱਤਾ ਰਿਹਾ। ਨਤੀਜੇ ਵਜੋਂ ਨਾ ਤਾਂ ਸਾਡਾ ਆਪਣਾ ਕੌਮੀ ਘਰ ਖਾਲਿਸਤਾਨ ਬਣ ਸਕਿਆ ਅਤੇ ਨਾ ਹੀ ਅਸੀਂ ਆਪਣੀ ਅਜ਼ਾਦੀ ਦਾ ਕੇਸਰੀ ਨਿਸ਼ਾਨ ਲਹਿਰਾ ਸਕੇ।
ਇਸ ਦੇ ਕਾਰਨਾਂ ਵਿੱਚ ਜਿੱਥੇ ਭਾਰਤੀ ਰਾਜ ਦੀਆਂ ਨੀਤੀਆਂ ਅਤੇ ਹਕੂਮਤੀ ਦਬਾਅ ਸ਼ਾਮਲ ਰਹੇ, ਉੱਥੇ ਹੀ ਉਹ ਸਵਾਰਥੀ ਅਤੇ ਮੌਕਾਪ੍ਰਸਤ ਅਖੌਤੀ ਸਿੱਖ ਆਗੂ ਵੀ ਜ਼ਿੰਮੇਵਾਰ ਰਹੇ ਜਿਨ੍ਹਾਂ ਨੇ ਸੰਘਰਸ਼ ਦੇ ਸਭ ਤੋਂ ਔਖੇ ਦੌਰ ਵਿੱਚ ਕੌਮ ਦੇ ਸੂਰਬੀਰ ਪੁੱਤਰਾਂ ਦਾ ਸਾਥ ਦੇਣ ਦੀ ਬਜਾਏ ਦੁਸ਼ਮਣਾਂ ਦੇ ਹੱਥ ਮਜ਼ਬੂਤ ਕੀਤੇ। ਇੰਨਾ ਹੀ ਨਹੀਂ, ਉਹਨਾਂ ਨੇ ਪਵਿੱਤਰ ਸ਼ਹੀਦੀਆਂ ਨੂੰ ਆਪਣੀਆਂ ਕੁਰਸੀਆਂ, ਅਹੁਦਿਆਂ ਅਤੇ ਸਿਆਸੀ ਲਾਭਾਂ ਲਈ ਵੱਟਣ ਤੋਂ ਵੀ ਗੁਰੇਜ਼ ਨਾ ਕੀਤਾ।
ਪਰ ਇਤਿਹਾਸ ਦੀ ਸਭ ਤੋਂ ਵੱਡੀ ਤਰਾਸਦੀ ਇਹ ਨਹੀਂ ਹੁੰਦੀ ਕਿ ਕੋਈ ਕੌਮ ਹਾਰ ਜਾਵੇ; ਸਭ ਤੋਂ ਵੱਡੀ ਤਰਾਸਦੀ ਇਹ ਹੁੰਦੀ ਹੈ ਕਿ ਉਹ ਆਪਣੀਆਂ ਹਾਰਾਂ ਅਤੇ ਗਲਤੀਆਂ ਤੋਂ ਸਿੱਖਣਾ ਛੱਡ ਦੇਵੇ। ਜੇ ਅਸੀਂ ਆਪਣੇ ਬੀਤੇ ਦੀਆਂ ਕੁਰਬਾਨੀਆਂ ਦੇ ਕੇਵਲ ਸੋਹਿਲੇ ਹੀ ਗਾਉਂਦੇ ਰਹੇ, ਉਹਨਾਂ ਨੂੰ ਸਿਰਫ਼ ਭਾਵਨਾਵਾਂ ਦੇ ਸਮੁੰਦਰ ਵਿੱਚ ਡੁੱਬ ਕੇ ਯਾਦ ਕਰਦੇ ਰਹੇ ਅਤੇ ਉਹਨਾਂ ਦੇ ਅਸਲ ਸੰਦੇਸ਼ ਤੇ ਸਬਕ ਨੂੰ ਭੁੱਲ ਗਏ, ਤਾਂ ਇਹ ਮਾਣ ਅਤੇ ਚਾਅ ਵੀ ਇੱਕ ਦਿਨ ਇਤਿਹਾਸ ਨੂੰ ਗਾਲ ਸੁੱਟਣ ਵਾਲੀ ਲੂਣੀ ਦਲਦਲ ਵਿੱਚ ਬਦਲ ਸਕਦਾ ਹੈ।
ਸ਼ਹੀਦਾਂ ਦੀ ਯਾਦ ਸਿਰਫ਼ ਅੱਖਾਂ ਨੂੰ ਨਮ ਕਰਨ ਲਈ ਨਹੀਂ ਹੁੰਦੀ, ਸਗੋਂ ਮਨ ਅਤੇ ਮਸਤਕ ਨੂੰ ਜਗਾਉਣ ਲਈ ਹੁੰਦੀ ਹੈ। ਉਹ ਸਾਨੂੰ ਆਪਣੇ ਆਪ ਨਾਲ ਸਵਾਲ ਕਰਨ, ਆਪਣੀਆਂ ਕਮਜ਼ੋਰੀਆਂ ਨੂੰ ਪਛਾਣਣ ਅਤੇ ਉਹਨਾਂ ਦਾ ਸਾਹਮਣਾ ਕਰਨ ਦਾ ਹੌਸਲਾ ਦਿੰਦੀ ਹੈ। ਇਸ ਲਈ ਹਰ ਸਿੱਖ ਨੂੰ ਇਸ ਕੌੜੇ ਪਰ ਅਟੱਲ ਸੱਚ ਨੂੰ ਪ੍ਰਵਾਨ ਕਰਨਾ ਪਵੇਗਾ ਕਿ ਕੌਮਾਂ ਸਿਰਫ਼ ਜਜ਼ਬਾਤਾਂ ਨਾਲ ਨਹੀਂ, ਸਗੋਂ ਸਿਧਾਂਤਾਂ, ਚਿੰਤਨ ਅਤੇ ਅਨੁਸ਼ਾਸਨ ਨਾਲ ਜਿਉਂਦੀਆਂ ਹਨ। ਗੁਰਬਾਣੀ ਅਤੇ ਸਿੱਖੀ ਸਿਧਾਂਤਾਂ ਨਾਲ ਇਕਸੁਰ ਹੋਣ ਦੀ ਘਾਲਣਾ ਵਿੱਚੋਂ ਲੰਘਣਾ ਪਵੇਗਾ ਅਤੇ ਇਹ ਸਮਝਣਾ ਪਵੇਗਾ ਕਿ ਵਿਚਾਰਧਾਰਾ ਕੋਈ ਖਾਲੀ ਸ਼ਬਦਾਂ ਦਾ ਖਿਲਾਰਾ ਨਹੀਂ ਹੁੰਦੀ, ਨਾ ਹੀ ਨਾਅਰਿਆਂ ਅਤੇ ਭਾਵਨਾਤਮਕ ਭਾਸ਼ਣਾਂ ਦਾ ਸੰਗ੍ਰਹਿ ਹੁੰਦੀ ਹੈ।
ਵਿਚਾਰਧਾਰਾ ਦਾ ਹਰ ਸ਼ਬਦ ਸਾਣ ਉੱਤੇ ਚੜ੍ਹੀ ਹੋਈ ਕਿਰਪਾਨ ਵਰਗਾ ਹੁੰਦਾ ਹੈ, ਜਿਸ ਵਿੱਚ ਕਿਰਪਾ ਵੀ ਹੁੰਦੀ ਹੈ ਆਣ ਵੀ ਅਤੇ ਦਿਸ਼ਾ ਵੀ। ਪਰ ਇਸ ਕਿਰਪਾਨ ਦੀ ਵਰਤੋਂ ਅੱਖਾਂ ਮੀਟ ਕੇ ਨਹੀਂ ਕੀਤੀ ਜਾ ਸਕਦੀ। ਇਸ ਲਈ ਚੇਤਨਾ, ਸੰਜਮ, ਸੂਝ ਅਤੇ ਨਿਰੰਤਰ ਆਤਮ-ਪੜਚੋਲ ਦੀ ਲੋੜ ਹੁੰਦੀ ਹੈ। ਜਿਹੜੀਆਂ ਕੌਮਾਂ ਆਪਣੇ ਚਿੰਤਨ ਨੂੰ ਜੀਵੰਤ ਨਹੀਂ ਰੱਖਦੀਆਂ, ਉਹ ਆਪਣੀ ਤਾਕਤ ਹੋਣ ਦੇ ਬਾਵਜੂਦ ਦਿਸ਼ਾਹੀਣ ਹੋ ਜਾਂਦੀਆਂ ਹਨ।
ਇਤਿਹਾਸ ਦੇ ਸਫ਼ਰ ਵਿੱਚ ਕੁਝ ਪਲ ਅਜਿਹੇ ਵੀ ਆਉਂਦੇ ਹਨ ਜਦੋਂ ਵੱਡੇ ਤੋਂ ਵੱਡੇ ਜ਼ੁਲਮ ਨੂੰ ਵੀ ਚੁੱਪ-ਚਾਪ ਸਹਿਣਾ ਪੈਂਦਾ ਹੈ। ਕਈ ਵਾਰ ਹਿਰਦੇ ਨੂੰ ਚੀਰ ਦੇਣ ਵਾਲੇ ਦਰਦ ਨੂੰ ਵੀ “ਤੇਰਾ ਭਾਣਾ ਮੀਠਾ ਲਾਗੈ” ਆਖ ਕੇ ਸ਼ਾਂਤ-ਚਿੱਤ ਸਵੀਕਾਰ ਕਰਨਾ ਪੈਂਦਾ ਹੈ। ਕਈ ਵਾਰ ਭੜਕਾਹਟਾਂ, ਉਕਸਾਵਿਆਂ ਅਤੇ ਅਨਿਆਂ ਦੇ ਤੂਫ਼ਾਨਾਂ ਸਾਹਮਣੇ ਵੀ ਧੀਰਜ, ਸਿਦਕ ਅਤੇ ਜੇਰੇ ਦਾ ਪ੍ਰਦਰਸ਼ਨ ਕਰਨਾ ਪੈਂਦਾ ਹੈ। ਇਹ ਕਮਜ਼ੋਰੀ ਨਹੀਂ ਹੁੰਦੀ, ਸਗੋਂ ਉੱਚੇ ਆਤਮ-ਬਲ ਅਤੇ ਅਡੋਲ ਵਿਸ਼ਵਾਸ ਦੀ ਨਿਸ਼ਾਨੀ ਹੁੰਦੀ ਹੈ।
ਪਰ ਇਤਿਹਾਸ ਦਾ ਚੱਕਰ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਇੱਕ ਸਮਾਂ ਅਜਿਹਾ ਵੀ ਆਉਂਦਾ ਹੈ ਜਦੋਂ ਜ਼ੁਲਮ ਨੂੰ ਸਹਿਣਾ ਨਹੀਂ, ਸਗੋਂ ਉਸ ਨੂੰ ਸਿੱਧੇ ਮੱਥੇ ਲਲਕਾਰਨਾ ਇਤਿਹਾਸਕ ਲੋੜ ਬਣ ਜਾਂਦਾ ਹੈ। ਜਦੋਂ ਅਨਿਆਂ ਹੱਦਾਂ ਪਾਰ ਕਰ ਜਾਂਦਾ ਹੈ, ਜਦੋਂ ਮਨੁੱਖੀ ਮਰਿਆਦਾ ਅਤੇ ਧਾਰਮਿਕ ਅਜ਼ਾਦੀ ਨੂੰ ਕੁਚਲਿਆ ਜਾਣ ਲੱਗਦਾ ਹੈ, ਤਦੋਂ ਚੁੱਪ ਰਹਿਣਾ ਵੀ ਜ਼ੁਲਮ ਦਾ ਸਾਥ ਬਣ ਜਾਂਦਾ ਹੈ। ਅਜਿਹੇ ਵੇਲਿਆਂ ਵਿੱਚ ਇਤਿਹਾਸ ਦੇ ਰਾਹ ਸਿਰਫ਼ ਸ਼ਬਦਾਂ ਨਾਲ ਨਹੀਂ, ਸਗੋਂ ਕੁਰਬਾਨੀਆਂ, ਦ੍ਰਿੜਤਾ ਅਤੇ ਸੰਘਰਸ਼ ਨਾਲ ਰੁਸ਼ਨਾਏ ਜਾਂਦੇ ਹਨ। ਫਿਰ ਜ਼ੁਲਮਾਂ ਦੇ ਘੋਰ ਅੰਧਕਾਰ ਨੂੰ ਚੀਰਨ ਲਈ ਤੇਗਾਂ ਦੀਆਂ ਲਿਸ਼ਕਾਂ ਅਤੇ ਸਿਦਕ ਦੀਆਂ ਲਾਟਾਂ ਨਾਲ ਨਵੇਂ ਇਤਿਹਾਸ ਲਿਖੇ ਜਾਂਦੇ ਹਨ।
ਇਹੀ ਉਹ ਸੱਚ ਹੈ ਜਿਸ ਨੇ ਸਿੱਖ ਇਤਿਹਾਸ ਨੂੰ ਵਿਲੱਖਣ ਬਣਾਇਆ ਹੈ—ਜਿੱਥੇ ਇੱਕ ਪਾਸੇ ਭਾਣੇ ਨੂੰ ਮਿੱਠਾ ਮੰਨਣ ਦੀ ਨਿਮਰਤਾ ਹੈ, ਉੱਥੇ ਹੀ ਦੂਜੇ ਪਾਸੇ ਜ਼ੁਲਮ ਦੇ ਸਾਹਮਣੇ ਸਿਰ ਨਾ ਝੁਕਾਉਣ ਦੀ ਅਡੋਲਤਾ ਵੀ ਹੈ। ਇਹੀ ਸੰਤ ਅਤੇ ਸਿਪਾਹੀ ਦਾ ਉਹ ਮਹਾਨ ਸੰਤੁਲਨ ਹੈ ਜਿਸ ਨੇ ਸਿੱਖ ਕੌਮ ਨੂੰ ਸਦੀਆਂ ਤੋਂ ਜੀਵੰਤ ਰੱਖਿਆ ਹੈ ਅਤੇ ਭਵਿੱਖ ਵਿੱਚ ਵੀ ਉਸ ਦੀ ਰਹਿਨੁਮਾਈ ਕਰਦਾ ਰਹੇਗਾ।
 

ਗੁਰਚਰਨ ਸਿੰਘ ਗੁਰਾਇਆ ਜਰਮਨੀ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.