ਉਹ ਕਿਹੜੀ ਇਤਿਹਾਸਿਕ ਸਾਂਝ ਹੈ ਜੋ ਹਿਊਗ ਮਾਸਕੇਲਾ ਦੇ ਗੀਤ- bring him back ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਾਲ ਜੋੜਦੀ.? -ਕਰਮਜੀਤ ਸਿੰਘ ਚੰਡੀਗੜ੍ਹ, ਸੀਨੀਅਰ ਪੱਤਰਕਾਰ

ਉਹ ਕਿਹੜੀ ਇਤਿਹਾਸਿਕ ਸਾਂਝ ਹੈ ਜੋ ਹਿਊਗ ਮਾਸਕੇਲਾ ਦੇ ਗੀਤ- bring him back ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਾਲ ਜੋੜਦੀ.? -ਕਰਮਜੀਤ ਸਿੰਘ ਚੰਡੀਗੜ੍ਹ, ਸੀਨੀਅਰ ਪੱਤਰਕਾਰ

ਉਹ ਕਿਹੜੀ ਇਤਿਹਾਸਿਕ ਸਾਂਝ ਹੈ ਜੋ ਹਿਊਗ ਮਾਸਕੇਲਾ ਦੇ ਗੀਤ- bring him back ਨੂੰ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨਾਲ ਜੋੜਦੀ.? -
  • • ਸਿਰਫ ਇੱਕ ਗੀਤ ਨਾਲ ਸਿੰਘਾਸਨ ਤੇ ਤਖਤ ਡੋਲਣ ਲਗੇ…
  • • ਇੰਦੌਰ ਦੇ ਅਸਮਾਨ ਤੇ ਦਿਲਜੀਤ ਦੀ ਰਾਜਨੀਤਿਕ ਪੀਂਘ ਚੜੀ ਜਦੋਂ ਚੰਨ ਤਾਰੇ ਧਰਤੀ 'ਤੇ ਉੱਤਰ ਦੇ ਜਾਪੇ…
  • • ਕਿੱਥੇ ਹਨ ਅੱਜ ਸਾਡੇ ਦੁੱਖ ਨੂੰ ਸ਼ਬਦ ਦੇਣ ਵਾਲੇ ਕਵੀ ?
  • • ਕਿੱਥੇ ਹਨ ਸਮੇਂ ਦੇ ਸੱਚ ਨੂੰ ਪਛਾਣਨ ਵਾਲੇ ਕਵੀ.?
  • 21 ਨਵੰਬਰ ਨੂੰ ਲੋਕਾਂ ਦਾ ਜਲੂਪੁਰ ਖੇੜਾ ਵਿਚ ਇਕੱਠਾ ਹੋਇਆ ਸਮੁੰਦਰ ਕਿਸ ਦੀ ਕਰ ਰਿਹਾ ਹੈ ਉਡੀਕ.?
  • -ਕਰਮਜੀਤ ਸਿੰਘ ਚੰਡੀਗੜ੍ਹ, ਸੀਨੀਅਰ ਪੱਤਰਕਾਰ

ਦੋਸਤੋ, ਤੁਸੀਂ ਕੁਝ ਪਲਾਂ ਲਈ ਮੇਰੇ ਨਾਲ ਗੁੱਸੇ ਹੋ ਸਕਦੇ ਹੋ ਕਿ ਮੈਂ ਕਿਉਂ ਕਲਾਕਾਰਾਂ ਨੂੰ ਅਸਮਾਨੇ ਚੜਾਈ ਜਾਂਦਾ ਹਾਂ, ਪਰ ਫਿਰ ਵੀ 15 ਨਵੰਬਰ ਵਾਲੇ ਦਿਨ ਇੰਦੌਰ ਸ਼ਹਿਰ ਵਿੱਚ ਲੱਗੇ ਵੱਡੇ ਸੰਗੀਤਕ ਮੇਲੇ (concert) ਵਿੱਚ ਉਸ ਮੇਲੇ ਦੇ ਨਾਇਕ ਦਿਲਜੀਤ ਦੀ ਮਹਿਮਾ ਕਰਨ ਨੂੰ ਦਿਲ ਕਰ ਆਇਆ ਹੈ, ਕਿਉਂਕਿ ਇਹ ਮਾਮੂਲੀ ਕਿਸਮ ਦੇ ਮੇਲਿਆਂ ਵਰਗਾ ਮੇਲਾ ਨਹੀਂ ਸੀ ਸਗੋਂ ਉਸ ਦਿਨ ਸੱਚਮੁੱਚ ਇੰਦੌਰ ਦੇ ਅਸਮਾਨ 'ਤੇ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਰੰਗਾਂ ਦੀ ਸਤਰੰਗੀ ਪੀਂਘ ਚੜੀ ਸੀ ਅਤੇ ਜੋ ਅਣਗਿਣਤ ਸੁਣੇ ਅਤੇ ਅਣਸੁਣੇ ਪੈਗਾਮਾਂ ਦੀ ਇੱਕ ਭਰਮਾਰ ਸੀ। 

ਇਸ ਮੇਲੇ ਵਿੱਚ ਸਿਸਟਮ ਨੂੰ ਵੀ, ਇੱਕ ਵਿਸ਼ੇਸ਼ ਸਰਕਾਰ ਨੂੰ ਵੀ ਅਤੇ ਉਸਦੇ ਸਾਰੇ ਤਾਣੇ ਬਣੇ ਨੂੰ ਵੀ ਬਿਨਾਂ ਹਥਿਆਰਾਂ ਤੇ ਬੰਦੂਕਾਂ ਤੋਂ ਇੱਕ ਸਦਾਚਾਰਕ,ਇੱਕ ਇਖਲਾਕੀ ਅਤੇ ਇੱਕ ਨੈਤਿਕ ਚੁਣੌਤੀ ਦਿੱਤੀ ਗਈ ਸੀ। 

ਦੋਸਤੋ, ਮੈਂ ਕਿਤੇ ਪੜ੍ਹਿਆ ਸੀ ਕਿ ਕਲਾਕਾਰ ਦੀ ਤਾਕਤ ਕਈ ਵਾਰ ਸੱਤਾ ਅਤੇ ਹਾਕਮਾਂ ਦੀ ਤਾਕਤ ਤੋਂ ਵੀ ਲੰਮੀ ਉਮਰ ਰੱਖਦੀ ਹੈ। ਇਹ ਸੱਚ ਇੱਕ ਸਮੇਂ ਦੀਪ ਸਿੱਧੂ ਨੇ ਜਿਵੇਂ ਸਾਕਾਰ ਕੀਤਾ ਸੀ ਉਹ ਸਚ ਵੀ ਪੰਜਾਬੀਆਂ ਨੂੰ ਦੇਰ ਨਾਲ ਸਮਝ ਆਵੇਗਾ। ਕਈ ਵਾਰ ਕਲਾਕਾਰ ਦੀ ਤਾਕਤ ਬੂਹੇ-ਬਾਰੀਆਂ ਟੱਪ ਕੇ, ਹਵਾ ਬਣ ਕੇ ਰਾਜਨੀਤਿਕ ਗਲਿਆਰਿਆਂ ਤੱਕ ਪਹੁੰਚ ਜਾਂਦੀ ਹੈ। ਇਸ ਉੱਤੇ ਕਿਸੇ ਰਾਜਨੀਤੀ ਦਾ ਪਹਿਰਾ ਵੀ ਨਹੀਂ ਹੁੰਦਾ।

ਦਿਲਜੀਤ ਨੇ ਜੋ ਉਸ ਦਿਨ ਬੋਲਿਆ ਉਹ ਸਾਡੇ ਸਾਰਿਆਂ ਦਾ ਰਾਜਨੀਤਿਕ ਤੇ ਸੱਭਿਆਚਾਰਕ ਸਰਮਾਇਆ(cultural capital) ਸੀ। 

ਇਹ ਉਸ ਸਿਸਟਮ ਨੂੰ ਸਿੱਧੀ ਵੰਗਾਰ ਸੀ ਜੋ ਘੜੀ ਮੁੜੀ ਇਹੋ ਕਹਿੰਦਾ ਹੈ ਕਿ ਮੈਂ ਤਾਂ ਆਪਣੇ ਨਿਯਮਾਂ ਤੇ ਪਾਬੰਦੀਆਂ ਨਾਲ ਹੀ ਤੁਹਾਡੇ ਉੱਤੇ ਰਾਜ ਕਰਨਾ ਹੈ, ਪਰ ਦਿਲਜੀਤ ਨੇ ਉਸ ਦਿਨ ਸੰਗੀਤ,ਸ਼ਬਦਾਂ ਤੇ ਸੁਰਾਂ ਨਾਲ ਸਾਂਝ ਪਾ ਕੇ ਐਲਾਨ ਕੀਤਾ ਕਿ ਜਾਓ! ਇਉ ਨਹੀਂ ਹੋਣ ਦੇਵਾਂਗੇ।

ਦੋਸਤੋ, ਦਿਲਜੀਤ ਦਾ ਲਿਬਾਸ! ਕਿਆ ਕਹਿਣਾ! ਪੰਜਾਬ ਤੇ ਪੰਜਾਬੀਅਤ ਦੀ ਪਛਾਣ, ਗੂੜੇ ਨੀਲੇ ਰੰਗ ਦਾ ਕੁੜਤਾ ਤੇ ਚਾਦਰਾ, ਸਿਰ ਉੱਤੇ ਸਜੀ ਦਸਤਾਰ, ਲੱਕ ਦੁਆਲੇ ਵਲੇਟੀਆਂ ਚਾਂਦੀ ਰੰਗੀਆਂ ਪੱਟੀਆਂ ਯਾਨੀ ਕਾਰਤੂਸਾਂ ਵਰਗੀ ਪੇਟੀ ਦੀ ਇਕ ਲੁਕ- ਇਉ ਲੱਗਦਾ ਸੀ ਜਿਵੇਂ ਪੰਜਾਬ ਦੀ ਸ਼ਾਨ, ਅਣਖ, ਸਵੈਮਾਨ, ਬਰਾਬਰੀ, ਨਿਡਰਤਾ, ਨਿਰਵੈਰਤਾ ਤੇ ਬੇਬਾਕੀ ਦੇ ਹਥਿਆਰਾਂ ਨਾਲ ਦਿਲਜੀਤ ਪਿਛਲੇ ਕੁਝ ਸਾਲਾਂ ਵਿੱਚ ਸਿਰਜੇ ਗਏ ਮਾਹੌਲ 'ਤੇ ਵਿਸ਼ੇਸ਼ ਧਿਰਾਂ ਵੱਲ ਗੁਝਾ ਇਸ਼ਾਰਾ ਕਰ ਰਿਹਾ ਸੀ ਜੋ ਦੇਸ਼ ਦੇ ਕੌਮ ਦੀ ਆਜ਼ਾਦੀ ਨੂੰ ਇੱਕੋ ਕਿੱਲੇ ਨਾਲ, ਇੱਕੋ ਰੱਸੇ ਨਾਲ ਬੰਨ ਦੇਣਾ ਚਾਹੁੰਦੇ ਹਨ।

ਦੋਸਤੋ ਉੰਝ ਤਾਂ ਉਸਨੇ ਰਾਹਤ ਇੰਦੌਰੀ ਦੇ ਦੋ ਤਿੰਨ ਸ਼ੇਅਰ ਬੁਲੰਦ ਆਵਾਜ਼ ਵਿੱਚ ਸਾਡੇ ਸਾਹਮਣੇ ਲਿਆਂਦੇ ਸਨ ਪਰ ਇਕ ਸ਼ੇਅਰ "ਸਭੀ ਕਾ ਖੂਨ ਸ਼ਾਮਿਲ ਹੈ ਯਹਾਂ ਕੀ ਮਿੱਟੀ ਮੇਂ,ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ" ਨੇ ਤਾਂ ਮੁਲਕ ਦੇ ਹਰ ਦਿਲ ਵਿੱਚ ਥਾਂ ਬਣਾ ਲਈ। ਕੀ ਤੁਹਾਨੂੰ ਇਉਂ ਨਹੀਂ ਲੱਗਿਆ ਕਿ ਇਹ ਸ਼ੇਅਰ ਇੱਕ ਵੱਡੀ ਗੂੰਜ ਬਣ ਕੇ ਸਾਰੇ ਦੇਸ਼ ਨੂੰ ਆਪਣੀ ਗਲਵੱਕੜੀ ਵਿੱਚ ਲੈ ਗਿਆ ਸੀ ?

ਦੋਸਤੋ, ਤੁਹਾਡੇ ਪੱਤਰਕਾਰ ਨੇ ਵੈਸੇ ਇਹ ਸ਼ੇਅਰ ਤੇ ਰਾਹਤ ਇੰਦੌਰੀ ਜੀ ਦੇ ਹੋਰ ਕਈ ਸ਼ੇਅਰ ਕਈ ਵਾਰ ਸੁਣੇ ਸਨ ਪਰ ਇਹ ਆਮ ਕਰਕੇ ਮੁਸਲਮਾਨ ਭਾਈਚਾਰੇ ਅਤੇ ਮੁਸਲਮਾਨ ਜਲਸਿਆਂ ਤੱਕ ਹੀ ਸੀਮਤ ਸੀ ਅਤੇ ਜੋ ਮੁਸਲਮਾਨ ਭਰਾਵਾਂ ਦੇ ਦਰਦ ਨਾਲ ਸਾਂਝ ਪਾਉਂਦਾ ਸੀ, ਪਰ 15 ਨਵੰਬਰ ਨੂੰ ਇਹ ਸ਼ੇਅਰ ਸਾਰੀ ਸਾਰੀਆਂ ਹੱਦਾਂ ਬੰਨੇ ਟੱਪ ਕੇ ਸਿੱਖ ਕੌਮ ਸਮੇਤ ਘੱਟ ਗਿਣਤੀਆਂ ਦੇ ਕੌਮਾਂ ਦੇ ਦਰਦ ਨਾਲ ਘੁਲ ਮਿਲ ਗਿਆ ਸੀ। ਮੈਂ ਕਦੇ ਰਾਹਤ ਇੰਦੌਰੀ ਦੇ ਸ਼ੇਅਰ ਪੜਨ ਦੇ ਨਿਰਾਲੇ ਤੇ ਨਿਡਰ ਅੰਦਾਜ਼ ਤੇ ਵੱਖਰੇ ਸਟਾਈਲ ਉੱਤੇ ਹੀ ਪੂਰਾ ਇੱਕ ਲੇਖ ਤੁਹਾਡੀ ਮਹਿਫਲ ਵਿੱਚ ਪੇਸ਼ ਕਰਾਂਗਾ। ਜ਼ਰੂਰ ਉਡੀਕਣਾ।

ਇੱਕ ਹੋਰ ਗੱਲ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਸੀ ਜਿਸ ਤੋਂ ਪਤਾ ਲੱਗਿਆ ਕਿ ਕੋਈ ਕਵਿਤਾ ਜਾਂ ਇੱਕ ਸ਼ੇਅਰ ਹੀ ਦਿਲਾਂ ਤੇ ਜਿਸਮਾਂ ਨਾਲ ਮਿਲ ਕੇ ਕਿਵੇਂ ਵੱਡੀ ਤਾਕਤ ਬਣ ਜਾਂਦਾ ਹੈ ਅਤੇ ਜੋ ਵਕਤ ਦੀਆਂ ਸਰਕਾਰਾਂ ਨੂੰ ਕੰਬਣੀ ਵੀ ਛੇੜ ਦਿੰਦਾ ਹੈ ਅਤੇ ਉਹਨਾਂ ਦੇ ਸਿੰਘਾਸਣ ਤੇ ਤਖਤ ਡੋਲਣ ਲੱਗ ਪੈਂਦੇ ਹਨ।

ਦੋਸਤੋ, ਇਹ ਸ਼ਾਇਰ ਸੀ ਹਿਊਗ ਮਾਸਕੇਲਾ ਜੋ ਦੱਖਣੀ ਅਫਰੀਕਾ ਦਾ ਕਵੀ ਹੈ ਅਤੇ ਉਸਦੇ ਇੱਕ ਗੀਤ (ਬਰਿੰਗ ਹਿਮ ਬੈਕ) ਅਰਥਾਤ ਸਾਡੇ ਆਗੂ ਨੂੰ ਵਾਪਸ ਲਿਆਓ ਨੇ ਨੈਲਸਨ ਮੰਡੇਲਾ ਦੀ ਰਿਹਾਈ ਦੀ ਮੰਗ ਨੂੰ ਸਾਰੀ ਦੁਨੀਆਂ ਦੀ ਮੰਗ ਬਣਾ ਦਿੱਤਾ ਸੀ ਅਤੇ ਨਸਲਵਾਦ ਦੀ ਸਰਕਾਰ ਨੂੰ ਦੁਨੀਆਂ ਭਰ ਦੀਆਂ ਜ਼ਮੀਰਾਂ ਲਾਹਨਤਾਂ ਪਾਉਣ ਲੱਗੀਆਂ ਸਨ।

ਦੋਸਤੋ, ਲੇਖ ਲੰਮਾ ਹੋ ਰਿਹਾ ਹੈ ਹੈ ਪਰ ਕੁਝ ਸ਼ੇਅਰ ਇਸ ਕਵਿਤਾ ਦਾ ਖੁਲਾ ਪੰਜਾਬੀ ਤਰਜਮਾ ਪੇਸ਼ ਕਰ ਰਿਹਾ ਜੋ ਤੁਹਾਨੂੰ ਸਭਨਾਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਨਾਲ ਜੋੜ ਦੇਵੇਗਾ :

* ਸਾਡੇ ਰਹਿਬਰ ਨੂੰ, ਸਾਡੇ ਆਗੂ ਨੂੰ ਵਾਪਸ ਲਿਆਓ। 

* ਉਸ ਨੂੰ ਰਿਹਾਅ ਕਰੋ ਜਿਸ ਨੂੰ ਤੁਸਾਂ ਸਾਡੇ ਤੋਂ ਦੂਰ ਕਰ ਰੱਖਿਆ ਹੈ। 

* ਉਸ ਦੀ ਵਾਪਸੀ ਇੱਕ ਵਿਅਕਤੀ ਦੀ ਵਾਪਸੀ ਨਹੀਂ ਸਗੋਂ ਪੂਰੀ ਕੌਮ ਦੀ ਉਮੀਦ, ਸਵੈਮਾਨ ਤੇ ਆਜ਼ਾਦੀ ਦੀ ਵਾਪਸੀ ਹੋਵੇਗੀ।

ਕੀ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਇਹ ਗੀਤ ਤਾਂ ਭਾਵੇਂ 1987 ਵਿੱਚ ਜਾਰੀ ਹੋਇਆ ਸੀ ਪਰ ਕਈ ਸਾਲਾਂ ਪਿੱਛੋਂ ਅੱਜ ਇਹ ਗੀਤ ਭਾਈ ਅੰਮ੍ਰਿਤਪਾਲ ਸਿੰਘ ਨਾਲ ਵੀ ਸਾਂਝ ਪਾਉਂਦਾ ਮਹਿਸੂਸ ਨਹੀਂ ਹੋ ਰਿਹਾ ?

ਅੱਜ ਇੱਕ ਉਹ ਗੀਤ ਚਾਹੀਦਾ ਹੈ ਜੋ 21 ਨਵੰਬਰ ਨੂੰ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਅੰਤਿਮ ਸਸਕਾਰ ਸਮੇਂ ਜਲੂਪੁਰ ਖੇੜਾ ਦੀ ਸਰਜ਼ਮੀਨ ਅਤੇ ਦੂਰ-ਦੂਰ ਤੱਕ ਇਸ ਇਤਿਹਾਸਿਕ ਪਿੰਡ ਦੇ ਫੈਲੇ ਇਲਾਕਿਆਂ ਵਿੱਚ ਲੋਕਾਂ ਦੇ ਇਕੱਠੇ ਹੋਏ ਸਮੁੰਦਰ ਵਿੱਚ ਇਸ ਤਰਾਂ ਗੂੰਜਾਂ ਪਾ ਦਵੇ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਰਕਾਰ ਦੀ ਮਜਬੂਰੀ ਬਣ ਜਾਵੇ। 

ਇਹ ਹੋ ਸਕਦਾ ਹੈ ਅਤੇ ਦੁਨੀਆਂ ਦੇ ਇਤਿਹਾਸ ਵਿੱਚ ਇਸ ਤਰਾਂ ਦੀਆਂ ਮਿਸਾਲਾਂ ਵੀ ਮਿਲਦੀਆਂ ਹਨ-ਬਸ਼ਰਤੇ ਤੁਸੀਂ ਜਿਉਂਦੇ ਤੇ ਜਾਗਦੇ ਹੋਵੋ।

ਮੈਂ ਪੁੱਛਦਾ ਹਾਂ ਅੱਜ :

• ਕਿੱਥੇ ਹਨ ਸਾਡੇ ਦੁੱਖ ਨੂੰ ਸ਼ਬਦ ਦੇਣ ਵਾਲੇ ਕਵੀ ?

• ਕਿੱਥੇ ਹਨ ਸਾਡੇ ਸੁਪਨਿਆਂ ਨੂੰ ਆਵਾਜ਼ ਦੇਣ ਵਾਲੇ ਗਾਇਕ ?

* ਕਿੱਥੇ ਹਨ ਸਮੇਂ ਦੇ ਸੱਚ ਨੂੰ ਪਛਾਣਨ ਵਾਲੇ ਦਾਨਸ਼ਵਰ ਤੇ ਬੁੱਧੀਜੀਵੀ ?

ਜਦੋਂ ਸਿਆਸੀ ਆਗੂ ਚੁੱਪ ਹੋ ਜਾਣ ਤਾਂ ਕਈ ਵਾਰ ਉਸਦੇ ਸ਼ਾਇਰ ਬੋਲਣ ਲੱਗ ਪੈਂਦੇ ਹਨ ਅਤੇ ਜਦੋਂ ਸ਼ਾਇਰ ਬੋਲਦੇ ਹਨ ਤਾਂ ਇਤਿਹਾਸ ਬਦਲਣ ਲਈ ਮਜਬੂਰ ਹੋ ਜਾਂਦਾ ਹੈ। ਦੋਸਤੋ, ਇਹੋ ਬਦਲਾਅ ਹੁੰਦਾ ਹੈ ਨਾ ਕਿ ਉਹ "ਬਦਲਾਅ"ਜਿਸ ਨੇ ਸਾਨੂੰ ਇੱਕ ਵੱਡੇ ਧੋਖੇ ਵਿੱਚ ਰੱਖ ਕੇ ਪੰਜਾਬ ਨਾਲ ਇੱਕ ਇਤਿਹਾਸਿਕ ਵਿਸ਼ਵਾਸਘਾਤ ਕੀਤਾ ਸੀ।

ਅੱਜ ਇੱਕ ਉਹ ਗੀਤ ਅਤੇ ਕਈ ਗੀਤ ਚਾਹੀਦੇ ਹਨ ਜੋ 21 ਨਵੰਬਰ ਨੂੰ ਅੰਮ੍ਰਿਤਪਾਲ ਸਿੰਘ ਦੀ ਦਾਦੀ ਦੇ ਅੰਤਿਮ ਸਸਕਾਰ ਸਮੇਂ ਜਲੂਪੁਰ ਖੇੜਾ ਦੀ ਸਰਜ਼ਮੀਨ ਅਤੇ ਦੂਰ ਦੂਰ ਤੱਕ ਇਸੇ ਇਤਿਹਾਸਿਕ ਪਿੰਡ ਦੇ ਵਿੱਚ ਉਸੇ ਦਿਨ ਇਕੱਠੇ ਹੋਏ ਲੋਕਾਂ ਦੇ ਸਮੁੰਦਰ ਵਿੱਚ ਇਸ ਤਰਾਂ ਗੂੰਜਾਂ ਪਾ ਦਵੇ ਕਿ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਸਰਕਾਰ ਦੀ ਮਜਬੂਰੀ ਬਣ ਜਾਵੇ।

ਯਾਦ ਰੱਖੋ : ਸ਼ਾਇਰ ਕੇਵਲ ਇਤਿਹਾਸ ਹੀ ਨਹੀਂ ਬਦਲਦੇ ਸਗੋਂ ਇਤਿਹਾਸ ਬੋਲਣ ਵਾਲੀ ਚੇਤਨਾ ਵੀ ਪੈਦਾ ਕਰਦੇ ਹਨ।•••ਸਾਡੀਆਂ ਉਡੀਕਾਂ ਨੇ ਅਜੇ ਦਮ ਨਹੀਂ ਤੋੜਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.