ਅਕਾਲੀ ਦਲ (ਵਾਰਿਸ ਪੰਜਾਬ ਦੇ) ਦਿੱਲੀ ਦੀ ਕਿਸੇ ਵੀ ਪਾਰਟੀ ਨਾਲ ਨਹੀਂ ਕਰੇਗਾ ਗਠਜੋੜ – ਮਨਪ੍ਰੀਤ ਇਆਲੀ

ਅਕਾਲੀ ਦਲ (ਵਾਰਿਸ ਪੰਜਾਬ ਦੇ) ਦਿੱਲੀ ਦੀ ਕਿਸੇ ਵੀ ਪਾਰਟੀ ਨਾਲ ਨਹੀਂ ਕਰੇਗਾ ਗਠਜੋੜ – ਮਨਪ੍ਰੀਤ ਇਆਲੀ

ਸੱਤਾ ਲਈ ਸਿਧਾਂਤਾਂ ਨਾਲ ਸਮਝੌਤਾ ਨਹੀਂ ਪਰ ਪੰਥਕ ਧਿਰਾਂ ਨੂੰ ਇੱਕ ਝੰਡੇ ਹੇਠ ਕਰਨ ਲਈ ਯਤਨ ਜਾਰੀ 

ਨਿਊਜ਼ੀਲੈਂਡ, ਆਕਲੈਂਡ (ਤਰਨਜੋਤ ਸਿੰਘ )- ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਦੇ ਦਿੱਲੀ ਦੀ ਕਿਸੇ ਵੀ ਸਿਆਸੀ ਪਾਰਟੀ ਨਾਲ ਭਵਿੱਖ ਵਿੱਚ ਸਿਆਸੀ ਗਠਜੋੜ ਦੀਆਂ ਅਟਕਲਾਂ ‘ਤੇ ਪੂਰਨ ਵਿਰਾਮ ਲਗਾ ਦਿੱਤਾ ਹੈ । 
ਇਆਲੀ ਨੇ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਦਿੱਲੀ ਦੀ ਕਿਸੇ ਵੀ ਕੇਂਦਰੀ ਸਿਆਸੀ ਪਾਰਟੀ ਨਾਲ ਕੋਈ ਸਮਝੌਤਾ ਜਾਂ ਗਠਜੋੜ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਪਣੀ ਮੂਲ ਪੰਥਕ ਸੋਚ, ਸਿਧਾਂਤਾਂ ਅਤੇ ਪੰਜਾਬੀਅਤ ਦੇ ਮੁੱਖ ਮੁੱਦਿਆਂ ‘ਤੇ ਡਟ ਕੇ ਪੰਜਾਬ ਦੀ ਰਾਜਨੀਤੀ ਵਿੱਚ ਅੱਗੇ ਵਧੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਸਿਰਫ਼ ਇੱਕ ਸਿਆਸੀ ਧਿਰ ਨਹੀਂ, ਸਗੋਂ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀ ਪਾਰਟੀ ਹੈ। ਇਸ ਦਾ ਮੁੱਖ ਮਨੋਰਥ ਪੰਜਾਬ ਵਿੱਚ ਖਿੰਡੀਆਂ ਹੋਈਆਂ ਸਾਰੀਆਂ ਪੰਥਕ ਧਿਰਾਂ ਅਤੇ ਪੰਜਾਬ ਦਰਦੀਆਂ ਨੂੰ ਇੱਕ ਸਾਝੇ ਮੰਚ ’ਤੇ ਇਕੱਠਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਵੱਲੋਂ ਸਾਰੀਆਂ ਸੱਚੀਆਂ ਪੰਥਕ ਤਾਕਤਾਂ ਨੂੰ ਇਕਜੁੱਟ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਪੰਜਾਬ ਦੇ ਲੋਕਾਂ ਦੇ ਹੱਕਾਂ, ਆਰਥਿਕਤਾ, ਜਲ-ਸਰੋਤਾਂ ਅਤੇ ਸਮਾਜਿਕ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਇਆ ਜਾ ਸਕੇ।
ਦਿੱਲੀ ਦੀਆਂ ਕੇਂਦਰੀ ਪਾਰਟੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸਿਆਸੀ ਸਮਝੌਤੇ ਦੀ ਸੰਭਾਵਨਾ ਨੂੰ ਸਿਰੇ ਤੋਂ ਰੱਦ ਕਰਦਿਆਂ ਇਆਲੀ ਨੇ ਆਖਿਆ ਕਿ ਸੱਤਾ ਹਾਸਲ ਕਰਨ ਜਾਂ ਸਿਆਸੀ ਲਾਭ ਪ੍ਰਾਪਤ ਕਰਨ ਲਈ ਪਾਰਟੀ ਆਪਣੇ ਨਿਯਮਾਂ ਅਤੇ ਸਿਧਾਂਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਪੰਥਕ ਧਿਰਾਂ ਦੀ ਆਪਣੀ ਇੱਕ ਵੱਖਰੀ ਇਤਿਹਾਸਕ ਪਛਾਣ ਅਤੇ ਵਿਲੱਖਣ ਭੂਮਿਕਾ ਰਹੀ ਹੈ। ਦਿੱਲੀ ਦੀਆਂ ਪਾਰਟੀਆਂ ਦੀ ਗੁਲਾਮੀ ਕਰਨ ਦੀ ਬਜਾਏ, ਪੰਜਾਬ ਦੇ ਆਪਣੇ ਵਜੂਦ ਅਤੇ ਪੰਥਕ ਪਛਾਣ ਨੂੰ ਬਚਾ ਕੇ ਰੱਖਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.