ਕੈਪਟਨ ਸਤਨਾਮ ਸਿੰਘ ਦੁਪਾਲ ਪੁਰ ਦੁਆਬੇ ਦੇ 148 ਵੇਂ ਮ੍ਰਿਤਕ-ਸਰੀਰ ਦਾਨੀ ਬਣੇ!
- ਸਮਾਜ ਸੇਵਾ
- 20 Jun, 2026 03:47 AM (Asia/Kolkata)
ਸੈਨਹੋਜ਼ੇ(ਤਰਲੋਚਨ ਸਿੰਘ ਦੁਪਾਲ ਪੁਰ) ਨਵਾਂਸ਼ਹਿਰ ਇਲਾਕੇ ਵਿੱਚ ਕੈਪਟਨ ਸਤਨਾਮ ਸਿੰਘ ਦੀ ਭਰਵੀਂ ਪ੍ਰਸੰਸਾ ਹੋ ਰਹੀ ਹੈ ਜਿਨ੍ਹਾਂ ਦੁਆਬਾ ਸੇਵਾ ਸੰਮਤੀ ਨਵਾਂਸ਼ਹਿਰ ਰਾਹੀਂ ਮ੍ਰਿਤੂ ਉਪਰੰਤ ਮੈਡੀਕਲ ਖੋਜਾਂ ਵਾਸਤੇ ਆਪਣਾ ਸਰੀਰ ਦਾਨ ਕਰਨ ਲਈ ਫਾਰਮ ਭਰਿਆ।ਇਸ ਮੌਕੇ ਦੁਆਬਾ ਸੇਵਾ ਸੰਮਤੀ ਦੇ ਸੇਵਾਦਾਰਾਂ ਤੋਂ ਇਲਾਵਾ ਸ੍ਰੀ ਮਤੀ ਅਨਮਜੋਤ ਕੌਰ ਐੱਸ.ਡੀ.ਐੱਮ ਨਵਾਂਸ਼ਹਿਰ ਵੀ ਹਾਜ਼ਰ ਸਨ।ਮ੍ਰਿਤੂ ਉਪਰੰਤ ਸਰੀਰ ਦਾਨ ਕਰਨ ਵਾਲ਼ੇ ਕੈਪਟਨ ਸਤਨਾਮ ਸਿੰਘ ਦੁਆਬਾ ਖੇਤਰ ਦੇ 148 ਵੇਂ ਵਿਅਕਤੀ ਬਣ ਗਏ ਹਨ।
ਵਿਸ਼ੇਸ਼ ਗੱਲ ਇਹ ਹੈ ਕਿ ਸੰਨ 2001 ਵਿੱਚ ਡਿਫੈਂਸ ਸਰਵਿਸਿਜ਼ ਤੋਂ ਸੇਵਾ-ਮੁਕਤ ਹੋਣ ਉਪਰੰਤ ਕੈਪਟਨ ਸਾਹਬ ਗੁਰਦੁਆਰਾ ਸਿੰਘ ਸਭਾ ਦੁਪਾਲ ਪੁਰ ਵਿਖੇ ਨਿੱਤਨੇਮ ਕਰਨ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਹਨ।ਹਰ ਤਰਾਂ ਦੇ ਮਾਨਵ-ਸੇਵਾ ਦੇ ਕਾਰਜਾਂ ਵਿੱਚ ਮੋਹਰੀ ਰੋਲ ਨਿਭਾਉਣ ਲਈ ਤਤਪਰ ਰਹਿੰਦੇ ਸਤਨਾਮ ਸਿੰਘ,ਚੰਨੀਂ ਰਿਜ਼ੌਰਟਸ ਰਾਹੋਂ ਵਿਖੇ ਭਾਈ ਬਹਾਦਰ ਸਿੰਘ ਭਾਰਟਾ ਵਲੋਂ ਹਰ ਸਾਲ ਧੀਆਂ ਦੀ ਲੋਹੜੀ ਮਨਾਉਣ ਲਈ ਆਯੋਜਿਤ ਕੀਤੇ ਜਾਂਦੇ ਵੱਡੇ ਸਮਾਗਮ ਮੌਕੇ ਇਲਾਕੇ ਭਰ ਵਿੱਚੋਂ ਨਵ-ਜਨਮੀਆਂ ਬੱਚੀਆਂ ਦੇ ਵੇਰਵੇ ਇਕੱਠੇ ਕਰਦੇ ਹਨ ਅਤੇ ਸਾਰੀਆਂ ਬੱਚੀਆਂ ਦੇ ਮਾਪਿਆਂ ਨੂੰ ਲੋਹੜੀ ਤਿਉਹਾਰ ਨਾਲ ਸਬੰਧਿਤ ਵਸਤਾਂ ਜਿਵੇਂ ਸੂਟ ਰਿਉੜੀਆਂ ਬਿਸਕੁਟ ਅਤੇ ਖਿਡਾਉਣਿਆਂ ਦੇ ਪੈਕਟ ਵੰਡਦੇ ਹਨ।ਕਰੋਨਾ-ਕਾਲ ਸਮੇਂ ਵੀ ਉਨ੍ਹਾਂ ਨੂੰ ਮਨੁੱਖਤਾ ਦੀ ਸੇਵਾ ਕਰਨ ਸਦਕਾ ਕਈ ਸਮਾਜ-ਸੇਵੀ ਸੰਸਥਾਵਾਂ ਨੇ ਸਨਮਾਨਿਤ ਕੀਤਾ ਸੀ।
ਦੁਆਬਾ ਸੇਵਾ ਸੰਮਤੀ ਵਲੋਂ ਦੇਹ-ਦਾਨ ਕਰਨ ਵਾਲ਼ਾ ਆਈ.ਕਾਰਡ ਪ੍ਰਾਪਤ ਕਰਨ ਮੌਕੇ ਕੈਪਟਨ ਸਤਨਾਮ ਸਿੰਘ ਨੇ ਕਿਹਾ ਕਿ ਮ੍ਰਿਤੂ ਉਪਰੰਤ ਜੇ ਅੱਗ ਨਾਲ ਸਾੜ ਕੇ ਸਰੀਰ ਦੀ ਸਵਾਹ ਬਣਾਉਣ ਦੀ ਥਾਂਹ ਜੇ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਅਰਪਿਤ ਕੀਤੇ ਜਾਣ ਤਾਂ ਸਰੀਰਕ ਬੀਮਾਰੀਆਂ ਨੂੰ ਠੱਲ੍ਹ ਪਾਉਣ ਲਈ ਨਵੀਆਂ ਤਕਨੀਕੀ ਸੰਭਾਵਨਾਵਾਂ ਉਜਾਗਰ ਹੋਣਗੀਆਂ।ਜਿਸ ਨਾਲ ਸਮਾਜ ਦਾ ਭਲਾ ਹੋਵੇ ਗਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੈਂ ਇਹ ਫੈਸਲਾ ਆਪਣੀ ਸੁਪਤਨੀ ਚਰਨ ਕੌਰ ਅਤੇ ਚਾਰੇ ਬੇਟੀਆਂ ਜਸਵੀਰ ਕੌਰ ਲਖਵੀਰ ਕੌਰ ਰਾਜਵਿੰਦਰ ਕੌਰ ਅਤੇ ਮਨਜੀਤ ਕੌਰ ਦੀ ਸਹਿਮਤੀ ਨਾਲ ਹੀ ਲਿਆ ਹੈ।ਉਨ੍ਹਾਂ ਉਮੀਦ ਜਾਹਰ ਕੀਤੀ ਕਿ ਸਾਡੇ ਸਮਾਜ ਵਿੱਚ ਖੂਨ-ਦਾਨ ਕਰਨ ਵਾਂਗ ਮ੍ਰਿਤੂ ਉਪਰੰਤ ਸਰੀਰ-ਦਾਨ ਕਰਨ ਦੀ ਵੀ ਲਹਿਰ ਚਲੇ ਗੀ।
Leave a Reply