ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- (Asia/Kolkata)
ਚਰਖੇ ਅਤੇ ਯੋਗੇ ਨਾਲ ਅਜ਼ਾਦੀ ਨਹੀਂ ਮਿਲਦੀ, ਸ਼ਸਤਰਧਾਰੀ ਹੋ ਕੇ ਜੂਝਣਾ ਪੈਂਦਾ ਹੈ
ਅੰਮ੍ਰਿਤਸਰ, 22 ਜੂਨ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਜਾਰੀ ਹੋਣਾ ਚਾਹੀਦਾ ਹੈ ਕਿ ਸਿੱਖਾਂ ਦੇ ਹਰੇਕ ਘਰ ਵਿੱਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ ਤੇ ਜੇਕਰ ਇਸ ਹੁਕਮ ਨੂੰ ਮੰਨਣ ਵਿੱਚ ਕੋਈ ਢਿਲਿਆਈ ਜਾਂ ਵਿਰੋਧ ਕਰਦਾ ਹੈ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਤਨਖਾਹ ਲਗਾ ਕੇ ਗੁਰਮਤਿ ਸਮਝਾਉਣੀ ਚਾਹੀਦੀ ਹੈ। ਸ੍ਰੀ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ 'ਚ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਕੌਮਾਂਤਰੀ ਗੱਤਕਾ ਦਿਹਾੜਾ ਮਨਾਉਂਦਿਆਂ ਭਾਈ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਿੱਖਾਂ ਦਾ ਹਿੰਦੂਆਂ ਦੇ ਯੋਗਾ ਦਿਵਸ ਨਾਲ ਕੋਈ ਸੰਬੰਧ ਨਹੀਂ, ਸਿੱਖ ਇਸ ਦਿਨ ਕੌਮਾਂਤਰੀ ਗੱਤਕਾ ਦਿਹਾੜਾ ਮਨਾਉਂਦੇ ਹਨ। ਸਿੱਖ ਨਾ ਤਾਂ ਹਿੰਦੂ ਹਨ ਅਤੇ ਨਾ ਹੀ ਭਾਰਤੀ, ਸਿੱਖ ਇੱਕ ਵੱਖਰੀ ਕੌਮ ਤੇ ਨਿਵੇਕਲਾ ਧਰਮ ਹੈ। ਉਹਨਾਂ ਕਿਹਾ ਕਿ ਚਰਖੇ ਅਤੇ ਯੋਗਾ ਕਰਨ ਨਾਲ ਆਜ਼ਾਦੀ ਨਹੀਂ ਮਿਲਦੀ, ਸਗੋਂ ਸ਼ਸਤਰਧਾਰੀ ਹੋ ਕੇ ਜੂਝਣਾ ਪੈਂਦਾ ਹੈ। ਉਹਨਾਂ ਕਿਹਾ ਕਿ ਯੋਗਾ ਦੀ ਆੜ ਹੇਠ ਸਿੱਖਾਂ ਨੂੰ ਹਿੰਦੂਤਵ ਦੇ ਸਮੁੰਦਰ 'ਚ ਡੋਬਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਯਤਨਾਂ ਸਦਕਾ ਸਿੱਖ ਕੌਮ ਯੋਗਾ ਦਿਵਸ ਨੂੰ ਨਕਾਰ ਕੇ ਗੱਤਕਾ ਦਿਹਾੜਾ ਮਨਾ ਰਹੀ ਹੈ ਕਿਉਂਕਿ ਸ਼ਸਤਰ ਸਾਡੇ ਸਿਧਾਂਤਾਂ, ਪ੍ਰੰਪਰਾਵਾਂ ਅਤੇ ਰਵਾਇਤਾਂ ਦਾ ਹਿੱਸਾ ਹਨ ਤੇ ਸ਼ਸਤਰਧਾਰੀ ਹੋਣ ਦਾ ਸਾਡੇ ਗੁਰੂ ਦਾ ਹੁਕਮ ਹੈ। ਉਹਨਾਂ ਕਿਹਾ ਕਿ ਸ਼ਸਤਰਾਂ ਨਾਲ ਹੀ ਅਸੀਂ ਹਿੰਦੂਆਂ ਦੀਆਂ ਬਹੂ ਬੇਟੀਆਂ ਗਜ਼ਨੀ ਦੇ ਬਜ਼ਾਰਾਂ ਵਿੱਚੋਂ ਬਚਾ ਕੇ ਲਿਆਉਂਦੇ ਰਹੇ ਅਤੇ ਮੁਗਲ ਤੇ ਅੰਗਰੇਜ਼ ਹਕੂਮਤ ਵਿਰੁੱਧ ਲਹੂ ਡੋਲਵੀਂ ਲੜਾਈ ਲੜੀ। ਜੇ ਜੂਨ 1984 ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਕੋਲ ਸ਼ਸਤਰ ਨਾ ਹੁੰਦੇ ਤਾਂ ਅੰਮ੍ਰਿਤਸਰ ਵਿੱਚ ਵੀ ਨਵੰਬਰ 1984 ਵਾਂਗ ਦਿੱਲੀ ਵਾਲੀ ਨਸਲਕੁਸ਼ੀ ਹੋਣੀ ਸੀ ਪਰ ਹਥਿਆਰਾਂ ਨਾਲ ਸੂਰਮਿਆਂ ਨੇ ਚਮਕੌਰ ਦੀ ਗੜੀ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜਿਆ। ਉਹਨਾਂ ਕਿਹਾ ਕਿ ਦੁਨੀਆਂ ਭਰ ਵਿੱਚ ਹਰ ਸਿੱਖ ਦੇ ਘਰ ਰਵਾਇਤੀ ਸਿੱਖ ਸ਼ਸਤਰਾਂ ਵਿੱਚੋਂ ਪੰਜ ਸ਼ਸਤਰ ਤਾਂ ਲਾਜ਼ਮੀ ਹੋਣ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੁਕਮ ਹੋਵੇ ਕਿ ਘਰ ਦੇ ਜਿੰਨੇ ਮੈਂਬਰ ਓਨੀਆਂ ਹੀ ਵੱਡੀਆਂ ਕਿਰਪਾਨਾਂ ਹੋਣੀਆਂ ਚਾਹੀਦੀਆਂ ਹਨ, ਹਰ ਸਿੱਖ ਸ਼ਸਤਰਧਾਰੀ ਹੋ ਕੇ ਗੁਰਦੁਆਰੇ ਆਇਆ ਕਰੇ ਤੇ ਹਰੇਕ ਸਮੇਂ ਆਪਣੇ ਕੋਲ ਘੱਟ ਤੋਂ ਘੱਟ ਇੱਕ ਸ਼ਸਤਰ ਜ਼ਰੂਰ ਰੱਖੇ।
Leave a Reply