ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ 1978 ਤੋਂ 1995 ਤੱਕ ਦੇ ਸੰਘਰਸ਼ ਨੂੰ ਬਿਆਨਦੀ 'ਸੰਘਰਸ਼ੀ ਪੈਂਡੇ' ਕਿਤਾਬ ਜਾਰੀ
- ਗੁਰਬਾਣੀ-ਇਤਿਹਾਸ
- 22 Jul, 2026 08:37 AM (Asia/Kolkata)
ਲੇਖਿਕਾ ਬੀਬੀ ਕੁਲਵਿੰਦਰ ਕੌਰ ਤੇ ਸੰਪਾਦਕ ਭਾਈ ਰਣਜੀਤ ਸਿੰਘ ਦੀ ਕੀਤੀ ਪ੍ਰਸੰਸਾ
ਅੰਮ੍ਰਿਤਸਰ, 22 ਜੁਲਾਈ , ਜੁਗਰਾਜ ਸਿੰਘ ਸਰਹਾਲੀ- ਅੱਜ ਪਾਰਟੀ ਦੇ ਸਬ ਦਫ਼ਤਰ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਵੱਲੋਂ ਲਿਖੀ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸੰਪਾਦਕ ਕੀਤੀ ਸੰਘਰਸ਼ੀ ਪੈਂਡੇ ਕਿਤਾਬ ਜਾਰੀ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਸ ਕਿਤਾਬ ਦੀ ਭਰਪੂਰ ਪ੍ਰਸੰਸਾ ਕਰਦਿਆਂ ਸੰਗਤਾਂ ਨੂੰ ਪੜ੍ਹਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਿਤਾਬ 'ਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ (ਬਾਬਾ ਨੰਦ) ਅਤੇ ਉਨ੍ਹਾਂ ਦੀ ਸੁਪਤਨੀ ਬੀਬੀ ਕੁਲਵਿੰਦਰ ਕੌਰ ਖਾਲਸਾ ਦੀ ਸੰਘਰਸ਼ਮਈ ਗਾਥਾ ਤੋਂ ਇਲਾਵਾ ਗੁਰਦਾਸਪੁਰ ਦੇ ਸ਼ਹੀਦਾਂ ਅਤੇ ਹੋਰ ਘਟਨਾਵਾਂ ਬਾਰੇ ਵੀ ਲਿਖਿਆ ਹੈ ਤੇ ਜਿੰਨਾ ਬੁੱਚੜ ਪੁਲਿਸ ਅਫ਼ਸਰਾਂ ਸੰਮਤ ਕੁਮਾਰ ਗੋਇਲ ਅਤੇ ਗੋਬਿੰਦ ਰਾਮ ਨੇ ਸਿੱਖਾਂ ਉੱਤੇ ਜ਼ੁਲਮ ਕੀਤੇ ਉਹਨਾਂ ਦੀ ਕਰੂਰਤਾ ਵੀ ਬਿਆਨੀ ਹੈ। ਸ. ਮਾਨ ਨੇ ਦੱਸਿਆ ਕਿ ਜਦੋਂ ਮੈਂ ਸੰਨ 1989 ਵਿੱਚ ਐੱਮ.ਪੀ. ਬਣਨ ਸਮੇਂ ਦਿੱਲੀ ਪਾਰਲੀਮੈਂਟ ਵਿੱਚ ਕਿਰਪਾਨ ਲਿਜਾਣੀ ਚਾਹੀ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੇ ਮੇਰੇ ਉੱਤੇ ਬੇਹੂਦਾ ਟਿੱਪਣੀ ਕੀਤੀ ਸੀ ਜਿਸ ਦੇ ਜਵਾਬ ਵਿੱਚ ਸ਼ਹੀਦ ਪਰਮਜੀਤ ਸਿੰਘ ਪੰਮਾ ਨੇ 'ਟੌਹੜਾ ਸ਼ਰਮ ਕਰੇ' ਦੇ ਸਿਰਲੇਖ ਹੇਠ ਤੱਥ ਭਰਪੂਰ ਚਿੱਠੀ ਲਿਖੀ ਸੀ ਜੋ ਇਸ ਕਿਤਾਬ ਵਿੱਚ ਛਾਪੀ ਗਈ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ 1978 ਤੋਂ 1995 ਤਕ ਦਾ ਇਤਿਹਾਸਕ ਦਸਤਾਵੇਜ਼ ਪੰਥ ਦੀ ਝੋਲੀ 'ਚ ਪਾਉਣ ਲਈ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਮੈਂ ਧੰਨਵਾਦ ਕਰਦਾ ਹਾਂ।
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 360 ਪੰਨਿਆਂ ਦੀ ਸੰਘਰਸ਼ੀ ਪੈਂਡੇ ਕਿਤਾਬ ਖ਼ਾਲਸਾ ਫਤਹਿਨਾਮਾ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਕਿਤਾਬ ਵਿੱਚ ਸ਼ਹੀਦਾਂ ਅਤੇ ਜੁਝਾਰੂ ਸਿੰਘਾਂ ਦੀਆਂ ਹੱਥ-ਲਿਖਤ ਡਾਇਰੀਆਂ ਅਤੇ ਚਿੱਠੀਆਂ ਵੀ ਛਾਪੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸ਼ਹੀਦ ਪਰਮਜੀਤ ਸਿੰਘ ਪੰਮਾ ਅਤੇ ਬੀਬੀ ਕੁਲਵਿੰਦਰ ਕੌਰ ਖਾਲਸਾ ਦੀ ਵੱਡੀ ਘਾਲਣਾ ਹੈ ਤੇ ਪੰਜ ਸਾਲ ਦੀ ਮਿਹਨਤ ਮਗਰੋਂ ਇਸ ਕਿਤਾਬ ਨੂੰ ਪੂਰਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਕਿਤਾਬ ਦੇ ਲੇਖਿਕਾ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਇਹ ਕਿਤਾਬ ਜਿੱਥੇ ਸ਼ਹੀਦਾਂ ਦੀ ਯਾਦ ਅਤੇ ਸ਼ਾਨਾਮੱਤੇ ਇਤਿਹਾਸ ਨੂੰ ਸੰਭਾਲ਼ਦੀ ਹੈ, ਓਥੇ ਹੀ ਸਿੰਘਾਂ-ਸਿੰਘਣੀਆਂ ’ਚ ਸਿੱਖੀ ਅਤੇ ਸੰਘਰਸ਼ ਪ੍ਰਤੀ ਦ੍ਰਿੜ੍ਹਤਾ ਭਰਦੀ ਹੈ ਤੇ ਸਿਧਾਂਤਕ ਪੱਖੋਂ ਹਰ ਸਿੱਖ ਨੂੰ ‘ਪੰਥ ਵਸੈ ਮੈਂ ਉਜੜਾਂ ਮਨ ਚਾਉ ਘਨੇਰਾ’ ਅਤੇ ‘ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ’ ਦਾ ਦ੍ਰਿੜ੍ਹਤਾ-ਪੂਰਵਕ ਸੁਨੇਹਾ ਦਿੰਦੀ ਹੈ।
ਇਸ ਮੌਕੇ ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਜਸਬੀਰ ਸਿੰਘ ਬਚੜੇ, ਭਾਈ ਹਰਜੀਤ ਸਿੰਘ ਮੀਆਂਪੁਰ, ਬੀਬੀ ਸੁਖਜੀਤ ਕੌਰ ਕਪੂਰਥਲਾ, ਸ. ਉਪਿੰਦਰ ਸਿੰਘ ਬਰਾੜ, ਮਨਪ੍ਰੀਤ ਸਿੰਘ ਆਜ਼ਾਦ ਤੇ ਹੋਰ ਹਾਜ਼ਰ ਸਨ।
Leave a Reply