ਬਿਸਤ-ਦੁਆਬ ਨਹਿਰ ਦੀ ਬਹਾਲੀ ਨਾਲ ਦੁਆਬਾ ਖੇਤਰ ਦੇ ਕਿਸਾਨਾਂ ਲਈ ਖੁੱਲ੍ਹੇ ਵਿਕਾਸ ਦੇ ਨਵੇਂ ਰਾਹ- ਬਰਿੰਦਰ ਕੁਮਾਰ ਗੋਇਲ

ਬਿਸਤ-ਦੁਆਬ ਨਹਿਰ ਦੀ ਬਹਾਲੀ ਨਾਲ ਦੁਆਬਾ ਖੇਤਰ ਦੇ ਕਿਸਾਨਾਂ ਲਈ ਖੁੱਲ੍ਹੇ ਵਿਕਾਸ ਦੇ ਨਵੇਂ ਰਾਹ- ਬਰਿੰਦਰ ਕੁਮਾਰ ਗੋਇਲ

ਪੰਜਾਬ ਸਰਕਾਰ ਵੱਲੋਂ ਬਿਸਤ-ਦੁਆਬ ਨਹਿਰ ਦੀ ਮੁੜ ਬਹਾਲੀ ਨਾਲ ਦੁਆਬਾ ਖੇਤਰ ਦੇ 1.10 ਲੱਖ ਏਕੜ ਤੋਂ ਵੱਧ ਰਕਬੇ ਨੂੰ ਲਾਭ ਮਿਲਿਆ। ਸਾਲ 2025-26 ਦੌਰਾਨ ਸਿੰਜਾਈ ਹੇਠ ਰਕਬੇ ਵਿੱਚ 167% ਦਾ ਵਾਧਾ ਦਰਜ।

ਚੰਡੀਗੜ੍ਹ: ਮੰਗਤ ਸਿੰਘ ਸੈਦਪੁਰ -ਪੰਜਾਬ ਸਰਕਾਰ ਨੇ ਸੂਬੇ ਦੇ ਇਤਿਹਾਸਕ ਸਿੰਜਾਈ ਢਾਂਚੇ ਨੂੰ ਨਵੀਂ ਜ਼ਿੰਦਗੀ ਦਿੰਦਿਆਂ ਬਿਸਤ-ਦੁਆਬ ਨਹਿਰ ਦੀ ਮੁੜ ਬਹਾਲੀ ਰਾਹੀਂ ਦੁਆਬਾ ਖੇਤਰ ਦੇ ਕਿਸਾਨਾਂ ਦੇ ਭਵਿੱਖ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੀਤੇ ਗਏ ਉਪਰਾਲਿਆਂ ਦੇ ਨਤੀਜੇ ਵਜੋਂ ਸਾਲ 2025-26 ਦੌਰਾਨ ਬਿਸਤ-ਦੁਆਬ ਨਹਿਰੀ ਨੈੱਟਵਰਕ ਹੇਠ ਸਿੰਜਾਈ ਅਧੀਨ ਰਕਬੇ ਵਿੱਚ 167 ਫੀਸਦੀ ਦਾ ਸ਼ਾਨਦਾਰ ਵਾਧਾ ਦਰਜ ਕੀਤਾ ਗਿਆ ਹੈ।
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵੱਡੇ ਵਿਸਥਾਰ ਨਾਲ 1,10,762 ਏਕੜ ਵਾਧੂ ਰਕਬਾ ਨਹਿਰੀ ਸਿੰਜਾਈ ਹੇਠ ਲਿਆਂਦਾ ਗਿਆ ਹੈ, ਜਿਸ ਨਾਲ ਖੇਤੀਬਾੜੀ ਖੇਤਰ ਨੂੰ ਨਵੀਂ ਤਾਕਤ ਮਿਲੀ ਹੈ ਅਤੇ ਕਿਸਾਨਾਂ ਦੀ ਪਾਣੀ ਸੰਬੰਧੀ ਸਮੱਸਿਆ ਵਿੱਚ ਵੱਡੀ ਰਾਹਤ ਮਿਲੀ ਹੈ।
ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ SBS ਨਗਰ ਨੂੰ ਵੱਡਾ ਫਾਇਦਾ
ਦੁਆਬੇ ਦੀ ਜੀਵਨ-ਰੇਖਾ ਮੰਨੀ ਜਾਣ ਵਾਲੀ ਬਿਸਤ-ਦੁਆਬ ਨਹਿਰ ਵਿੱਚ ਪਾਣੀ ਦੇ ਵਹਾਅ ਨੂੰ ਸੁਧਾਰਨ ਲਈ ਕੀਤੇ ਗਏ ਕੰਮਾਂ ਨਾਲ ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਕਈ ਹਿੱਸਿਆਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਪਾਣੀ ਦੀ ਕਮੀ ਦੂਰ ਹੋਈ ਹੈ। ਇਸ ਨਾਲ ਸਿੰਜਾਈ ਪ੍ਰਣਾਲੀ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣੀ ਹੈ।

19,213 ਏਕੜ ਖੇਤੀਯੋਗ ਜ਼ਮੀਨ ਨੂੰ ਪਹਿਲੀ ਵਾਰ ਮਿਲਿਆ ਨਹਿਰੀ ਪਾਣੀ
ਮੰਤਰੀ ਨੇ ਦੱਸਿਆ ਕਿ ਬਹਾਲੀ ਪ੍ਰੋਜੈਕਟ ਦੀ ਸਭ ਤੋਂ ਵੱਡੀ ਉਪਲਬਧੀ ਇਹ ਹੈ ਕਿ ਲਗਭਗ 19,213 ਏਕੜ ਖੇਤੀਯੋਗ ਰਕਬੇ ਨੂੰ ਪਹਿਲੀ ਵਾਰ ਨਹਿਰੀ ਪਾਣੀ ਉਪਲਬਧ ਹੋਇਆ ਹੈ। ਇਸ ਨਾਲ ਉਹਨਾਂ ਕਿਸਾਨਾਂ ਨੂੰ ਵੱਡਾ ਲਾਭ ਮਿਲਿਆ ਹੈ ਜੋ ਹੁਣ ਤੱਕ ਧਰਤੀ ਹੇਠਲੇ ਪਾਣੀ ਅਤੇ ਮੀਂਹ ‘ਤੇ ਨਿਰਭਰ ਸਨ।
ਕਾਠਗੜ੍ਹ ਲਿਫਟ ਸਕੀਮ ਅਤੇ ਰਜਬਾਹਿਆਂ ਨੂੰ ਮਿਲੀ ਨਵੀਂ ਮਜ਼ਬੂਤੀ

ਪਾਣੀ ਦੇ ਵਧੇ ਹੋਏ ਵਹਾਅ ਕਾਰਨ ਬਲਾਚੌਰ ਖੇਤਰ ਦੀ ਕਾਠਗੜ੍ਹ ਲਿਫਟ ਸਕੀਮ ਨੂੰ ਵੀ ਮਜ਼ਬੂਤੀ ਮਿਲੀ ਹੈ। ਇਸ ਦੇ ਨਾਲ ਹੀ ਬੰਗਾ, ਮੁਕੰਦਪੁਰ, ਅੱਪਰਾ, ਨੂਰਮਹਿਲ, ਮਲਸੀਆਂ, ਨਕੋਦਰ, ਆਦਮਪੁਰ ਅਤੇ ਕਾਲਾ ਸੰਘਿਆਂ ਸਮੇਤ ਕਈ ਖੇਤਰਾਂ ਵਿੱਚ ਸਿੰਜਾਈ ਬੁਨਿਆਦੀ ਢਾਂਚੇ ਵਿੱਚ ਸੁਧਾਰ ਆਇਆ ਹੈ। ਜਲੰਧਰ ਬ੍ਰਾਂਚ ਨਾਲ ਜੁੜੇ ਮੁੜ-ਸੁਰਜੀਤ ਰਜਬਾਹਿਆਂ ਨੇ ਆਖਰੀ ਖੇਤ ਤੱਕ ਪਾਣੀ ਦੀ ਪਹੁੰਚ ਯਕੀਨੀ ਬਣਾਈ ਹੈ।

ਜਲੰਧਰ ਸ਼ਹਿਰ ਲਈ ਵੀ ਵਧੀ ਪਾਣੀ ਦੀ ਉਪਲਬਧਤਾ

ਨਹਿਰ ਦੇ ਮਜ਼ਬੂਤੀਕਰਨ ਦਾ ਲਾਭ ਸਿਰਫ਼ ਖੇਤੀ ਖੇਤਰ ਤੱਕ ਸੀਮਿਤ ਨਹੀਂ ਰਿਹਾ। ਜਲੰਧਰ ਸ਼ਹਿਰ ਦੀ ਪੀਣ ਵਾਲੇ ਪਾਣੀ ਦੀ ਸਪਲਾਈ ਸੁਧਾਰਨ ਲਈ ਜਲੰਧਰ ਬ੍ਰਾਂਚ ਨੂੰ 150 ਕਿਊਸਿਕ ਵਾਧੂ ਪਾਣੀ ਅਲਾਟ ਕੀਤਾ ਗਿਆ ਹੈ। ਇਸ ਨਾਲ ਨਗਰ ਨਿਗਮ ਦੀ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਘਟੇਗੀ ਅਤੇ ਇੱਕ ਹੋਰ ਟਿਕਾਊ ਜਲ ਸਪਲਾਈ ਪ੍ਰਣਾਲੀ ਵਿਕਸਿਤ ਹੋਵੇਗੀ।

ਪੰਜਾਬ ਸਰਕਾਰ ਦਾ ਟੀਚਾ: ਟਿਕਾਊ ਖੇਤੀ ਅਤੇ ਜਲ ਸੰਭਾਲ
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਬਿਸਤ-ਦੁਆਬ ਨਹਿਰ ਦੀ ਬਹਾਲੀ ਪੰਜਾਬ ਸਰਕਾਰ ਦੀ ਉਸ ਵਚਨਬੱਧਤਾ ਦਾ ਪ੍ਰਤੀਕ ਹੈ, ਜਿਸਦਾ ਉਦੇਸ਼ ਸਿੰਜਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣਾ, ਕਿਸਾਨਾਂ ਦੀ ਆਮਦਨ ਵਧਾਉਣਾ ਅਤੇ ਜਲ ਸਰੋਤਾਂ ਦੀ ਸੰਭਾਲ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਖੇਤੀ ਉਤਪਾਦਕਤਾ ਵਿੱਚ ਵਾਧਾ ਕਰਨ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਵਰਗੇ ਕੀਮਤੀ ਸਰੋਤ ਦੀ ਰੱਖਿਆ ਵੀ ਕਰੇਗਾ।
ਉਨ੍ਹਾਂ ਨੇ ਇਸ ਨੂੰ ਸਿਰਫ਼ ਇੱਕ ਬਹਾਲੀ ਨਹੀਂ, ਸਗੋਂ ਪੰਜਾਬ ਦੀ ਖੇਤੀ ਅਤੇ ਜਲ ਪ੍ਰਬੰਧਨ ਪ੍ਰਣਾਲੀ ਦੀ ਇੱਕ ਵਿਆਪਕ ਕਾਇਆ-ਕਲਪ ਕਰਾਰ ਦਿੰਦਿਆਂ ਕਿਹਾ ਕਿ ਇਹ ਉਪਰਾਲਾ ਸੂਬੇ ਨੂੰ ਹੋਰ ਖੁਸ਼ਹਾਲ ਅਤੇ ਪਾਏਦਾਰ ਭਵਿੱਖ ਵੱਲ ਲੈ ਕੇ ਜਾਵੇਗਾ।

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.