ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਰਨੈਲ ਸ਼ਹੀਦ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਸਮਾਗਮ 'ਚ ਬੁਲਾਰਿਆਂ ਵੱਲੋਂ ਖ਼ਾਲਿਸਤਾਨ ਦੇ ਨਿਸ਼ਾਨੇ 'ਤੇ ਜ਼ੋਰ
- ਧਾਰਮਿਕ/ਰਾਜਨੀਤੀ
- (Asia/Kolkata)
ਕੌਮੀ ਘਰ ਖ਼ਾਲਿਸਤਾਨ ਦੀ ਸਥਾਪਤੀ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ : ਘੁਮਾਣ/ਰਣਜੀਤ/ਗੋਪਾਲਾ/ਚੌੜਾ
ਅੰਮ੍ਰਿਤਸਰ/ਮੋਗਾ, 2 ਅਗਸਤ ,ਨਜ਼ਰਾਨਾ ਟਾਈਮਜ ਬਿਊਰੋ
ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਖ਼ਾਲਿਸਤਾਨ ਦੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਜਰਨੈਲ ਅਮਰ ਸ਼ਹੀਦ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦਾ 33ਵਾਂ ਸ਼ਹੀਦੀ ਦਿਹਾੜਾ ਉਹਨਾਂ ਦੇ ਜੱਦੀ ਪਿੰਡ ਬੁੱਧ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੇ ਗੁਰਦੁਆਰਾ ਸਾਹਿਬ ਵਿਖੇ ਖ਼ਾਲਸਾਈ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਰਾਗੀ, ਢਾਡੀ ਤੇ ਕਵੀਸ਼ਰ ਜੱਥਿਆਂ ਨੇ ਹਰ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਉਪਰੰਤ ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ, ਅਕਾਲ ਫੈਡਰੇਸ਼ਨ ਦੇ ਪ੍ਰਧਾਨ ਭਾਈ ਨਰਾਇਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਭਾਈ ਪਰਮਜੀਤ ਸਿੰਘ ਗਾਜ਼ੀ, ਜੁਝਾਰੂ ਭਾਈ ਮਨਜਿੰਦਰ ਸਿੰਘ ਈਸੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਭਾਈ ਬਲਜਿੰਦਰ ਸਿੰਘ ਖ਼ਾਲਸਾ, ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੇ ਮਾਤਾ ਜੀ ਬੀਬੀ ਚਰਨਜੀਤ ਕੌਰ ਖੁਖਰਾਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ, ਕੌਮੀ ਯੋਧੇ ਸੰਦੀਪ ਸਿੰਘ ਦੀਪ ਸਿੱਧੂ ਦੇ ਭਰਾ ਭਾਈ ਮਨਦੀਪ ਸਿੰਘ ਸਿੱਧੂ, ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪੱਤਰਕਾਰ ਜਸਵੀਰ ਸਿੰਘ ਮੁਕਤਸਰ, ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਇੰਦਰਾ ਗਾਂਧੀ ਨੂੰ ਸੋਧਣ ਵਾਲੇ ਸ਼ਹੀਦ ਭਾਈ ਕੇਹਰ ਸਿੰਘ ਦੇ ਸਪੁੱਤਰ ਭਾਈ ਸਤਵੰਤ ਸਿੰਘ, ਪੰਥਕ ਆਗੂ ਭਾਈ ਰਣਜੀਤ ਸਿੰਘ ਵਾਂਦਰ ਅਤੇ ਹੋਰ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ।
ਸਮਾਗਮ ਵਿੱਚ ਭਾਈ ਸਰਬਜੀਤ ਸਿੰਘ ਘੁਮਾਣ, ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਨਰਾਇਣ ਸਿੰਘ ਚੌੜਾ ਨੇ ਪੂਰੇ ਧੜੱਲੇ ਨਾਲ ਸ਼ਹੀਦਾਂ ਦੇ ਨਿਸ਼ਾਨੇ ਖ਼ਾਲਿਸਤਾਨ ਦੀ ਅਜ਼ਾਦੀ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਜਥੇਬੰਦੀ ਦਾ ਨਾਂ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਸੀ ਜਿਸ ਤੋਂ ਸਾਫ ਹੈ ਕਿ ਸਾਡੇ ਜੁਝਾਰੂ ਯੋਧੇ ਖਾਲਿਸਤਾਨ ਦੀ ਸਥਾਪਤੀ ਲਈ ਲੜੇ ਸਨ, ਤੇ ਖਾਲਿਸਤਾਨ ਲਈ ਸੰਘਰਸ਼ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਕਿਹਾ ਕਿ ਜਿਹੜੀਆਂ ਜਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਖਾਲਿਸਤਾਨ ਤੋਂ ਭਗੋੜੇ ਹੋ ਰਹੀਆਂ ਹਨ ਉਹ ਸ਼ਹੀਦਾਂ ਨੂੰ ਬੇਦਾਵਾ ਦੇ ਰਹੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਸ਼ਹੀਦੀ ਸਮਾਗਮਾਂ ਦਾ ਭਾਰਤੀਕਰਨ ਅਤੇ ਸਿਆਸੀਕਰਨ ਨਹੀਂ ਹੋਣਾ ਚਾਹੀਦਾ, ਸਾਡੇ ਜੁਝਾਰੂ ਭਾਰਤ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖਣ ਲਈ ਸ਼ਹੀਦ ਨਹੀਂ ਹੋਏ ਬਲਕਿ ਉਹ ਤਾਂ ਸਿੱਖਾਂ ਦਾ ਵੱਖਰਾ ਮੁਲਕ ਖਾਲਿਸਤਾਨ ਸਥਾਪਿਤ ਕਰਨਾ ਚਾਹੁੰਦੇ ਸਨ। ਖਾਲਿਸਤਾਨ ਲਈ ਅਨੇਕਾਂ ਸ਼ਹਾਦਤਾਂ ਹੋ ਚੁੱਕੀਆਂ ਹਨ, ਤੇ ਇਹ ਸੰਘਰਸ਼ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਅੱਜ ਵੀ ਜਾਰੀ ਹੈ, ਸਾਡੇ ਸ਼ਹੀਦਾਂ ਦਾ ਡੁੱਲਿਆ ਖ਼ੂਨ ਅਜਾਈਂ ਨਹੀਂ ਜਾਏਗਾ, ਇਸ ਧਰਤੀ ਤੇ ਛੇਤੀ ਹੀ ਖਾਲਿਸਤਾਨ ਹੋਂਦ ਵਿੱਚ ਆਏਗਾ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਸਮਾਗਮ ਇਸ ਕਰਕੇ ਮਨਾਏ ਜਾਂਦੇ ਹਨ ਕਿ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਉੱਤੇ ਪਹਿਰਾ ਦੇ ਸਕੀਏ ਤੇ ਉਹਨਾਂ ਦੇ ਨਿਸ਼ਾਨੇ ਖਾਲਿਸਤਾਨ ਪ੍ਰਤੀ ਵਚਨਬੱਧਤਾ ਦੁਹਰਾਈਏ। ਉਹਨਾ ਕਿਹਾ ਕਿ ਸਿੱਖ ਜਥੇਬੰਦੀਆਂ ਨੂੰ ਹਰ ਉਹ ਕਾਰਜ ਕਰਨਾ ਚਾਹੀਦਾ ਹੈ ਜਿਸ ਨਾਲ ਖਾਲਿਸਤਾਨ ਦਾ ਸੰਘਰਸ਼ ਮਜ਼ਬੂਤ ਹੋ ਸਕੇ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਸਮਾਗਮਾਂ 'ਤੇ ਕੁਝ ਲੋਕ ਸਿਰਫ ਆਪਣੀ ਸਿਆਸਤ ਚਮਕਾਉਣ ਆਉਂਦੇ ਹਨ ਤੇ ਉਹ ਸ਼ਹੀਦਾਂ ਦੀ ਸੋਚ ਦੇ ਹੀ ਵਿਰੁੱਧ ਭੁਗਤਦੇ ਹਨ ਜਿਸ ਖਿਲਾਫ ਸਾਨੂੰ ਸਮੇਂ ਸਿਰ ਡਟਣ ਦੀ ਲੋੜ ਹੈ ਤਾਂ ਜੋ ਇਸ ਪਿਰਤ ਨੂੰ ਰੋਕ ਕੇ ਖਾਲਸਾਈ ਪੰਥਕ ਜਾਹੋ ਜਲਾਲ ਅਤੇ ਖ਼ਾਲਿਸਤਾਨੀ ਮਾਹੌਲ ਸਿਰਜਿਆ ਜਾ ਸਕੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਖਾਲਿਸਤਾਨ ਦੇ ਸੰਘਰਸ਼ ਦੀ ਬਾਤ ਪਾਉਂਦਿਆਂ ਜਿੱਥੇ ਜੁਝਾਰੂਆਂ ਤੇ ਸ਼ਹੀਦਾਂ ਦਾ ਜ਼ਿਕਰ ਕੀਤਾ, ਉਥੇ ਹੀ ਕੈਟ ਕੰਵਰਜੀਤ ਸਿੰਘ ਯੂ ਐਸ ਏ ਬਾਰੇ ਵੀ ਖੁਲਾਸੇ ਕੀਤੇ ਤੇ ਕਿਹਾ ਕਿ ਅਸੀਂ ਸਰਕਾਰਾਂ, ਗਦਾਰਾਂ ਅਤੇ ਕੈਟਾਂ ਤੋਂ ਨਹੀਂ ਡਰਦੇ ਤੇ ਪੰਥ ਦੀ ਸੇਵਾ ਡਟ ਕੇ ਕਰਦੇ ਰਹਾਂਗੇ।
ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਹੋਰ ਜਥੇਬੰਦੀਆਂ ਵੱਲੋਂ ਸ਼ਹੀਦ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੇ ਭਰਾ ਭਾਈ ਜਗਰੂਪ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ, ਪ੍ਰਬੰਧਕਾਂ ਨੇ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ। ਇਸ ਮੌਕੇ ਫੈਡਰੇਸ਼ਨ ਭਿੰਡਰਾਂਵਾਲਾ ਦੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਤੁਗਲਵਾਲਾ, ਆਵਾਜ਼ੇ ਕੌਮ ਦੇ ਆਗੂ ਭਾਈ ਕਰਨੈਲ ਸਿੰਘ ਘੋੜੇਬਾਹਾ, ਹਰਪਾਲ ਸਿੰਘ ਕੁੱਸਾ, ਬਲਰਾਜ ਸਿੰਘ ਬਾਦਲ, ਜਗਸੀਰ ਸਿੰਘ ਕਾਲੇਕੇ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਹਰਾ ਸਿੰਘ ਲਧਾਈ ਕੇ, ਗੁਰਤੇਜ ਸਿੰਘ ਬਠਿੰਡਾ, ਸ਼ਮਿੰਦਰ ਸਿੰਘ ਸੰਗਤਪੁਰਾ ਭਰਾਤਾ ਸ਼ਹੀਦ ਪ੍ਰਗਟ ਸਿੰਘ ਫੌਜੀ, ਮੱਘਰ ਸਿੰਘ ਕੋਟਲਾ, ਜਸਵੀਰ ਸਿੰਘ ਰਾਜੇਆਣਾ, ਜਥੇਦਾਰ ਜਗਿੰਦਰ ਸਿੰਘ, ਗੁਰਭਗਤ ਸਿੰਘ ਰਣੀਆ, ਕਿੰਦਰ ਸਿੰਘ ਕਾਲੇਕੇ, ਸ਼ਹੀਦ ਬਲਦੇਵ ਸਿੰਘ ਦੇਬੂ ਧੂੜਕੋਟ ਦੇ ਸਪੁੱਤਰ ਨਵਦੀਪ ਸਿੰਘ, ਸ਼ਹੀਦ ਮਨਜੀਤ ਸਿੰਘ ਦੇ ਭਰਾਤਾ ਬਲਵਿੰਦਰ ਸਿੰਘ, ਸ਼ਹੀਦ ਗੁਰਮੁਖ ਸਿੰਘ ਦੇ ਬੇਟੇ ਜਸਪਾਲ ਸਿੰਘ, ਬਾਬਾ ਗੁਰਬਚਨ ਸਿੰਘ ਮਾਨੋਚਾਹਲ ਦੇ ਭਰਾਤਾ ਭਗਵੰਤ ਸਿੰਘ, ਬਲੌਰ ਸਿੰਘ ਰਾਉਤਾ, ਗਗਨਦੀਪ ਸਿੰਘ ਪਟਿਆਲਾ, ਸ਼ਹੀਦ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੀਆਂ ਦੋ ਭੈਣਾਂ, ਜਸਪ੍ਰੀਤ ਸਿੰਘ ਪੰਥ ਦਰਦੀ, ਮਲਕੀਤ ਸਿੰਘ ਖਾਲਸਾ, ਜਸਵੰਤ ਸਿੰਘ ਧਰਮੀ ਫੌਜੀ ਅਤੇ ਹੋਰ ਹਾਜ਼ਰ ਸਨ। ਗੁਰੂ ਕੇ ਲੰਗਰ ਅਤੁੱਟ ਵਰਤੇ।
Leave a Reply