ਗੁਰਬਾਣੀ ਦੇ ਲੜ ਲੱਗਣਾ, ਅੰਮ੍ਰਿਤ ਛਕਣਾ ਤੇ ਖ਼ਾਲਿਸਤਾਨ ਲਈ ਸੰਘਰਸ਼ ਕਰਨਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- (Asia/Kolkata)
ਸ਼ਹੀਦ ਭਾਈ ਹਰਵਿੰਦਰ ਸਿੰਘ ਟੋਪੀ ਦੀ ਯਾਦ 'ਚ ਕਰਵਾਇਆ ਸ਼ਹੀਦੀ ਸਮਾਗਮ
ਅੰਮ੍ਰਿਤਸਰ, 17 ਅਪ੍ਰੈਲ ,ਸੋਧ ਸਿੰਘ ਬਾਜ਼
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ 'ਚ ਸ਼ਹਾਦਤ ਦਾ ਜਾਮ ਪੀਣ ਵਾਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਸ਼ਹੀਦ ਭਾਈ ਹਰਵਿੰਦਰ ਸਿੰਘ ਟੋਪੀ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਦਸੂਹਾ ਦੇ ਗੁਰਦੁਆਰਾ ਟੱਕਰ ਸਾਹਿਬ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਸ-ਭਿੰਨਾ ਕੀਰਤਨ ਹੋਇਆ, ਫਿਰ ਸ਼ਹੀਦ ਭਾਈ ਹਰਵਿੰਦਰ ਸਿੰਘ ਟੋਪੀ ਦੇ ਭਰਾ ਭਾਈ ਪਲਵਿੰਦਰਜੀਤ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਸ਼ਹੀਦ ਭਾਈ ਹਰਵਿੰਦਰ ਸਿੰਘ ਟੋਪੀ ਜੋ ਦੁਆਬੇ ਦੇ ਪ੍ਰਮੁੱਖ ਜੁਝਾਰੂ ਸਿੰਘਾਂ ਵਿੱਚੋਂ ਸਨ। ਇਸ ਇਲਾਕੇ 'ਚ ਸ਼ਹੀਦ ਭਾਈ ਹਰਵਿੰਦਰ ਸਿੰਘ ਟੋਪੀ, ਭਾਈ ਰਤਨ ਸਿੰਘ ਉਸਮਾਨ ਸ਼ਹੀਦ ਉਰਫ ਬਾਬਾ ਰਤਨ, ਸ਼ਹੀਦ ਭਾਈ ਅਵਤਾਰ ਸਿੰਘ ਬੱਲੀ, ਸ਼ਹੀਦ ਭਾਈ ਸਵਰਨ ਸਿੰਘ ਨਿਹੰਗ ਖੁੱਡਾ, ਸ਼ਹੀਦ ਭਾਈ ਜੋਗਿੰਦਰ ਸਿੰਘ ਜਿੰਦੂ ਕੁਲਾਰ, ਸ਼ਹੀਦ ਭਾਈ ਸਰਬਜੀਤ ਸਿੰਘ ਜੋਹਲ, ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ, ਸ਼ਹੀਦ ਜਨਰਲ ਲਾਭ ਸਿੰਘ, ਸ਼ਹੀਦ ਭਾਈ ਇਕਬਾਲ ਸਿੰਘ ਬਾਹਗਾ, ਸ਼ਹੀਦ ਭਾਈ ਸੁਰਿੰਦਰਜੀਤ ਸਿੰਘ ਮੱਲੇਵਾਲ, ਸ਼ਹੀਦ ਭਾਈ ਸਵਰਨਜੀਤ ਸਿੰਘ, ਸ਼ਹੀਦ ਭਾਈ ਲਹਿੰਬਰ ਸਿੰਘ, ਸ਼ਹੀਦ ਭਾਈ ਦਲਜੀਤ ਸਿੰਘ ਭੀਖੀ, ਸ਼ਹੀਦ ਭਾਈ ਜਸਵੰਤ ਸਿੰਘ ਝਾਂਵਾਂ, ਸ਼ਹੀਦ ਭਾਈ ਦਲਜੀਤ ਸਿੰਘ ਜੀਤਾ, ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਅਤੇ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਆਦਿਕ ਕਾਫ਼ੀ ਸਰਗਰਮ ਸਨ।
ਜਿਨ੍ਹਾਂ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਦੀ ਸੋਚ 'ਤੇ ਪਹਿਰਾ ਦਿੰਦਿਆਂ 1984 ਦੇ ਘੱਲੂਘਾਰੇ ਤੋਂ ਬਾਅਦ ਵੀ ਸੰਘਰਸ਼ ਨੂੰ ਅੱਗੇ ਤੋਰਿਆ ਅਤੇ ਹਿੰਦ ਸਰਕਾਰ ਨਾਲ ਟੱਕਰ ਲਈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸੇ ਪਰਿਵਾਰ ਵਿੱਚੋਂ ਜਥੇਦਾਰ ਭਾਈ ਪਿਆਰਾ ਸਿੰਘ ਜੀ ਕੋਹਾੜ ਵੀ ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਬਣ ਕੇ ਸ਼ਹੀਦ ਹੋਏ ਸਨ। ਉਹਨਾਂ ਕਿਹਾ ਕਿ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਨੇ ਅਥਾ ਜ਼ੁਲਮ-ਤਸੀਹੇ ਝੱਲੇ ਹਨ, ਸਿੱਖ ਸੰਘਰਸ਼ ਵਿੱਚ ਸੇਵਾ ਨਿਭਾਉਣ ਵਾਲੇ ਸਭ ਸਿੰਘਾਂ ਦੀ ਕੁਰਬਾਨੀ ਅਤੇ ਸਿੱਖੀ ਸਿਦਕ ਅੱਗੇ ਸਿਰ ਝੁਕਦਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਅਤੇ ਜੁਝਾਰੂ ਸਿੰਘਾਂ ਦੀ ਲੜਾਈ ਕਿਸੇ ਧਰਮ-ਫਿਰਕੇ ਨਾਲ ਨਹੀਂ ਬਲਕਿ ਜ਼ੁਲਮੀ ਹਿੰਦ ਸਰਕਾਰ ਨਾਲ ਸੀ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਅਤੇ ਜੁਝਾਰ ਸਿੰਘ ਅੱਤਵਾਦੀ ਨਹੀਂ, ਬਲਕਿ ਸਾਡੀ ਕੌਮ ਦੇ ਨਾਇਕ ਅਤੇ ਰਖਵਾਲੇ ਸਨ। ਉਹਨਾਂ ਕਿਹਾ ਕਿ ਇਹਨਾ ਸੂਰਮਿਆਂ ਨੂੰ ਇਹ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਲੜ ਲੱਗੀਏ, ਖੰਡੇ-ਬਾਟੇ ਦਾ ਅੰਮ੍ਰਿਤ ਛਕੀਏ, ਸ਼ਸਤਰਧਾਰੀ ਹੋਈਏ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਆਪਣਾ ਯੋਗਦਾਨ ਪਾਈਏ। ਇਸ ਮੌਕੇ ਜਥੇਦਾਰ ਭਾਈ ਸਤਨਾਮ ਸਿੰਘ ਮੁਕੇਰੀਆਂ, ਅੰਮ੍ਰਿਤ ਸਿੰਘ ਧਾਮੀ, ਬੀਬੀ ਕੁਲਵਿੰਦਰ ਕੌਰ ਖ਼ਾਲਸਾ ਤੁਗਲਵਾਲਾ ਅਤੇ ਭਾਈ ਪਲਵਿੰਦਰ ਸਿੰਘ ਰਈਆ ਆਦਿ ਹਾਜ਼ਰ ਸਨ।
Leave a Reply