1980-1990 ਦੇ ਦਹਾਕਿਆਂ ਵਿੱਚ ਪੁਲੀਸ ਹੀ ਜੱਜ, ਵਕੀਲ, ਗਵਾਹ, ਮੁਦਈ ਅਤੇ ਸਰਕਾਰ ਹੁੰਦੀ ਸੀ

1980-1990 ਦੇ ਦਹਾਕਿਆਂ ਵਿੱਚ ਪੁਲੀਸ ਹੀ ਜੱਜ, ਵਕੀਲ, ਗਵਾਹ, ਮੁਦਈ ਅਤੇ ਸਰਕਾਰ ਹੁੰਦੀ ਸੀ

ਵੈਸੇ ਪੁਲੀਸ ਦਾ ਕੰਮ ਕਿਸੇ ਵੀ ਦੇਸ਼ ਅਤੇ ਸੂਬੇ ਦੀ ਜਨਤਾ ਦੀ ਰਾਖੀ ਕਰਨਾ ਹੁੰਦਾ ਹੈ ਅਤੇ ਅਪਰਾਧੀਆਂ ਨੂੰ ਫੜ ਕੇ ਪੁੱਛਗਿੱਛ ਕਰਕੇ ਤੇ ਅਦਾਲਤਾਂ ਵਿੱਚ ਪੇਸ਼ ਕਰਨਾ ਹੁੰਦਾ ਹੈ ਅਤੇ ਅਦਾਲਤਾਂ ਨੇ ਕੇਸਾਂ ਦੀ ਸੁਣਵਾਈ ਕਰਕੇ ਮੁਜਰਮਾਂ ਨੂੰ ਬਣਦੀ ਸਜਾ ਦੇਣੀ ਹੁੰਦੀ ਹੈ । 
ਹਰ ਇੱਕ ਦੇਸ਼ ਦਾ ਇੱਕ ਆਪਣਾ ਸੰਵਿਧਾਨ ਬਣਾਇਆ ਹੁੰਦਾ ਹੈ, ਉੱਸ ਵਿੱਚ ਸਾਰੇ ਕਾਇਦੇ ਕਾਨੂੰਨ ਲਿਖੇ ਹੁੰਦੇ ਹਨ ਅਤੇ ਪੁਲੀਸ ਨੂੰ ਵੀ ਉੱਹਨਾਂ ਵਾਰੇ ਪੂਰੀ ਜਾਣਕਾਰੀ ਹੁੰਦੀ ਹੈ । ਬਾਕੀ ਹਾਲਾਤਾਂ ਉੱਤੇ ਵੀ ਬਹੁਤ ਕੁੱਝ ਨਿਰਭਰ ਹੁੰਦਾ ਹੈ, ਲੇਕਿਨ ਜੇਕਰ ਖੁਦ ਕਾਨੂੰਨ ਦੇ ਰਖਵਾਲੇ ਅਖਵਾਉਣ ਵਾਲੇ ਹੀ ਅਗਰ ਕਾਨੂੰਨ ਦੀ ਦੁਰਵਰਤੋਂ ਕਰਨ ਲੱਗ ਪੈਣ ਤਾਂ ਫੇਰ ਹਾਲਾਤ ਕੁੱਝ ਹੋਰ ਹੀ ਬਣ ਜਾਇਆ ਕਰਦੇ ਹਨ । 
ਸੁਣਨ ਵਿੱਚ ਆਇਆ ਹੈ ਕਿ ਪੁਰਾਤਨ ਸਮੇਂ ਵਿੱਚ ਜਦੋਂ ਰਾਜਿਆਂ ਦਾ ਰਾਜ ਹੁੰਦਾ ਸੀ ਉਦੋਂ ਰਾਜਿਆਂ ਮਹਾਰਾਜਿਆਂ ਕੋਲ ਸਿਰਫ ਆਪਣੀਆਂ ਆਪਣੀਆਂ ਫੌਜਾਂ ਹੀ ਹੁੰਦੀਆਂ ਸਨ । ਇਹ ਪੁਲੀਸ ਦੀ ਕਾਢ ਅੰਗਰੇਜ਼ਾਂ ਦੀ ਗੋਰਿਆਂ ਦੀ ਕਾਢ ਸੀ । ਅਗਰ ਤਾਂ ਪੁਲੀਸ ਸਹੀ ਢੰਗ ਨਾਲ ਅਤੇ ਕਾਨੂੰਨ ਜਾਂ ਸੰਵਿਧਾਨ ਦੇ ਮੁਤਾਬਕ ਕੰਮ ਕਾਜ ਕਰੇ ਫੇਰ ਤਾਂ ਕੋਈ ਗੱਲ ਨਹੀਂ ਹੈ ਪਰ ਭਾਰਤ ਵਿੱਚ ਤੇ ਖਾਸ ਕਰਕੇ ਪੰਜਾਬ ਵਿੱਚ ਤਾਂ ਪਿੱਛੇ ਜੋ ਦੌਰ ਲੰਘ ਕੇ ਗਿਆ ਹੈ 1978 ਤੋਂ 1995 ਵਾਲਾ , ਓਸ ਦੌਰ ਦੇ ਵਿੱਚ ਤਾਂ ਜਿਸ ਤਰ੍ਹਾਂ ਹਿੰਦੋਸਤਾਨ ਦੇ ਬ੍ਰਹਾਮਣਵਾਦੀ ਬਿਪਰਵਾਦੀ ਮਨੂੰਵਾਦੀ ਨਿਜਾਮ ਨੇ ਪੰਜਾਬ ਪੁਲੀਸ ਨੂੰ ਬੇਲੋੜੇ ਅਧਿਕਾਰ ਅਤੇ ਲਾਲਚ ਦਿੱਤੇ,ਓਸ ਨਾਲ ਜੋ ਮਨੁੱਖ ਦਾ ਪੰਜਾਬ ਦਾ ਪੰਜਾਬੀਆਂ ਦਾ ਅਤੇ ਖਾਸ ਕਰਕੇ ਸਿੱਖ ਕੌਮ ਦੇ ਲੋਕਾਂ ਦਾ ਨਰਸਿੰਘਾਰ ਹੋਇਆ ਹੈ । ਪੰਜਾਬ ਪੁਲੀਸ ਵੱਲੋਂ ਅਤੇ ਉੱਹ ਵੀ ਖਾਸ ਕਰਕੇ ਸਿੱਖਾਂ ਦੇ ਘਰਾਂ ਵਿੱਚ ਜਨਮਿਆਂ ਸਿੱਖ ਸਰਦਾਰ ਦਾਹੜੀਆਂ ਤੇ ਦਸਤਾਰਾਂ ਵਾਲਿਆਂ ਪੁਲਿਸ ਵਾਲਿਆਂ ਵੱਲੋਂ ਜੋ ਨਿਰਦਈ ਪੁਣਾਂ ਆਪਣੇ ਹੀ ਪੰਜਾਬੀ ਸਿੱਖ ਹਿੰਦੂ ਮੁਸਲਮਾਨਾਂ ਅਤੇ ਇਸਾਈਆਂ ਨਾਲ ਕੀਤਾ ਗਿਆ ਓਸ ਨੇ ਤਾਂ ਰੱਬ , ਧਰਤੀ , ਆਸਮਾਨ , ਪਹਾੜ ਅਤੇ ਸਮੁੰਦਰ ਵੀ ਰੋਣ ਲਗਾ ਦਿੱਤੇ ਹਨ । 
ਇਹ ਤਾਂ ਨਸਲਕੁਸ਼ੀ ਤੋਂ ਵੀ ਅਗਾਂਹ ਲੰਘ ਕੇ ਕਿਸੇ ਕੌਮ ਦਾ ਨਰਸਿੰਘਾਰ ਹੀ ਸੀ । ਜਿਸ ਤਰ੍ਹਾਂ ਜਕਰੀਆ ਖਾਨ ਨੇ ਆਪਣੇ ਸਿਪਾਹੀਆਂ ਨੂੰ ਹੁਕਮ ਕਰ ਦਿੱਤਾ ਸੀ ਕਿ ਕੋਈ ਵੀ ਸਿੱਖ ਜਿਊਂਦਾ ਬਚਣਾ ਨਹੀਂ ਚਾਹੀਦਾ ਅਤੇ ਕਿਸੇ ਕਤਲ ਕਰਨ ਵਾਲੇ ਸਿਪਾਹੀ ਨੂੰ ਕੋਈ ਸਜ਼ਾ ਨਹੀਂ ਹੋਵੇਗੀ । ਏਸੇ ਤਰ੍ਹਾਂ ਹੀ ਲੱਗਦਾ ਹੈ ਕਿ ਦਿੱਲੀ ਦਰਬਾਰ ਦੀਆਂ ਸੈਂਟਰ ਦੀਆਂ ਸਰਕਾਰਾਂ , ਭਾਰਤੀ ਏਜੰਸੀਆਂ ਵਲੋਂ ਜਿਹਨਾਂ ਉੱਪਰ 1947 ਤੋਂ ਹੀ ਕੱਟੜ ਅਤੇ ਸਿੱਖ ਵਿਰੋਧੀ ਹਿੰਦੂਆਂ ਦਾ ਹੀ ਕਬਜ਼ਾ ਹੈ , ਓਹਨਾ ਵੱਲੋਂ ਪੰਜਾਬ ਪੁਲੀਸ ਅਤੇ ਹੋਰ ਭਾਰਤੀ ਫੋਰਸਾਂ ਨੂੰ ਹੁਕਮ ਚਾਹੜ ਦਿੱਤੇ ਗਏ ਸਨ ਕਿ ਸਾਬਤ ਸੂਰਤ ਦਾਹੜੀ ਕੇਸਾਂ ਤੇ ਦਸਤਾਰ ਵਾਲਾ ਅਤੇ ਖਾਸ ਕਰਕੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਪੰਜਾਬ ਵਿੱਚ ਜਿਊਂਦਾ ਕੋਈ ਨਹੀਂ ਛੱਡਣਾ । 
ਅਸੀਂ ਤਾਂ ਨਹੀਂ ਕਹਿ ਸਕਦੇ ਅਤੇ ਨਾ ਹੀ ਸਾਡੇ ਵਿੱਚ ਏਨੀ ਜੁਰਅਤ ਹੈ ਤੇ ਨਾ ਹੀ ਸਾਡੇ ਏਨੀ ਔਕਾਤ ਹੀ ਹੈ ਤੇ ਨਾ ਹੀ ਸਾਡੀ ਜਮੀਰ ਇਜਾਜ਼ਤ ਦੇ ਸਕਦੀ ਹੈ ਲੇਕਿਨ ਏਹਨਾਂ ਮੁਤਾਬਿਕ ਹੀ ਚਲੋ ਮੰਨ ਲੈਂਦੇ ਹਾਂ ਕਿ ਖਾੜਕੂ ਸਿੰਘ ਅੱਤਵਾਦੀ ਗੁੰਡੇ ਜਾਂ ਬਦਮਾਸ਼ ਸਨ ਭਾਵੇਂ ਕਿ ਉਹ ਧਰਮ ਦੀ ਲੜਾਈ ਲੜ ਰਹੇ ਸਨ ਜਾਂ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਸਮੇਤ ਹੋਰ ਗੁਰਦੁਆਰਿਆਂ ਉੱਤੇ ਕੀਤੇ ਹਮਲੇ ਅਤੇ ਮਾਰੇ ਗਏ ਸਿੱਖਾਂ ਦਾ ਬਦਲਾ ਲੈਣ ਲਈ ਖਾੜਕੂ ਸਿੰਘਾਂ ਨੇ ਹਥਿਆਰ ਚੁੱਕੇ ਸਨ ਪਰ ਫੇਰ ਪੰਜਾਬ ਪੁਲੀਸ ਵਾਲੇ ਜਾਂ ਭਾਰਤੀ ਫੋਰਸਾਂ ਵਾਲੇ ਸਨ ? 
ਏਹਨਾਂ ਦਾ ਕੰਮ ਸੀ ਕਿ ਆਪਣੇ ਢੰਗ ਤਰੀਕਿਆਂ ਨਾਲ ਕਾਨੂੰਨ ਮੁਤਾਬਿਕ ਉੱਨ੍ਹਾਂ ਖਾੜਕੂ ਸਿੰਘਾਂ ਨੂੰ ਫੜਦੇ ਪੁੱਛਗਿੱਛ ਕਰਦੇ ਅਦਾਲਤਾਂ ਵਿੱਚ ਪੇਸ਼ ਕਰਦੇ ਤੇ ਅਦਾਲਤਾਂ ਉਹਨਾਂ ਨੂੰ ਬਣਦੀਆਂ ਸਜਾਵਾਂ ਦਿੰਦੀਆਂ । ਬਿਨਾਂ ਵਾਰੰਟ ਜਾਰੀ ਕੀਤੇ ਬਿਨਾਂ ਵਾਰੰਟ ਵਿਖਾਏ ਲੋਕਾਂ ਦੇ ਘਰਾਂ ਦੀਆਂ ਕੰਧਾਂ ਚੋਰਾਂ ਵਾਂਗ ਟੱਪ ਕੇ ਘਰਾਂ ਦੇ ਵਿੱਚ ਸਿੱਖਾਂ ਦੇ ਮੁੰਡਿਆਂ ਜਾਂ ਬੰਦਿਆਂ ਨੂੰ ਅਗਵਾ ਕਰਕੇ ਲੈ ਜਾਣਾ , ਫੇਰ ਜਾ ਕੇ ਜੱਲਾਦਾਂ ਵਾਂਗ ਉਹਨਾਂ ਨੂੰ ਕੁੱਟਣਾ , ਜਾਂ ਫੇਰ ਮੋਟੀਆਂ ਰਕਮਾਂ ਮੰਗਣੀਆਂ ਜਾਂ ਤਰੱਕੀਆਂ ਲੈਣ ਲਈ ਮੋਢਿਆਂ ਉੱਤੇ ਸਟਾਰ ਵਧਾਉਣ ਲਈ ਝੂਠੇ ਪੁਲੀਸ ਮੁਕਾਬਲੇ ਬਣਾ ਬਣਾ ਕੇ ਜਾਨੋਂ ਹੀ ਮਾਰ ਦੇਣਾ , ਲਾਵਾਰਿਸ ਅਤੇ ਅਣਪਛਾਤੇ ਕਹਿ ਕੇ ਸਾੜ ਦੇਣਾ ਜਾਂ ਸਿੱਖਾਂ ਤੇ ਹਿੰਦੂਆਂ ਦੇ ਸਰੀਰਾਂ ਨੂੰ ਨਹਿਰਾਂ ਅਤੇ ਦਰਿਆਵਾਂ ਵਿੱਚ ਰੋੜ੍ਹ ਦੇਣਾ , ਇਹ ਕੁੱਝ ਕਰਨ ਲਈ ਕਿਹੜਾ ਕਾਨੂੰਨ ਅਤੇ ਕਿਹੜਾ ਸੰਵਿਧਾਨ ਇਜਾਜ਼ਤ ਦਿੰਦਾ ਹੈ? 
ਲਿਖਣ ਨੂੰ ਤਾਂ ਬਹੁਤ ਕੁੱਝ ਹੈ , ਦੁੱਖਾਂ ਦਰਦਾਂ ਦੀਆਂ ਘਟਨਾਵਾਂ ਦੇ ਤਾਂ ਭੰਡਾਰ ਭਰੇ ਪਏ ਹਨ , ਪਰ ਸਿਆਣੇ ਕਹਿੰਦੇ ਹਨ ਕਿ ਸਿਆਣੇ ਮਨੁੱਖ ਲਈ ਤਾਂ ਇਸ਼ਾਰਾ ਹੀ ਬਹੁਤ ਹੁੰਦਾ ਹੈ ਲੇਕਿਨ ਮੂਰਖਾਂ ਬੇਵਕੂਫ਼ਾਂ ਅਤੇ ਅੰਧ ਭਗਤਾਂ ਦੇ ਮੂਹਰੇ ਝੋਟੇ ਵਾਂਗ ਜਿੰਨੀ ਮਰਜੀ ਬੀਨ ਵਜਾਈ ਜਾਓ ਉੱਹਨਾਂ ਨੂੰ ਕਿਹੜੀ ਝੋਟੇ ਵਾਂਗ ਕੋਈ ਸਮਝ ਲੱਗਣੀ ਬੱਸ ਸਿਰ ਹਿਲਾਈ ਜਾਣਗੇ । 
ਜਿੰਨਾ ਵੀ ਸਮਾਂ ਹੋਰ ਸਿੱਖ ਕੌਮ ਹਿੰਦੋਸਤਾਨ ਦੀ ਗੁਲਾਮੀ ਥੱਲੇ ਰਹੇਗੀ ਓਨਾਂ ਚਿਰ ਸਿੱਖਾਂ ਉੱਪਰ ਏਸ ਨਾਲੋਂ ਵੀ ਵੱਧ ਅੱਤਿਆਚਾਰ ਹੋਣਗੇ । ਆਪਾਂ ਤਾਂ ਸਾਰੇ ਜਾਣੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉੱਪਰ ਬਣੀ ਸਤਲੁਜ ਫਿਲਮ ਵੇਖ ਕੇ ਓਸ ਕਾਲੇ ਦੌਰ ਨੂੰ ਯਾਦ ਕਰ ਰਹੇ ਹਾਂ, ਸੋਗ ਵਿੱਚ ਡੁੱਬੇ ਹੋਏ ਹਾਂ । ਜਿਹੜੇ ਜਿਹੜੇ ਵੀ ਪੰਜਾਬੀ ਪਰਿਵਾਰਾਂ ਨਾਲ ਦਰਦਨਾਕ ਹੌਲਨਾਕ ਕਿੱਸੇ ਵਾਪਰੇ ਹਨ ਉੱਹ ਪੱਤਰਕਾਰਾਂ ਨੂੰ ਵਕੀਲਾਂ ਨੂੰ ਆਪਣੀਆਂ ਦਰਦ ਕਹਾਣੀਆਂ ਸੁਣਾ ਰਹੇ ਹਨ । ਲੇਕਿਨ ਦਿੱਲੀ ਦੇ ਵਿੱਚ ਬੈਠੇ ਸਰਕਾਰੀ ਦਫ਼ਤਰਾਂ ਏਜੰਸੀਆਂ ਦੇ ਦਫ਼ਤਰਾਂ ਵਿੱਚ ਬੈਠੇ ਕਸਾਈ, ਨਿਰਦਈ , ਬੇਰਹਿਮ , ਜਾਲਮ , ਅਕ੍ਰਿਤਘਣ , ਗੁੰਡੇ ਅਤੇ ਬਦਮਾਸ਼ ਲੋਕ ਸਿੱਖਾਂ ਨੂੰ ਹੋਰ ਦਬਾਉਣ ਦੀਆਂ ਨਵੀਆਂ ਸਕੀਮਾਂ ਸੋਚ ਰਹੇ ਹੋਣਗੇ । ਉੱਹ ਤਾਂ ਦਲਜੀਤ ਦੁਸਾਂਝ ਜਾਂ ਫਿਲਮ ਬਣਾਉਣ ਵਾਲੀ ਟੀਮ ਦੇ ਹੋਰ ਮੈਂਬਰਾਂ ਦਾ ਕੋਈ ਨਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਕਰਨ ਵਾਰੇ ਤਰਕੀਬਾਂ ਘੜ੍ਹ ਰਹੇ ਹੋਣਗੇ । 
ਏਸ ਕਰਕੇ ਪੰਥਕ ਧਿਰਾਂ , ਪੰਥਕ ਜਥੇਬੰਦੀਆਂ , ਪੰਥਕ ਨੇਤਾਵਾਂ , ਲੇਖਕਾਂ , ਬੁੱਧੀਜੀਵੀਆਂ , ਸਿੱਖ ਪੱਤਰਕਾਰਾਂ , ਵਕੀਲਾਂ , ਜੱਜਾਂ , ਸਮਾਜ ਸੇਵੀ ਸੰਸਥਾਵਾਂ , ਸਿੱਖ ਸੰਪਰਦਾਵਾਂ ਅਤੇ ਸਭ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਨੂੰ ਇੱਕ ਸਾਂਝਾ , ਤਕੜਾ , ਮਜ਼ਬੂਤ ਧੜੱਲੇਦਾਰ ਅਤੇ ਰੋਅਬਦਾਰਾ ਫਰੰਟ ਖੜ੍ਹਾ ਕਰਕੇ ਪੰਜਾਬ ਨੂੰ ਸਿੱਖਾਂ ਨੂੰ ਪੰਜਾਬੀਆਂ ਨੂੰ ਭਾਰਤੀ ਕਬਜ਼ੇ ਵਿੱਚ ਆਜ਼ਾਦ ਕਰਵਾਉਣ ਲਈ ਅਤੇ ਦੇਸ਼ ਖਾਲਿਸਤਾਨ ਬਣਾਉਣ ਲਈ ਦਿਨ ਤੇ ਰਾਤ ਇੱਕ ਕਰ ਦੇਣੇ ਚਾਹੀਦੇ ਹਨ । ਨਹੀਂ ਤਾਂ ਆਉਣ ਵਾਲੇ ਸੌ ਦੋ ਸੌ ਜਾਂ ਪੰਜ ਸੌ ਸਾਲਾਂ ਬਾਅਦ ਸਿਰਫ ਅਤੇ ਸਿਰਫ ਲਾਇਬਰੇਰੀਆਂ ਦੇ ਵਿੱਚ ਪਈਆਂ ਕਿਤਾਬਾਂ ਦੇ ਵਿੱਚ ਹੀ ਪੜ੍ਹਨ ਨੂੰ ਮਿਲਿਆ ਕਰੇਗਾ ਕਿ ਕੋਈ ਸਿੱਖ ਕੌਮ ਹੁੰਦੀ ਸੀ । 
ਬ੍ਰਾਹਮਣਵਾਦ ਨੇ ਹੁਣ ਤੱਕ ਸਾਡੇ ਕੋਲੋਂ ਬਹੁਤ ਕੁੱਝ ਖੋਹ ਲਿਆ ਹੈ, ਖੋਹ ਰਹੇ ਵੀ ਹਨ ਅਤੇ ਬਾਕੀ ਦਾ ਜੋ ਕੁੱਝ ਵੀ ਅਤੇ ਜਿੰਨਾ ਕੁ ਵੀ ਹੁਣ ਤੱਕ ਬਚਿਆ ਹੈ ਉੱਹ ਵੀ ਆਉਣ ਵਾਲੇ ਸਮੇਂ ਵਿੱਚ ਖੋਹ ਲੈਣਗੇ । 95 ਪ੍ਰਤੀਸ਼ਤ ਸਿੱਖਾਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗ ਰਿਹਾ ਕੇ ਸਾਡੇ ਨਾਲ ਹੋ ਕੀ ਰਿਹਾ ਹੈ । 5 ਕੁ ਪ੍ਰਤੀਸ਼ਤ ਸਿੱਖ ਹੀ ਖਾਲਿਸਤਾਨ ਦੀ ਅਤੇ ਸਿੱਖ ਆਜ਼ਾਦੀ ਦੀ ਗੱਲ ਕਰਦੇ ਹਨ । ਬਾਕੀ ਸਭ ਸੋਚਦੇ ਹਨ ਕਿ ਜੋ ਹੋਵੇਗਾ ਵੇਖੀ ਜਾਊ , ਕੁੱਝ ਨਹੀਂ ਹੋਣ ਲੱਗਾ । ਪਰ ਵੇਖੀ ਜਾਇਓ ਤੁਹਾਡੇ ਅਤੇ ਸਾਡੇ ਨਾਲ ਬਹੁਤ ਕੁੱਝ ਹੋਣ ਜਾ ਰਿਹਾ ਹੈ । 
ਸਾਰੇ ਜਾਣੇ ਕੁੰਭਕਰਨੀ ਨੀਂਦ ਵਿੱਚੋਂ ਜਾਗੋ , ਗ੍ਰਹਿਸਥੀ ਜੀਵਨ ਵੀ ਜੀਓ , ਕੰਮ ਧੰਧੇ ਵੀ ਕਰੋ, ਪਰ ਆਜ਼ਾਦੀ ਅਤੇ ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣ ਵਿੱਚ ਵੀ ਸਾਰੀ ਕੌਮ ਆਪਣਾ ਆਪਣਾ ਸਰਦਾ ਬਣਦਾ ਯੋਗਦਾਨ ਪਾਓ । ਅਗਰ ਹੱਕ ਵਿੱਚ ਨਹੀਂ ਭੁਗਤ ਸਕਦੇ ਤਾਂ ਵਿਰੋਧ ਵੀ ਨਾ ਕਰੋ ਤੇ ਚੁੱਪ ਹੀ ਰਹੋ । ਏਹ ਵੀ ਸਭ ਸਿੱਖਾਂ ਦੀ ਬਹੁਤ ਵੱਡੀ ਦੇਣ ਹੀ ਸਮਝੀ ਜਾਵੇਗੀ । ਜਿਹੜੇ ਸਿੱਖ ਆਜ਼ਾਦੀ ਦੇ ਕਾਰਜ ਵਿੱਚ ਲੱਗੇ ਹੋਏ ਹਨ ਉੱਹਨਾਂ ਦੀਆਂ ਲੱਤਾਂ ਨਾ ਖਿੱਚੋ । ਪੰਜਾਬ ਪੁਲੀਸ , ਪੰਜਾਬ ਸਰਕਾਰ , ਭਾਰਤੀ ਸਰਕਾਰ ਅਤੇ ਭਾਰਤੀ ਅਦਾਲਤਾਂ ਅਤੇ ਜੁਡੀਸ਼ਰੀ ਤੋਂ ਕਿਸੇ ਵੀ ਤਰ੍ਹਾਂ ਦੇ ਇਨਸਾਫ਼ ਦੀ ਕੋਈ ਵੀ ਆਸ ਰੱਖਣੀ ਸਿੱਖ ਕੌਮ ਦੀ ਬਹੁਤ ਵੱਡੀ ਭੁੱਲ ਅਤੇ ਅਣਗਹਿਲੀ ਹੋਵੇਗੀ। ਏਹ ਹਾਲੇ ਸਿੱਖਾਂ ਨੂੰ ਹੋਰ ਕੁੱਟਣਗੇ ਮਾਰਨਗੇ ਅਤੇ ਜਲੀਲ ਵੀ ਕਰਨਗੇ । ਇਹ ਲੜਾਈ ਅਸਲ ਵਿੱਚ ਹਿੰਦੂ ਵਿਚਾਰਧਾਰਾ ਅਤੇ ਸਿੱਖ ਵਿਚਾਰਧਾਰਾ ਦੀ ਲੜਾਈ ਹੈ । ਹਿੰਦੂ ਵਿਚਾਰਧਾਰਾ ਸਿੱਖ ਵਿਚਾਰਧਾਰਾ ਨੂੰ ਜੜ੍ਹਾਂ ਤੋਂ ਹੀ ਖਤਮ ਅਤੇ ਬਰਬਾਦ ਕਰਨ ਦੀ ਠਾਣੀ ਬੈਠੀ ਹੈ । ਪਰ ਸਿੱਖ ਭੋਲੇ ਵੀ ਹਨ ਅਤੇ ਨਾਦਾਨ ਵੀ ਹਨ । ਲੇਕਿਨ ਸਿੱਖਾਂ ਨੂੰ ਖਤਮ ਕਰਨ ਵਾਲੇ ਅੱਜ ਤੱਕ ਬਹੁਤ ਆਏ ਅਤੇ ਬਹੁਤ ਗਏ । ਜਿਸ ਦਿਨ ਸਿੱਖ ਜਾਗ ਪਏ ਅਤੇ ਆਪਣੀ ਆਈ ਉੱਤੇ ਆ ਗਏ ਫੇਰ ਟੀਸੀ ਨੂੰ ਅਤੇ ਸਿਖਰ ਨੂੰ ਹੀ ਹੱਥ ਪਾਉਣਗੇ ਅਤੇ ਏਥੇ ਫੇਰ ਕਲਾ ਗੁਰੂ ਜੀ ਦੀ ਵੀ ਵਰਤਦੀ ਹੁੰਦੀ ਹੈ । ਇੱਕ ਹੀ ਫਿਲਮ ਨੇ ਦੁਨੀਆਂ ਹਿਲਾ ਕੇ ਰੱਖ ਦਿੱਤੀ ਹੈ ਜੀ । ਬਾਕੀ ਤੁਸੀਂ ਖੁਦ ਵੀ ਸਿਆਣੇ ਹੋ ਭਾਈ ਸਿੱਖੋ ! 
 ਹਰਪ੍ਰੀਤ ਸਿੰਘ ਪੰਮਾ ਆਸਟਰੀਆ

ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
ਹਰਪ੍ਰੀਤ ਸਿੰਘ ਪੰਮਾ ,ਆਸਟਰੀਆ
+43 699 14149114
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.