ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਅਕਾਲੀ ਦਲ ਅੰਮ੍ਰਿਤਸਰ ਮਨਾਏਗਾ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ਼ ਬਾਬਾ ਨੰਦ ਦਾ 34ਵਾਂ ਸ਼ਹੀਦੀ ਦਿਹਾੜਾ : ਭਾਈ ਰਣਜੀਤ ਸਿੰਘ/ਬੀਬੀ ਕੁਲਵਿੰਦਰ ਕੌਰ
- ਧਾਰਮਿਕ/ਰਾਜਨੀਤੀ
- (Asia/Kolkata)
ਅੰਮ੍ਰਿਤਸਰ, 3 ਅਪ੍ਰੈਲ ( ਸੋਧ ਸਿੰਘ ਬਾਜ, )
ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਮੁਖੀ ਅਤੇ ਖ਼ਾਲਿਸਤਾਨ ਆਰਮਡ ਫ਼ੋਰਸ ਦੇ ਲੈਫ਼ਟੀਨੈਂਟ ਜਨਰਲ ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ ਉਰਫ਼ ਬਾਬਾ ਨੰਦ ਅਤੇ ਸਾਥੀਆਂ ਸ਼ਹੀਦ ਭਾਈ ਤਰਸੇਮ ਸਿੰਘ ਕੋਹਾੜ, ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਸ਼ਹੀਦ ਭਾਈ ਕੰਵਲਜੀਤ ਸਿੰਘ ਵਾਹਿਗੁਰੂ, ਸ਼ਹੀਦ ਭਾਈ ਜੁਗਰਾਜ ਸਿੰਘ ਤੁਫ਼ਾਨ, ਸ਼ਹੀਦ ਭਾਈ ਕੁਲਦੀਪ ਸਿੰਘ ਫੌਜੀ ਭਾਮ, ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ, ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ, ਸ਼ਹੀਦ ਭਾਈ ਗੁਰਨਾਮ ਸਿੰਘ ਪਹਿਲਵਾਨ ਦਾਬਾਂਵਾਲੀ ਅਤੇ ਸਮੂਹ ਸ਼ਹੀਦ ਸਿੰਘਾਂ-ਸਿੰਘਣੀਆਂ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ 9 ਅਪ੍ਰੈਲ 2025 ਨੂੰ ਗੁ. ਸੁੱਚੇਆਣਾ ਸਾਹਿਬ, ਪਿੰਡ ਤੁਗਲਵਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ ਦੀ ਜੁਝਾਰੂ ਸਿੰਘਣੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਸਮੂਹ ਸੰਪਰਦਾਵਾਂ, ਪੰਥਕ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ, ਸ਼ਹੀਦਾਂ ਦੇ ਪਰਿਵਾਰਾਂ ਤੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਤੋਂ ਬਾਅਦ ਰਾਗੀ, ਢਾਡੀ ਤੇ ਕਵੀਸ਼ਰ ਹਰ ਜਸ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਫਿਰ ਪੰਥਕ ਜਥੇਬੰਦੀਆਂ ਦੇ ਆਗੂ ਸਿੱਖ ਸੰਘਰਸ਼ ਬਾਰੇ ਵਿਚਾਰਾਂ ਦੀ ਸਾਂਝ ਕਰਨਗੇ ਤੇ ਸਮਾਗਮ 'ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ। ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਸ. ਸਿਮਰਨਜੀਤ ਸਿੰਘ ਮਾਨ, ਸ. ਇਮਾਨ ਸਿੰਘ ਮਾਨ, ਸ. ਪਰਮਜੀਤ ਸਿੰਘ ਮੰਡ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਗੁਰਿੰਦਰ ਸਿੰਘ ਬਾਜਵਾ, ਭਾਈ ਨਰਾਇਣ ਸਿੰਘ ਚੌੜਾ ਆਦਿ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਨਗੇ।
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ 7 ਅਪ੍ਰੈਲ 1991 ਨੂੰ ਜਦੋਂ ਭਾਈ ਪਰਮਜੀਤ ਸਿੰਘ ਪੰਮਾ ਤੇ ਉਹਨਾਂ ਦੀ ਸਿੰਘਣੀ ਬੀਬੀ ਕੁਲਵਿੰਦਰ ਕੌਰ ਦੋਵੇਂ ਹੀ ਪਠਾਨਕੋਟ ਤੋਂ ਸਵੇਰੇ ਪੰਜ ਵਜੇ ਦੀ ਰੇਲ ਗੱਡੀ 'ਚ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਰਹੇ ਸਨ ਤਾਂ ਜਿਵੇਂ ਹੀ ਇਹ ਟਰੇਨ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਅੱਗੋਂ ਪੰਜਾਬ ਪੁਲੀਸ ਤੇ ਪੈਰਾ ਮਿਲਟਰੀ ਫੋਰਸਾਂ ਨੇ ਪੂਰੀ ਤਰ੍ਹਾਂ ਨਾਲ ਚੁਫੇਰਿਉਂ ਘੇਰਾ ਪਾਇਆ ਹੋਇਆ ਸੀ ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ, ਭਾਰਤੀ ਫੋਰਸਾਂ ਨੇ ਭਾਈ ਸਾਹਿਬ ਨੂੰ ਦੋ ਵਾਰ ਹਿਲਾਇਆ, ਪਰ ਆਪ ਜੀ ਜਾਗਦੇ ਹੋਣ ਦੇ ਬਾਵਜੂਦ ਵੀ ਸੌਣ ਦਾ ਡਰਾਮਾ ਕਰ ਰਹੇ ਸਨ। ਇੱਕ ਵਾਰ ਤਾਂ ਪੈਰਾ ਮਿਲਟਰੀ ਫੋਰਸਾਂ ਉਸ ਡੱਬੇ 'ਚੋਂ ਹੇਠਾਂ ਵੀ ਉੱਤਰ ਗਈਆਂ ਸਨ, ਪਰ ਮੁਖਬਰ ਦੀ ਸ਼ਾਇਦ ਪੱਕੀ ਸੂਹ ਸੀ। ਫਿਰ ਦੁਬਾਰਾ ਤੋਂ ਸੁਰੱਖਿਆ ਫੋਰਸਾਂ ਨੇ ਭਾਈ ਸਾਹਿਬ ਨੂੰ ਹਿਲਾਇਆ। ਹੁਣ ਇਸ ਵਾਰ ਪਰਮਜੀਤ ਸਿੰਘ ਆਪਣੀ ਪਿਸਟਲ ਉਹਨਾਂ ਵੱਲ ਤਾਣ ਕੇ ਉੱਠੇ ਤੇ ਚੋਰ ਅੱਖ ਨਾਲ ਆਪਣੀ ਸਿੰਘਣੀ ਬੀਬੀ ਕੁਲਵਿੰਦਰ ਕੌਰ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਬੜੀ ਫੁਰਤੀ ਦੇ ਨਾਲ ਹੇਠਾਂ ਉੱਤਰ ਕੇ ਗੋਲੀਆਂ ਚਲਾਈਆਂ ਤੇ ਦੌੜਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਗੋਲੀ ਸੁਰੱਖਿਆ ਕਰਮੀ ਨੂੰ ਵੀ ਲੱਗੀ, ਪਰ ਚਾਰੇ ਪਾਸਿਆ ਤੋਂ ਘੇਰਾ ਪਿਆ ਹੋਣ ਕਾਰਨ ਸੁਰੱਖਿਆ ਬਲਾਂ ਨੇ ਭਾਈ ਸਾਹਿਬ ਨੂੰ ਘੇਰ ਕੇ ਗ੍ਰਿਫਤਾਰ ਕਰ ਲਿਆ ਤੇ ਬਟਾਲਾ ਦੇ ਇਟੈਰੋਗੇਸ਼ਨ ਸੈਂਟਰ ਬੀਕੋ 'ਚ ਲੈ ਗਏ। ਅਖੀਰ 10 ਅਪ੍ਰੈਲ 1991 ਦੀਆਂ ਅਖਬਾਰਾਂ ਦੀ ਖ਼ਬਰ ਸੀ ਕੇ. ਐਲ. ਓ. ਦੇ ਮੁਖੀ ਪਰਮਜੀਤ ਸਿੰਘ ਪੰਮਾ ਉਰਫ਼ ਬਾਬਾ ਨੰਦ ਪੁਲੀਸ ਨਾਲ ਹੋਈ ਮੁੱਠਭੇੜ ਵਿੱਚ ਹਲਾਕ। ਉਹਨਾਂ ਦੱਸਿਆ ਕਿ ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਕਿਤਾਬ ਵਿੱਚ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਅਤੇ ਸਾਥੀਆਂ ਦੀ ਜੀਵਨੀ ਛਾਪੀ ਗਈ ਹੈ।
Leave a Reply