ਭਾਈ ਖਾਲੜਾ ਅਤੇ ਮੇਰੇ ਚਾਚਾ ਜੀ

ਭਾਈ ਖਾਲੜਾ ਅਤੇ ਮੇਰੇ ਚਾਚਾ ਜੀ

ਕੱਲ੍ਹ ਜਦੋਂ ਮੈਂ, ਦਿਲਜੀਤ ਦੁਸਾਂਝ ਵੱਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉੱਤੇ ਬਣਾਈ ‘ਸਤਲੁਜ’ ਫ਼ਿਲਮ ਵੇਖੀ ਤਾਂ ਮਨ ਬੜਾ ਭਾਵੁਕ ਹੋਇਆ ਕਿ ਕਿਵੇਂ ਲਾਵਾਰਿਸ ਲਾਸ਼ਾਂ ਦੇ ਵਾਰਿਸ ਨੂੰ ਵੀ ਲਵਾਰਿਸ ਬਣਾ ਦਿੱਤਾ ਗਿਆ। ਜਦੋਂ ਭਾਈ ਖਾਲੜਾ ਨੂੰ ਪੁਲੀਸ ਵੱਲੋਂ ਚੁੱਕਣ ਤੋਂ ਬਾਅਦ ਕੰਗ ਪਿੰਡ ਦੀ ਪੁਲੀਸ ਚੌਂਕੀ ਵਿੱਚ ਲਿਜਾਇਆ ਗਿਆ ਤੇ ਓਥੇ ਤਿੰਨ ਦਿਨ ਰੱਖ ਕੇ ਘੋਰ ਤਸੀਹੇ ਦਿੱਤੇ ਗਏ ਤਾਂ ਮੈਨੂੰ ਯਾਦ ਆ ਗਿਆ ਕਿ ਮੇਰੇ ਚਾਚਾ ਜੀ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ) ਨੂੰ ਵੀ ਪੁਲੀਸ ਨੇ ਅੰਮ੍ਰਿਤਸਰੋਂ ਚੁੱਕ ਕੇ ਤਿੰਨ ਦਿਨ ਕੰਗ ਪਿੰਡ ਦੀ ਚੌਂਕੀ ਵਿੱਚ ਹੀ ਰੱਖਿਆ ਸੀ ਤੇ ਜ਼ਾਲਮਾਨਾ ਤਸੀਹੇ ਦਿੱਤੇ ਗਏ ਸਨ। ਜਿਸ ਜੱਲਾਦ ਐੱਸ.ਐੱਸ.ਪੀ. ਅਜੀਤ ਸੰਧੂ ਨੇ ਭਾਈ ਖਾਲੜਾ ਨੂੰ ਸ਼ਹੀਦ ਕੀਤਾ ਸੀ, ਉਸੇ ਨੇ ਹੀ ਮੇਰੇ ਚਾਚਾ ਜੀ ਨੂੰ ਵੀ ਸ਼ਹੀਦ ਕੀਤਾ ਸੀ।
ਮੇਰੇ ਚਾਚਾ ਜੀ ਨੂੰ ਐੱਸ.ਪੀ. (ਡੀ) ਦਿਲਬਾਗ ਸਿਹੁੰ ਤੇ ਕੰਗ ਚੌਂਕੀ ਦਾ ਥਾਣੇਦਾਰ ਚੌਧਰੀ ਗੁਲਜਾਰ ਚੰਦ ਘਰੋਂ ਚੁੱਕ ਕੇ ਲੈ ਗਿਆ ਸੀ। ਪਹਿਲਾਂ ਕੰਗ ਚੌਂਕੀ ਤੇ ਫਿਰ ਤਰਨ ਤਾਰਨ ਦੇ ਸਿਟੀ ਥਾਣੇ ਵਿੱਚ ਅਣਮਨੁੱਖੀ ਤਸ਼ੱਦਦ ਕਰਕੇ ਬਾਠ ਪਿੰਡ ਦੀ ਭੁੱਲਰ ਵਾਲ਼ੀ ਨਹਿਰ 'ਤੇ ਲਿਜਾ ਕੇ 30 ਜੂਨ 1993 ਨੂੰ ਗੋਲ਼ੀਆਂ ਮਾਰ ਦਿੱਤੀਆਂ ਸਨ ਤੇ ਅਗਲੇ ਦਿਨ ਅਖ਼ਬਾਰਾਂ 'ਚ ਛਪਿਆ ਕਿ ਮੁਕਾਬਲੇ ਵਿੱਚ ਪੰਜ ਖਾੜਕੂ ਮਾਰੇ ਗਏ ਤੇ ਘਟਨਾ ਤੋਂ ਏਨੇ ਹਥਿਆਰ ਪ੍ਰਾਪਤ ਹੋਏ ਹਨ। ਉਹਨਾਂ ਦੀਆਂ ਸ਼ਹੀਦੀ ਦੇਹਾਂ ਤਰਨ ਤਾਰਨ ਦੇ ਸ਼ਮਸ਼ਾਨ ਘਾਟ ਵਿੱਚ ਲਾਵਾਰਿਸ ਕਹਿ ਕੇ ਸਾੜ ਦਿੱਤੀਆਂ ਗਈਆਂ ਸਨ ਜਿੱਥੇ ਬਾਅਦ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਪਹੁੰਚੇ ਸਨ ਤੇ ਫਿਰ ਉਹਨਾਂ ਨੇ ਅਦਾਲਤ 'ਚ ਕੇਸ ਵੀ ਲਾਇਆ ਸੀ।
ਪਰ 6 ਸਤੰਬਰ 1995 ਨੂੰ ਪੁਲੀਸ ਮੁਖੀ ਬੁੱਚੜ ਕੇ.ਪੀ.ਐੱਸ. ਗਿੱਲ ਦੇ ਦਰਿੰਦੇ ਅਜੀਤ ਸੰਧੂ ਨੇ ਪੁਲਿਸ ਤੋਂ ਭਾਈ ਖਾਲੜਾ ਨੂੰ ਵੀ ਅੰਮ੍ਰਿਤਸਰ ਵਿਖੇ ਕਬੀਰ ਪਾਰਕ 'ਚੋਂ ਉਹਨਾਂ ਦੀ ਕੋਠੀ ਨੰਬਰ ਅੱਠ ਤੋਂ ਗੇਟ ਅੱਗਿਉਂ ਗੱਡੀ ਧੋਂਦਿਆਂ ਚੁਕਵਾ ਦਿੱਤਾ ਸੀ ਤੇ ਫਿਰ ਤਿੰਨ ਦਿਨ ਕੰਗ ਪਿੰਡ ਦੀ ਚੌਂਕੀ, ਫਿਰ ਸਰਹਾਲੀ, ਮਾਨੋਚਾਹਲ ਤੇ ਫਿਰ ਝਬਾਲ ਦੇ ਨੇੜੇ ਕਿਸੇ ਕੋਠੀ ਵਿੱਚ ਉਹਨਾਂ ਨੂੰ ਘੋਰ ਤਸੀਹੇ ਦਿੱਤੇ। ਫਿਰ ਮਾਨਾਂਵਾਲਾ ਵਿਖੇ ਅਜੀਤ ਸੰਧੂ ਦੇ ਫਾਰਮ 'ਚ ਲੈ ਕੇ ਗਏ ਜਿੱਥੇ ਕੇ.ਪੀ.ਐੱਸ. ਵੀ ਆਇਆ ਸੀ ਅਤੇ ਫਿਰ ਝਬਾਲ ਥਾਣੇ ਵਿੱਚ ਕੁਝ ਦਿਨ ਰੱਖ ਕੇ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੀ ਸ਼ਹੀਦੀ ਦੇਹ ਹਰੀਕੇ ਦਰਿਆ ਵਿੱਚ ਸੁੱਟ ਦਿੱਤੀ ਸੀ। ਭਾਈ ਖਾਲੜਾ ਨੂੰ ਚੁੱਕਣ ਤੋਂ ਬਾਅਦ ਤਕਰੀਬਨ 48 ਦਿਨਾਂ ਬਾਅਦ ਸ਼ਹੀਦ ਕੀਤਾ ਗਿਆ ਸੀ, ਏਨੇ ਦਿਨਾਂ ਦੌਰਾਨ ਉਹ ਪੁਲਿਸ ਜ਼ੁਲਮ ਅੱਗੇ ਰੱਤਾ ਵੀ ਝੁਕੇ ਨਹੀਂ ਸਨ।
ਭਾਈ ਖਾਲੜਾ ਤੇ ਮੇਰੇ ਚਾਚਾ ਜੀ ਨਾਲ਼ ਜੋ ਹੋਇਆ, ਇਹ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ, ਬਜ਼ੁਰਗਾਂ ਤੇ ਬੀਬੀਆਂ ਨਾਲ਼ ਵੀ ਵਾਪਰਿਆ ਜਿਨ੍ਹਾਂ ਨੂੰ ਅਜ਼ਾਦ ਭਾਰਤ ਵਿੱਚ ਸਿੱਖ ਹੋਣ ਦੀ ਸਜ਼ਾ ਦਿੱਤੀ ਗਈ, ਸਰਕਾਰ ਦੇ ਜ਼ੁਲਮ ਵਿਰੁੱਧ ਬੋਲਣਾ ਜਿਨ੍ਹਾਂ ਦਾ ਜੁਰਮ ਬਣ ਗਿਆ ਸੀ। ਮੇਰੇ ਚਾਚਾ ਜੀ ਨੂੰ ਘੱਲੂਘਾਰੇ ਦੇ ਵਿਰੋਧ ਵਿੱਚ ਜੁਝਾਰੂ ਲਹਿਰ ਵਿੱਚ ਕੁੱਦਣਾ ਪਿਆ ਤੇ ਭਾਈ ਖਾਲੜਾ ਜੀ ਨੇ ਕਲਮ ਚੁੱਕ ਕੇ ਕਾਨੂੰਨੀ ਲੜਾਈ ਲੜੀ ਸੀ। ਉਹਨਾਂ ਨੇ ਕਲਮ ਨੂੰ ਆਪਣਾ ਹਥਿਆਰ ਬਣਾਇਆ ਤੇ ਸਿਸਟਮ ਨੂੰ ਹਿਲਾ ਦਿੱਤਾ। ਪਰ ਪੁਲਿਸ ਨੂੰ ਕਲਮ ਅਤੇ ਹਥਿਆਰ ਦੋਵੇਂ ਹੀ ਮਨਜ਼ੂਰ ਨਹੀਂ ਸਨ।
ਪੁਲੀਸ ਵੱਲੋਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਸ਼ਾਂਤੀ ਦੇ ਨਾਂ 'ਤੇ ਪੰਜਾਬ ਵਿੱਚ ਜ਼ੁਲਮ ਦੀਆਂ ਨਦੀਆਂ ਵਹਾ ਦਿੱਤੀਆਂ ਗਈਆਂ। ਜ਼ਕਰੀਆ ਖ਼ਾਂ, ਮੀਰ ਮੰਨੂ ਤੇ ਲਖਪਤ ਰਾਏ ਦੇ ਜ਼ੁਲਮ ਹਿੰਦ ਸਰਕਾਰ ਦੇ ਜ਼ੁਲਮਾਂ ਅੱਗੇ ਛੋਟੇ ਪੈ ਗਏ ਸਨ। ਨਾ ਮਾਂਵਾਂ ਦੇ ਪੁੱਤ ਵਾਪਸ ਆਏ, ਨਾ ਭੈਣਾਂ ਦੇ ਵੀਰ। ਹੱਸਦੇ ਵੱਸਦੇ ਘਰ ਉੱਜੜ ਗਏ, ਹਜ਼ਾਰਾਂ ਬੀਬੀਆਂ ਵਿਧਵਾ ਹੋ ਗਈਆਂ ਤੇ ਬੱਚਿਆਂ ਦੇ ਸਿਰ 'ਤੇ ਬਾਪ ਦਾ ਸਾਇਆ ਨਾ ਰਿਹਾ, ਚੁੱਲ੍ਹਿਆਂ ਵਿੱਚ ਘਾਹ ਉੱਗ ਆਇਆ। ਪੁਲਿਸ ਵੱਲੋਂ ਸਿੱਖਾਂ ਦੇ ਘਰਾਂ ਵਿੱਚ ਪਾਏ ਵੈਣ ਅਤੇ ਚੀਕ-ਚਿਹਾੜੇ ਦੀਆਂ ਅਵਾਜ਼ਾਂ ਮੈਂ ਅੱਜ ਵੀ ਸ਼ਹੀਦਾਂ ਦੇ ਘਰਾਂ ਵਿੱਚ ਜਾ ਕੇ ਸੁਣਦਾ ਹਾਂ। ਮਾਂਵਾਂ ਆਪਣੇ ਪੁੱਤਾਂ ਦੀਆਂ ਤੇ ਪਤਨੀਆਂ ਆਪਣੇ ਪਤੀਆਂ ਦੀਆਂ ਫ਼ੋਟੋਆਂ ਨੂੰ ਚੁੰਨੀ ਨਾਲ਼ ਸਾਫ਼ ਕਰਦਿਆਂ ਅੱਜ ਵੀ ਹੋਕੇ ਲੈਂਦੀਆਂ ਹਨ। ਪੁਲੀਸ ਨੇ ਪੰਜਾਬ ਨੂੰ ਸ਼ਮਸ਼ਾਨ ਘਾਟ ਵਿੱਚ ਬਦਲ ਕੇ ਸ਼ਾਂਤੀ ਲਿਆਂਦੀ, ਬੇਦੋਸ਼ੇ ਸਿੱਖ ਨੌਜਵਾਨਾਂ ਦੇ ਝੂਠੇ ਪੁਲੀਸ ਮੁਕਾਬਲੇ ਬਣਾ ਕੇ ਫੀਤੀਆਂ, ਸਟਾਰ, ਤਰੱਕੀਆਂ ਤੇ ਇਨਾਮ ਪ੍ਰਾਪਤ ਕੀਤੇ, ਪੁਲਿਸ ਨੇ ਪੱਠਿਆਂ ਵਾਲ਼ੀ ਮਸ਼ੀਨ ਬਣ ਕੇ ਉਸ ਵਿੱਚ ਸਿੱਖਾਂ ਨੂੰ ਕੁਤਰਿਆ ਤੇ ਪੂਰੇ ਪੰਜਾਬ ਨੂੰ ਹੀ ਜ਼ੁਲਮ ਦੀ ਭੱਠੀ ਵਿੱਚ ਝੋਕ ਦਿੱਤਾ ਸੀ।
ਨਾ ਮੈਨੂੰ ਜਲੰਧਰ ਦੀ ਜੇਲ੍ਹ ਭੁੱਲਦੀ ਜਿੱਥੇ ਇੱਕ ਕੁ ਸਾਲ ਦੀ ਉਮਰ 'ਚ ਮੈਂ ਆਪਣੇ ਚਾਚਾ ਜੀ ਨੂੰ ਆਪਣੇ ਮਾਂ-ਬਾਪ ਨਾਲ਼ ਮਿਲ਼ਣ ਗਿਆ ਸੀ ਤੇ ਚਾਚਾ ਜੀ ਨੇ ਸੀਖਾਂ-ਜਾਲੀਆਂ ਵਿੱਚੋਂ ਹੱਥ ਕੱਢ ਕੇ ਮੇਰੇ ਸਿਰ ਉੱਤੇ ਫੇਰਿਆ ਸੀ, ਨਾ ਮੈਨੂੰ ਕੱਪੜੇ ਸਿਊਣ ਵਾਲ਼ੀ ਉਹ ਮਸ਼ੀਨ ਭੁੱਲਦੀ ਜਿਸ ਨੂੰ ਕਮਰੇ ਤੋਂ ਵਿਹੜੇ ਵਿੱਚ ਕੱਢਣ ਸਮੇਂ ਚਾਚਾ ਜੀ ਨੂੰ ਪੁਲੀਸ ਨੇ ਘਰ ਵਿੱਚ ਛਾਪਾ ਮਾਰ ਕੇ ਫੜ ਲਿਆ ਸੀ, ਨਾ ਮੈਨੂੰ ਉਹ ਡੀ.ਸੀ.ਐੱਮ ਟਰੱਕ ਭੁੱਲਦਾ ਜਿਸ ਵਿੱਚ ਚਾਚਾ ਜੀ ਨੂੰ ਬਿਠਾ ਕੇ ਲੈ ਗਏ ਸਨ, ਨਾ ਮੈਨੂੰ ਕੰਗ ਪਿੰਡ ਦੀ ਪੁਲੀਸ ਚੌਂਕੀ ਭੁੱਲਦੀ ਜਿੱਥੇ ਮੇਰੇ ਪਾਪਾ ਤੇ ਦਾਦੀ ਜੀ ਪੁਲਿਸ ਅੱਗੇ ਸ਼ੀਰੇ ਨੂੰ ਛੁਡਾਉਣ ਲਈ ਹਾੜੇ ਕੱਢਦੇ ਸਨ, ਨਾ ਬਾਠ ਪਿੰਡ ਦੀ ਉਹ ਭੁੱਲਰ ਵਾਲ਼ੀ ਨਹਿਰ ਭੁੱਲਦੀ ਜਿੱਥੇ ਉਹਨਾਂ ਦਾ ਝੂਠਾ ਮੁਕਾਬਲਾ ਬਣਾਇਆ ਗਿਆ ਸੀ, ਨਾ ਮੈਨੂੰ ਅਜੀਤ ਸੰਧੂ ਭੁੱਲਦਾ ਤੇ ਨਾ ਮੈਨੂੰ ਗੁਲਜਾਰ ਚੰਦ ਭੁੱਲਦਾ ਜਿਸ ਨੇ ਚਾਚਾ ਜੀ ਨੂੰ ਤਸੀਹੇ ਦਿੱਤੇ ਤੇ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਨਾ ਮੈਨੂੰ ਉਹ ਬੋਲ ਭੁੱਲਦੇ ਨੇ ਜੋ ਮੇਰੇ ਜਨਮ ਸਮੇਂ ਚਾਚਾ ਜੀ ਨੇ ਕਹੇ ਸਨ ਕਿ "ਆ ਗਿਆ ਮੇਰੇ ਵੰਡੇ ਦਾ ਰਣਜੀਤ ਸਿੰਘ, ਹੁਣ ਮੈਂ ਸ਼ਹੀਦੀ ਪਾ ਜਾਣੀ ਏਂ।"
ਮੈਂ ਜਦ ਵੀ ਹਰੀਕੇ ਦਰਿਆ ਉੱਤੋਂ ਦੀ ਲੰਘਦਾ ਹਾਂ ਤਾਂ ਮੈਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਯਾਦ ਆ ਜਾਂਦੀ ਹੈ ਤੇ ਉਸ ਪਾਣੀ ਵੱਲ ਵੇਖ ਕੇ ਭਾਈ ਖਾਲੜਾ ਤੇ ਹੋਰ ਅਨੇਕਾਂ ਨੌਜਵਾਨ ਦਿਸਦੇ ਮਹਿਸੂਸ ਹੁੰਦੇ ਨੇ। ਤੇ ਭਾਈ ਖਾਲੜਾ ਦੇ ਬੋਲ ਯਾਦ ਆਉਂਦੇ ਨੇ ਕਿ “ਸਾਨੂੰ ਮਾਰ ਕੇ ਵੀ ਹੁਣ ਪੁਲਿਸ ਆਪਣੇ ਗ਼ੁਨਾਹਾਂ 'ਤੇ ਪਰਦਾ ਨਹੀਂ ਪਾ ਸਕਦੀ, ਸੱਚ ਨਹੀਂ ਦਬਾ ਸਕਦੀ।” “ਜਿੱਥੇ ਗੁਰੂ ਤੋਂ ਦੁੱਧ ਮੰਗਦੇ ਹੋ, ਪੁੱਤ ਮੰਗਦੇ ਹੋ, ਓਥੇ ਸ਼ਹਾਦਤ ਦੀ ਦਾਤ ਵੀ ਮੰਗਿਆ ਕਰੋ ਕਿਉਂਕਿ ਗੁਰੂ, ਗੱਦੀ ਤਾਂ ਕਿਸੇ ਨੂੰ ਹੁਣ ਦਿੰਦਾ ਨਹੀਂ ਪਰ ਇਕ ਚੀਜ਼ ਹੈ ਜੋ ਗੁਰੂ ਹਰ ਸਿੱਖ ਨੂੰ ਦਿੰਦਾ ਹੈ ਉਹ ਹੈ ਸ਼ਹੀਦੀ ਦੀ ਦਾਤ, ਸਿੱਖ ਇਤਿਹਾਸ ਵਿੱਚ ਜੇਕਰ ਗੁਰੂ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਸਤਿਕਾਰ ਕਿਸੇ ਦਾ ਕੀਤਾ ਜਾਂਦਾ ਹੈ ਤਾਂ ਉਹ ਸ਼ਹੀਦਾਂ ਦਾ ਹੈ।” “ਖ਼ਾਲਸਾ ਦੁਨੀਆਂ ਦੇ ਲੋਕਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਸਾਜਿਆ ਗਿਆ ਸੀ ਪਰ ਅੱਜ ਜੇਕਰ ਅਸੀਂ ਆਪਣੇ ਹੀ ਹੱਕਾਂ ਦੀ ਰਾਖੀ ਨਾ ਕਰ ਸਕੇ ਤਾਂ ਕਿਸੇ ਹੋਰ ਦਾ ਕੀ ਸਵਾਰ ਦੇਵਾਂਗੇ ? ਇਸ ਕਰਕੇ ਗੁਰੂ ਪਾਸ ਅਰਦਾਸ ਕਰੋ ਕਿ ਸਾਨੂੰ ਜਿਸ ਕੰਮ ਲਈ ਸਾਜਿਆ ਗਿਆ ਸੀ ਉਸ ਉੱਤੇ ਕਾਇਮ ਰਹੀਏ।"
ਭਾਵੇਂ ਕਿ ਭਾਈ ਖਾਲੜਾ ਤੇ ਮੇਰੇ ਚਾਚਾ ਜੀ ਸ਼ਹੀਦ ਹੋ ਗਏ ਹਨ, ਪਰ ਸ਼ਹੀਦ ਕਦੇ ਮਰਦੇ ਨਹੀਂ, ਉਹ ਸਦਾ ਅਮਰ ਰਹਿੰਦੇ ਨੇ। ਉਹਨਾਂ ਨੂੰ ਸ਼ਹੀਦ ਕਰਨ ਵਾਲ਼ਾ ਅਜੀਤ ਸੰਧੂ ਖ਼ੁਦਕੁਸ਼ੀ ਕਰਕੇ ਮਰਿਆ ਤੇ ਕੇ.ਪੀ.ਐੱਸ. ਗਿੱਲ ਬਿਮਾਰੀ ਨਾਲ਼ ਅੱਡੀਆਂ ਰਗੜ-ਰਗੜ ਕੇ ਮਰਿਆ ਤੇ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਜੁਝਾਰੂ ਸਿੰਘਾਂ ਨੇ ਬੰਬ ਨਾਲ਼ ਉਡਾ ਦਿੱਤਾ ਸੀ। ਕਾਨੂੰਨੀ ਪੱਖ ਤੋਂ ਲੰਬੀ ਲੜਾਈ ਲੜਨ ਤੋਂ ਬਾਅਦ ਕੁਝ ਪੁਲਸੀਆਂ ਨੂੰ ਸਜ਼ਾਵਾਂ ਹੋਈਆਂ ਤੇ ਕੁਝ ਸ਼ਹੀਦਾਂ ਦੀਆਂ ਰੂਹਾਂ ਤੋਂ ਡਰਦੇ ਰਾਤਾਂ ਨੂੰ ਉੱਠ-ਉੱਠ ਕੇ ਚੀਕਾਂ ਮਾਰਦੇ ਰਹੇ ਸਨ।
ਅਖ਼ੀਰ 'ਤੇ ਬੇਨਤੀ ਕਰਾਂਗਾ ਕਿ ਮਰਨਾ ਤਾਂ ਸਭ ਨੇ ਹੈ, ਪਰ ਆਪਾਂ ਭਾਈ ਖਾਲੜਾ ਵਾਂਗ ਪੰਥ ਤੇ ਪੰਜਾਬ ਲਈ ਕੁਝ ਕਰਕੇ ਫ਼ਤਹਿ ਦੇ ਜੈਕਾਰੇ ਗਜਾਉਂਦੇ ਹੋਏ ਇਸ ਸੰਸਾਰ ਤੋਂ ਜਾਈਏ ਕਿ ਸਦਾ ਗੂੰਜ ਪੈਂਦੀ ਰਹੇ। ਸ਼ਹੀਦਾਂ ਦੇ ਕੌਮੀ ਨਿਸ਼ਾਨੇ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੋਈਏ। ਭਾਈ ਖਾਲੜਾ ਜੀ ਨੇ ਪੱਚੀ ਹਜ਼ਾਰ ਲਾਵਾਰਿਸ ਲਾਸ਼ਾਂ ਦਾ ਮੁੱਦਾ ਚੁੱਕਿਆ, ਇਨਸਾਫ਼ ਲਈ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕੀਤੀ ਤੇ ਸਰਕਾਰੀ ਦਹਿਸ਼ਤਗਰਦੀ ਨੂੰ ਡਟ ਕੇ ਵੰਗਾਰਿਆ ਤੇ ਇੱਕ ਸੱਚੇ ਸਿੱਖ ਹੋਣ ਦਾ ਫਰਜ ਨਿਭਾਇਆ, ਉਹ ਸਿੱਖ ਸੰਘਰਸ਼ ਦੇ ਨਾਇਕ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਸਨ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸੋਚ, ਸੰਘਰਸ਼, ਕੁਰਬਾਨੀ, ਘਾਲਣਾ ਤੇ ਸ਼ਹਾਦਤ ਨੂੰ ਪ੍ਰਣਾਮ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.