ਹਲਕਾ ਫਿਲੌਰ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

ਹਲਕਾ ਫਿਲੌਰ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ

ਆਪ" ਦੇ ਬਲਾਕ ਪ੍ਰਧਾਨ ਰਹੇ ਪ੍ਰੋ. ਕ੍ਰਾਂਤੀ ਕੁਮਾਰ ਅਤੇ ਸਰਪੰਚ ਲਵਦੀਪ ਕੌਰ ਸੈਂਕੜੇ ਸਾਥੀਆਂ ਸਮੇਤ 'ਹਾਥੀ' 'ਤੇ ਹੋਏ ਸਵਾਰ

ਪੰਜਾਬ ਨੂੰ ਸੰਭਾਲਣ ਲਈ ਬਹੁਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਹੇਠ ਇੱਕਜੁੱਟ ਹੋਣ ਪੰਜਾਬ ਹਿਤੈਸ਼ੀ-ਡਾ. ਅਵਤਾਰ ਸਿੰਘ ਕਰੀਮਪੁਰੀ

ਬਸਪਾ ਵਿੱਚ ਆਏ ਹਰ ਆਗੂ ਅਤੇ ਵਰਕਰ ਨੂੰ ਮਿਲੇਗਾ ਪੂਰਾ ਮਾਣ-ਸਤਿਕਾਰ

ਅੱਪਰਾ,8 ਅਗਸਤ (ਤੀਰਥ ਸਿੰਘ ਮੈਂਗੜ੍ਹਾ)-ਹਲਕਾ ਫਿਲੌਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ, ਜਦੋਂ 'ਆਪ' ਦੇ ਬਲਾਕ ਪ੍ਰਧਾਨ ਰਹੇ ਪ੍ਰੋਫੈਸਰ ਕ੍ਰਾਂਤੀ ਕੁਮਾਰ ਅਤੇ ਮੌਜੂਦਾ ਸਰਪੰਚ ਸ਼੍ਰੀਮਤੀ ਲਵਦੀਪ ਕੌਰ ਆਪਣੀ ਪੂਰੀ ਪੰਚਾਇਤ ਅਤੇ ਸੈਂਕੜੇ ਸਾਥੀਆਂ ਸਮੇਤ 'ਆਪ' ਦਾ ਪੱਲਾ ਛੱਡ ਕੇ ਬਹੁਜਨ ਸਮਾਜ ਪਾਰਟੀ (ਬਸਪਾ) ਵਿੱਚ ਸ਼ਾਮਲ ਹੋ ਗਏ। ਬਸਪਾ ਦੇ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਸ਼ਾਮਲ ਹੋਏ ਸਾਰੇ ਆਗੂਆਂ ਅਤੇ ਪੰਚਾਇਤ ਮੈਂਬਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ ਗਿਆ।


ਬਸਪਾ ਵਿੱਚ ਸ਼ਾਮਲ ਹੋਣ ਵਾਲੀਆਂ ਮੁੱਖ ਸ਼ਖਸੀਅਤਾਂ ਵਿੱਚ ਪ੍ਰੋ. ਕ੍ਰਾਂਤੀ ਕੁਮਾਰ (ਸਾਬਕਾ ਬਲਾਕ ਪ੍ਰਧਾਨ), ਸ਼੍ਰੀਮਤੀ ਲਵਦੀਪ ਕੌਰ (ਮੌਜੂਦਾ ਸਰਪੰਚ), ਸੋਹਣ ਲਾਲ (ਸਾਬਕਾ ਸਰਪੰਚ), ਸੁਖਵਿੰਦਰ ਸਿੰਘ (ਪੰਚ), ਰਛਪਾਲ ਸਿੰਘ (ਪੰਚ), ਲੈਹਂਬਰ ਰਾਮ, ਸੱਤਪਾਲ,ਵਿਜੇ ਕੁਮਾਰ, ਪਰਮਜੀਤ ਪੰਮੀ, ਹਰਬੰਸ ਲਾਲ, ਸਤਪਾਲ ਅਤੇ ਬੂਟਾ ਰਾਮ ਆਦਿ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ।
ਇਸ ਮੌਕੇ ਬੋਲਦਿਆਂ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ 'ਪੰਜਾਬ ਸੰਭਾਲੋ ਅਭਿਆਨ' ਦਾ ਜ਼ਿਕਰ ਕਰਦਿਆਂ ਇੱਕ ਵੱਡਾ ਅਤੇ ਸਪੱਸ਼ਟ ਸੁਨੇਹਾ ਦਿੱਤਾ। ਉਨ੍ਹਾਂ ਕਿਹਾ, "ਅੱਜ ਪੰਜਾਬ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ। ਮੌਜੂਦਾ ਸਰਕਾਰ ਦੇ ਝੂਠੇ ਦਾਅਵਿਆਂ ਅਤੇ ਵਾਅਦਿਆਂ ਤੋਂ ਪੰਜਾਬ ਦੇ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਪੰਜਾਬ ਨੂੰ ਬਚਾਉਣ ਅਤੇ ਮਜ਼ਬੂਤ ਕਰਨ ਲਈ ਹੁਣ ਸਮਾਂ ਆ ਗਿਆ ਹੈ ਕਿ ਸੂਬੇ ਦੇ ਲੋਕ ਬਹੁਜਨ ਸਮਾਜ ਪਾਰਟੀ ਦੇ ਝੰਡੇ ਹੇਠ ਇਕੱਠੇ ਹੋਣ।"


ਡਾ. ਕਰੀਮਪੁਰੀ ਨੇ ਵਿਸ਼ਵਾਸ ਦਿਵਾਇਆ ਕਿ ਪ੍ਰੋ. ਕ੍ਰਾਂਤੀ ਕੁਮਾਰ, ਸਰਪੰਚ ਲਵਦੀਪ ਕੌਰ, ਨਗਰ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਦੀਆਂ ਸੰਗਤਾਂ ਨੂੰ ਬਹੁਜਨ ਸਮਾਜ ਪਾਰਟੀ ਵਿੱਚ ਬਣਦਾ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਦੇ ਆਉਣ ਨਾਲ ਫਿਲੌਰ ਹਲਕੇ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਵਿੱਚ ਪਾਰਟੀ ਹੋਰ ਮਜ਼ਬੂਤ ਹੋਵੇਗੀ।
ਬਸਪਾ ਵਿੱਚ ਸ਼ਾਮਲ ਹੋਏ ਆਗੂਆਂ ਨੇ ਆਖਿਆ ਕਿ ਉਹ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਸੋਚ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਫੈਸਲਾ ਲੈ ਰਹੇ ਹਨ ਅਤੇ ਪੰਜਾਬ ਨੂੰ ਮੁੜ ਖੁਸ਼ਹਾਲ ਬਣਾਉਣ ਲਈ 'ਪੰਜਾਬ ਸੰਭਾਲੋ' ਮਹਿਮ ਵਿੱਚ ਦਿਨ-ਰਾਤ ਇੱਕ ਕਰਕੇ ਕੰਮ ਕਰਨਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.