ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਦਿਮਾਗੀ ਸਿਹਤ ,ਘਰੇਲੂ ਹਿੰਸਾ ਤੇ ਜਾਗਰੂਕਤਾ ਸੈਮੀਨਾਰ ਕਰਵਾਇਆ
- ਅੰਤਰਰਾਸ਼ਟਰੀ
- 15 Jun, 2026 05:12 AM (Asia/Kolkata)
ਗੁਰਬਾਣੀ ਨੂੰ ਜੀਵਨ ਦਾ ਅਧਾਰ ਬਣਾਏ ਬਿਨਾਂ ਮਾਨਸਿਕ ਤਣਾਅ ,ਨਸ਼ਿਆਂ ,ਘਰੇਲੂ ਹਿੰਸਾ ਤੋਂ ਮੁਕਤ ਹੋਣਾ ਅਸੰਭਵ - ਡਾ. ਸੁਖਪ੍ਰੀਤ ਸਿੰਘ ਉਦੋਕੇ
ਨਿਊਜ਼ੀਲੈਂਡ ,ਆਕਲੈਂਡ - ( ਤਰਨਜੋਤ ਸਿੰਘ ) ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਵੂਮੈਨ ਕੇਅਰ ਟ੍ਰਸਟ ,ਐਨ ਜ਼ੈਡ ਸਿੱਖ ਵੂਮੈਨ ਐਸੋਸੀਏਸ਼ਨ ,ਸਹਾਇਤਾ ਅਤੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਦੇ ਸਿਹਯੋਗ ਨਾਲ ਦਿਮਾਗੀ ਸਿਹਤ ਅਤੇ ਘਰੇਲੂ ਹਿੰਸਾ ਵਿਸ਼ੇ ਤੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਸਥਾਨਕ ਬਰੂਸ ਪੁਲਮਨ ਪਾਰਕ ਵਿਖੇ ਕਰਵਾਏ ਇਸ ਜਾਗਰੂਕਤਾ ਸੈਮੀਨਾਰ ਵਿਚ ਨਿਊਜ਼ੀਲੈਂਡ ਵਿਚ ਪ੍ਰਚਾਰ ਦੌਰੇ ਤੇ ਆਏ ਉਘੇ ਸਿੱਖ ਚਿੰਤਕ,ਸਕਾਲਰ,ਫਿਲਾਸਫਰ ਅਤੇ ਮੋਟੀਵੇਸ਼ਨਲ ਸਪੀਕਰ ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਗੁਰਬਾਣੀ ਦੇ ਚਾਨਣ ਵਿੱਚ ਵਿਦੇਸ਼ੀ ਧਰਤੀ ਤੇ ਰਹਿੰਦੀਆਂ ਆ ਰਹੀਆਂ ਚੁਣੌਤੀਆਂ ਨਾਲ ਕਿਵੇਂ ਨਜਿਠਿਆ ਜਾ ਸਕਦਾ ਹੈ ਤੇ ਵਿਸਥਾਰ ਚਰਚਾ ਕਰਦਿਆਂ ਕਿਹਾ ਕਿ ਗੁਰਬਾਣੀ ਨੂੰ ਜੀਵਨ ਦਾ ਅਧਾਰ ਬਣਾਏ ਬਿਨਾਂ ਮਾਨਸਿਕ ਤਣਾਅ ,ਨਸ਼ਿਆਂ ,ਘਰੇਲੂ ਹਿੰਸਾ ਤੋਂ ਮੁਕਤ ਹੋਣਾ ਅਸੰਭਵ ਜਾਪਦਾ ਹੈ ।

ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਦੇ ਤੀਰਥ ਸਿੰਘ ਅਟਵਾਲ ਨੇ ਡਾ ਉਦੋਕੇ ਨੂੰ ਜੀ ਆਇਆਂ ਕਹਿੰਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਂ ਸਮਝਦਾ ਹਨ ਕਿ ਮਨੁੱਖ ਵਿਚ ਸ਼ਹਿਣਸ਼ੀਲਤਾ ਦੇ ਘਟਣ ਕਰਕੇ ਘਰੇਲੂ ਹਿੰਸਾਂ ਵਰਗੀਆਂ ਘਟਨਾਵਾਂ ਜਨਮ ਲੈਂਦੀਆਂ ਹਨ ਇਸ ਲਈ ਇਸ ਵਿਸ਼ੇ ਤੇ ਗੱਲ ਕਰਨੀ ਸਮੇਂ ਦੀ ਲੋੜ ਬਣ ਗਈ ਹੈ।
ਸੁਪਰੀਮ ਸਿੱਖ ਸੁਸਾਇਟੀ ਵਲੋਂ ਦਲਜੀਤ ਸਿੰਘ ਹੁਰਾਂ ਨੇ ਵੀ ਲਗਾਤਾਰ ਘਰੇਲੂ ਹਿੰਸਾ ਦੇ ਵੱਧ ਰਹੇ ਪ੍ਰਭਾਵ ਤੇ ਚਿੰਤਾ ਪ੍ਰਗਟਾਉਂਦਿਆਂ ਕੁਝ ਤਜੁਰਬੇ ਸਾਂਝੇ ਕੀਤੇ ਉਹਨਾਂ ਨਸ਼ਿਆਂ ਨੂੰ ਵੀ ਇਸ ਵਰਤਾਰੇ ਲਈ ਜਿੰਮੇਵਾਰ ਠਹਿਰਾਉਂਦਿਆਂ ਸਮੁਚੇ ਭਾਰਤੀ ਅਤੇ ਖਾਸ ਕਰ ਪੰਜਾਬੀ ਪਰਿਵਾਰਾਂ ਤੋਂ ਸਾਥ ਦੀ ਮੰਗ ਕੀਤੀ ਤਾਂ ਜੋ ਭਵਿੱਖ ਨੂੰ ਬਚਾਇਆ ਜਾ ਸਕੇ।
ਸੈਮੀਨਾਰ ਦਾ ਮੰਚ ਸੰਚਾਲਨ ਕਰ ਰਹੇ ਰਾਜਵਿੰਦਰ ਕੋਰ ਨੇ ਡਾ. ਸੁਖਪ੍ਰੀਤ ਸਿੰਘ ਉਦੋਕੇ ਨੂੰ ਮੰਚ ਤੇ ਸਦਾ ਦਿੰਦਿਆਂ ਕਿਹਾ ਕਿ ਸਿੰਗਲ ਮਾਂ ਅਤੇ ਤਲਾਕ ਸਾਡੇ ਸਿੱਖ ਧਰਮ ਦਾ ਹਿੱਸਾ ਨਹੀਂ ਸਨ ਪਰ ਅਸੀਂ ਵਿਦੇਸ਼ੀ ਧਰਤੀ ਤੇ ਤਰੱਕੀ ਦੇ ਨਾਲ ਇਹ ਅਲਾਮਤਾਂ ਵੀ ਸਿੱਖ ਲਈਆਂ ਜੋ ਹੁਣ ਸਾਨੂੰ ਪ੍ਰੇਸ਼ਾਨ ਕਰ ਰਹੀਆਂ ਹਨ ਜਿਸ ਦੇ ਠੋਸ ਹੱਲ ਲਈ ਅਸੀਂ ਅੱਜ ਇਥੇ ਇਕੱਤਰ ਹੋਏ ਹਾਂ।

ਡਾ. ਸੁਖਪ੍ਰੀਤ ਸਿੰਘ ਉਦੋਕੇ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਨੁੱਖ ਭਾਵੇਂ ਬੰਦਾ ਤੇ ਭਾਵੇਂ ਔਰਤ ਜਿਹਨਾਂ ਨਸ਼ਿਆਂ ਨੂੰ ਆਪਣੀ ਮੁਸੀਬਤ ਦਾ ਹਲ ਸਮਝਕੇ ਵਰਤਣਾ ਸ਼ੁਰੂ ਕੀਤਾ ਪਰ ਸਿੱਖ ਧਰਮ ਨੇ ਸਭ ਤੋਂ ਪਹਿਲਾਂ ਤਮਾਕੂ ਦੀ ਵਰਤੋਂ ਨੂੰ ਜਗਤ ਜੂਠ ਵਜੋਂ ਐਲਾਨਿਆ ਸੀ , ਜਦਕਿ ਗੁਰੂ ਸਾਹਿਬ ਦਾ ਨਿਰਣਾ ਹੈ ਕਿ ਜੀਵਨ ਵਿਚ ਗੁਰਬਾਣੀ ਨੂੰ ਆਧਾਰ ਬਣਾ ਕੇ ਜੀਵਾਂਗੇ ਤਾਂ ਜਿੰਦਗੀ ਸੁਖਾਲੀ ਹੋ ਜਾਵੇਗੀ।
ਉਹਨਾਂ ਕਿਹਾ ਕਿ ਗੁਰੂ ਸਾਹਿਬ ਨੇ ਸਿੱਖ ਧਰਮ ਦਾ ਮੁੱਢ ਬੰਨਿਆ ਸੀ ਕਿ ਹੋਰ ਧਰਮਾਂ ਦੇ ਲੋਕ ਇਸ ਤੋਂ ਸਿਖਿਆ ਲੈਣ ਪਰ ਬਦਕਿਸਮਤੀ ਹੈ ਕਿ ਸਾਨੂੰ ਅੱਜ ਹੋਰਨਾਂ ਕੋਲੋਂ ਉਦਾਹਰਣਾਂ ਲੈ ਕੇ ਸਮਝਾਉਣਾ ਪੈ ਰਿਹਾ ਜਿਸ ਤਰ੍ਹਾਂ ਯੂਹਦੀਆਂ ਵਿਚ ਪ੍ਰਚਲਤ ਹੈ ਕਿ ਜੇਕਰ ਉਹਨਾਂ ਦੇ ਘਰ ਕੋਈ ਔਰਤ ਗਰਭਵਤੀ ਹੈ ਤਾਂ ਉਸ ਘਰ ਵਿਚ ਕੋਈ ਵੀ ਸਿਗਰਟਨੋਸ਼ੀ ਕਰਨ ਵਾਲਾ ਮਨੁੱਖ ਨਹੀਂ ਜਾ ਸਕਦਾ ਕਿਓਂਕਿ ਉਹ ਆਪਣੇ ਆਉਣ ਵਾਲੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਾਇ ਚਿੰਤਿਤ ਹਨ ਜਦਕਿ ਸਾਡੇ ਸਮਾਜ ਵਿੱਚ ਇਸ ਖੁਸ਼ੀ ਦੇ ਮਿਲਦੀਆਂ ਹੀ ਨਸ਼ੇ ਦੇ ਡਟ ਖੁਲ ਜਾਂਦੇ ਹਨ ਜਿਸਦਾ ਕਾਰਨ ਹੈ ਕਿ ਅਸੀਂ ਗੁਰੂ ਨਾਲੋਂ ਟੁੱਟ ਗਏ ਹਾਂ ਅਤੇ ਖੁਆਰ ਹੋ ਰਹੇ ਹਾਂ।
ਡਾ.ਉਦੋਕੇ ਨੇ ਕਿਹਾ ਕਿ ਨਸ਼ੇ ਦੀ ਮਨਾਹੀ ਹਰੇਕ ਧਰਮ ਦੇ ਧਰਮ ਗ੍ਰੰਥ ਵਿਚ ਹੈ ਪਰ ਕੋਈ ਵੀ ਧਰਮ ਨੂੰ ਜਾਨਣਾ ਨਹੀਂ ਚਾਹੁੰਦਾ ਪਰ ਮਾਨਣਾ ਚਾਹੁੰਦਾ ਹੈ ਜੋ ਕਿ ਬਿਨਾਂ ਸਮਝਿਆਂ ਅਸੰਭਵ ਹੈ
ਉਹਨਾਂ ਅੱਗੇ ਕਿਹਾ ਕਿ ਸਾਡੇ ਜੀਵਨ ਦਾ ਪਵਿੱਤਰ ਅੰਗ ਆਨੰਦ ਕਾਰਜ ਮਹਿਜ ਇਕ ਦੁਨਿਆਵੀ ਰਸਮ ਬਣ ਕੇ ਰਹਿ ਗਈ ਹੈ ਜਦਕਿ ਆਨੰਦ ਕਾਰਜ ਦੀਆਂ ਚਾਰ ਲਾਵਾਂ ਸਾਨੂੰ ਗ੍ਰਹਿਸਥ ਜੀਵਨ ਨੂੰ ਕਿਵੇਂ ਜਿਓਣਾ ਹੈ ਬਾਰੇ ਸਾਫ ਸਮਝਾਉਂਦੀਆਂ ਹਨ ਇਸ ਲਈ ਸਾਰਿਆਂ ਨੂੰ ਇਕ ਵਾਰ ਚਾਰ ਲਾਵਾਂ ਦੇ ਆਖਰੀ ਅਰਥ ਜਰੂਰ ਪੜ੍ਹ ਲੈਣੇ ਚਾਹੀਦੇ ਹਨ ਜਿਸ ਨਾਲ ਘਰੇਲੂ ਹਿੰਸਾ ਵਰਗੀ ਨਾਮੁਰਾਦ ਬਿਮਾਰੀ ਜਨਮ ਹੀ ਨਹੀਂ ਲੈ ਸਕੇਗੀ ਅਤੇ ਸਦਾ ਭਿਵੱਖ ਬਹੁਤ ਸੁਨਿਹਰੀ ਹੋਵੇਗਾ।
ਉਹਨਾਂ ਕਿਹਾ ਕਿ ਇਹ ਮੁਸ਼ਕਿਲਾਂ ਸਿਰਫ ਵਿਦੇਸ਼ੀ ਧਰਤੀ ਤੇ ਹੀ ਨਹੀਂ ਹਨ ਇਸ ਲਈ ਘਬਰਾਉਣ ਦੀ ਥਾਂ ਇਸ ਨਾਲ ਕਿਵੇਂ ਨਜਿਠਿਆ ਜਾ ਸਕਦਾ ਉਸ ਵੱਲ ਧਿਆਨ ਦੇਣਾ ਜਿਆਦਾ ਜਰੂਰੀ ਹੈ ਤਾਂ ਜੋ ਅਸੀਂ ਪਰਿਵਾਰ ਦੇ ਨਾਲ ਨਾਲ ਆਪਣੇ ਭਵਿੱਖ ਨੂੰ ਵੀ ਸੁਰਖਿਅਤ ਰੱਖ ਸਕੀਏ।
ਅਖੀਰ ਵਿੱਚ ਮੰਚ ਸੰਚਾਲਕ ਰਾਜਵਿੰਦਰ ਕੌਰ ਨੇ ਸੈਮੀਨਾਰ ਵਿਚ ਹਾਜ਼ਰੀਨ ਅਤੇ ਸਹਿਯੋਗੀਆਂ ਦਾ ਕਲੱਬ ਵੱਲੋਂ ਧੰਨਵਾਦ ਕੀਤਾ ਅਤੇ ਸਾਂਝੇ ਰੂਪ ਵਿੱਚ ਡਾ.ਸੁਖਪ੍ਰੀਤ ਸਿੰਘ ਉਦੋਕੇ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
Leave a Reply