ਗੁਰੂ ਅਰਜਨ ਦੇਵ ਖਾਲਸਾ ਕਾਲਜ 'ਚ ਮਨਾਇਆ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ
- ਸਿੱਖਿਆ/ਵਿਗਿਆਨ
- 24 Feb, 2026 12:14 PM (Asia/Kolkata)
ਉੱਘੀ ਕਵਿਤਰੀ ਡਾ.ਕਵਲਜੀਤ ਕੌਰ ਨੇ ਕੀਤੀ ਵਿਸ਼ੇਸ਼ ਤੌਰ 'ਤੇ ਸਿਰਕਤ
ਕਵਿਤਾ ਤੇ ਭਾਸ਼ਣ ਰਾਹੀਂ ਮਾਂ ਬੋਲੀ ਦੀ ਮਹੱਤਤਾ ਬਾਰੇ ਕਰਵਾਇਆ ਜਾਣੂੰ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਫਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਵਿਖੇ ਪ੍ਰਿੰਸੀਪਲ ਡਾ.ਹਰਮਨਦੀਪ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ ਗਿਆ।ਜਿਸ ਵਿੱਚ ਉੱਘੀ ਕਵਿਤਰੀ ਡਾ.ਕਵਲਜੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।ਕਾਲਜ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ.ਜਤਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਬੁੱਕੇ ਦੇ ਕੇ ਅਤੇ ਸ਼ਬਦੀ ਜੀ ਆਇਆ ਆਖਦਿਆਂ ਹੋਇਆਂ ਡਾ.ਕਵਲਜੀਤ ਕੌਰ ਦੀ ਸ਼ਖਸ਼ੀਅਤ ਬਾਰੇ ਵਿਦਿਆਰਥੀਆਂ ਨਾਲ ਜਾਣ ਪਛਾਣ ਕਰਾਈ।ਪੰਜਾਬੀ ਮਾਂ ਬੋਲੀ ਦੀ ਸਾਡੇ ਜੀਵਨ ਵਿੱਚ ਅਹਿਮੀਅਤ ਬਾਰੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ: ਅਮਨਦੀਪ ਕੌਰ ਦੁਆਰਾ ਬਾਖੂਬੀ ਨਿਭਾਈ ਗਈ।ਕਾਲਜ ਦੀਆਂ ਵਿਦਿਆਰਥਣਾਂ ਸਿਮਰਜੀਤ ਕੌਰ, ਨਵਪ੍ਰੀਤ ਕੌਰ ਅਤੇ ਮਨਜਿੰਦਰ ਕੌਰ ਨੇ ਆਪਣੇ ਕਵਿਤਾ ਤੇ ਭਾਸ਼ਣ ਰਾਹੀਂ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ। ਕਾਲਜ ਦੇ ਪ੍ਰੋ:ਸੰਦੀਪ ਕੌਰ ਨੇ ਪੰਜਾਬੀ ਦੇ ਸ਼ੁੱਧ ਸ਼ਬਦਾਂ ਦਾ ਕਵਿਤਾ ਦੇ ਰਾਹੀਂ ਬਿਆਨ ਕਰਦੇ ਹੋਏ ਆਪਣੇ ਵਿਰਸੇ ਦੀ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ਮੁੱਖ ਮਹਿਮਾਨ ਡਾ.ਕਵਲਜੀਤ ਕੌਰ ਨੇ ਦੱਸਿਆ ਕਿ ਕਿਵੇਂ ਪੰਜਾਬੀ ਮਾਂ ਬੋਲੀ ਸਦਕਾ ਉਹਨਾਂ ਆਪਣੇ ਜੀਵਨ ਵਿੱਚ ਤਰੱਕੀ ਕੀਤੀ।ਉਹਨਾਂ ਨੇ ਆਪਣੇ ਨਿੱਜੀ ਜੀਵਨ ਦੀਆਂ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਜੁੜਨ ਲਈ ਉਤਸਾਹਿਤ ਕੀਤਾ। ਉਹਨਾਂ ਨੇ ਆਪਣੇ ਵਿਦਿਆਰਥੀ ਜੀਵਨ ਤੋਂ ਲੈ ਕੇ ਇੱਕ ਸਫਲ ਕਵਿਤਰੀ ਬਣਨ ਤੱਕ ਦਾ ਸਫਰ ਕਿਵੇਂ ਤੈਅ ਕੀਤਾ,ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ,ਜਦ ਅਸੀਂ ਕਿਸੇ ਮੁਕਾਮ ਨੂੰ ਹਾਸਿਲ ਕਰਨਾ ਹੁੰਦਾ ਤਾਂ ਬਹੁਤ ਸਾਰੀਆਂ ਔਕੜਾਂ ਸਾਡੇ ਜੀਵਨ ਵਿੱਚ ਆਉਂਦੀਆਂ ਹਨ ਪਰ ਸਾਨੂੰ ਕਿਵੇਂ ਦ੍ਰਿੜਤਾ ਤੇ ਵਿਸ਼ਵਾਸ ਨਾਲ ਆਪਣੀ ਮੰਜ਼ਿਲ ਵੱਲ ਵਧਦੇ ਰਹਿਣਾ ਚਾਹੀਦਾ ਹੈ ਤਾਂ ਕਿ ਇੱਕ ਦਿਨ ਨਿਸ਼ਚੇ ਹੀ ਸਾਡੀ ਆਪਣੀ ਵੱਖਰੀ ਪਹਿਚਾਣ ਬਣ ਸਕੇ।ਉਹਨਾਂ ਦੱਸਿਆ ਕਿਵੇਂ ਮਾਂ ਬੋਲੀ ਦੇ ਸਦਕਾ ਹੀ ਅੱਜ ਉਹਨਾਂ ਦੀ ਵਿਸ਼ਵ ਪੱਧਰੀ ਪਹਿਚਾਣ ਬਣੀ ਹੈ। ਉਹਨਾਂ ਨੇ ਆਪਣੀ ਪੁਸਤਕ ਲਫਜ਼ਾਂ ਦੀ ਲੋਅ ਵਿੱਚੋਂ ਵਿਦਿਆਰਥੀਆਂ ਨੂੰ ਮਾਂ ਬੋਲੀ ਨਾਲ ਸਬੰਧਤ ਕਵਿਤਾਵਾਂ ਨੂੰ ਗਾਇਨ ਸ਼ੈਲੀ ਵਿੱਚ ਗਾ ਕੇ ਸੁਣਾਇਆ ਤਾਂ ਸਭ ਵਿਦਿਆਰਥੀ ਅਤੇ ਸਰੋਤੇ ਮੰਤਰ ਮੁਗਧ ਹੋ ਗਏ।ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਪੰਜਾਬੀ ਮਾਂ ਬੋਲੀ ਨੂੰ ਅਸੀਂ ਕਿੱਤੇ ਦੇ ਤੌਰ 'ਤੇ ਵੀ ਅਪਣਾ ਸਕਦੇ ਹਾਂ।ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਮਨਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਉਹਨਾਂ ਦੀਆਂ ਦਿੱਤੀਆਂ ਹੋਈਆਂ ਉਦਾਹਰਨਾਂ ਨੂੰ ਵਿਦਿਆਰਥੀਆ ਨੂੰ ਜੀਵਨ ਵਿੱਚ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ।ਜਿਨ੍ਹਾਂ ਵਿਦਿਆਰਥੀਆਂ ਦੁਆਰਾ ਇਸ ਮੌਕੇ ਤੇ ਆਪਣੇ ਹੱਥੀ ਕਲਾ ਕਿਰਤੀਆਂ ਬਣਾ ਕੇ ਪੇਸ਼ ਕੀਤੀਆਂ ਗਈਆਂ ਸੀ ਉਹਨਾਂ ਦੀ ਵਿਸ਼ੇਸ਼ ਸਹਾਰਨਾ ਕੀਤੀ ਗਈ ਤਾਂ ਕਿ ਵਿਦਿਆਰਥੀ ਹੋਰ ਉਤਸਾਹਿਤ ਹੋ ਕੇ ਮਾਂ ਬੋਲੀ ਨਾਲ ਜੁੜ ਸਕਣ।ਅਖੀਰ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕਰਦੇ ਹੋਏ ਆਪਣੇ ਖੂਬਸੂਰਤ ਸ਼ਬਦਾਂ ਨੂੰ ਕਵਿਤਾ ਦਾ ਜਾਮਾ ਪਹਿਨਾ ਕੇ ਸਭ ਦਾ ਧੰਨਵਾਦ ਕਰਦੇ ਹੋਏ ਸਮਾਗਮ ਦੀ ਸਮਾਪਤੀ ਕੀਤੀ।ਇਸ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।
Leave a Reply