ਸਿੱਖ ਬਾਦਸ਼ਾਹੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ
- ਗੁਰਬਾਣੀ-ਇਤਿਹਾਸ
- 02 Jul, 2026 11:34 AM (Asia/Kolkata)
ਸਿੱਖ ਬਾਦਸ਼ਾਹੀ ਦਾ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ
ਸਿੱਖ ਪੰਥ ਦਾ ਸਰਵਉੱਚ ਤਖ਼ਤ ‘ਸ੍ਰੀ ਅਕਾਲ ਤਖ਼ਤ ਸਾਹਿਬ’ ਉਸ ‘ਅਕਾਲ ਪੁਰਖ ਵਾਹਿਗੁਰੂ’ ਦਾ ਤਖ਼ਤ ਹੈ ਜਿਸ ਨੇ ਇਹ ਸ੍ਰਿਸ਼ਟੀ-ਕਾਇਨਾਤ ਸਾਜੀ ਹੈ। ਦਿੱਲੀ ਦਾ ਤਖ਼ਤ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ ਕਿਉਂਕਿ ਦਿੱਲੀ ਦਾ ਤਖ਼ਤ ਗ਼ੁਲਾਮ ਹੈ ਬਾਦਸ਼ਾਹਾਂ ਦਾ ਤੇ ਰਾਜਨੀਤਿਕ ਆਗੂਆਂ ਦਾ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆਂ ਦੇ ਕਿਸੇ ਵੀ ਬਾਦਸ਼ਾਹ ਦੀ ਗ਼ੁਲਾਮੀ ਜਾਂ ਅਧੀਨਗੀ ਨਹੀਂ ਕਬੂਲਦਾ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੀਰੀ-ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਦੇਖ-ਰੇਖ ਹੇਠ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਦੇ ਹੱਥੀਂ ਤਿਆਰ ਕਰਵਾਇਆ ਤੇ ਗੁਰੂ ਪਾਤਸ਼ਾਹ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕਰ ਕੇ ਧਰਮ ਅਤੇ ਰਾਜ ਦਾ ਝੰਡਾ ਬੁਲੰਦ ਕੀਤਾ। ਇਸੇ ਤਖ਼ਤ ਤੋਂ ਨਗਾਰੇ ’ਤੇ ਚੋਟਾਂ ਲੱਗਣੀਆਂ ਸ਼ੁਰੂ ਹੋਈਆਂ ਤੇ ਢਾਡੀ ਵਾਰਾਂ ਸੁਣ ਕੇ ਸਿੱਖ ਜਗਤ ’ਚ ਕਈ ਸੂਰਬੀਰ ਪੈਦਾ ਹੋਏ। ਇਸ ਤਖ਼ਤ ਤੋਂ ਪ੍ਰੇਰਨਾ ਤੇ ਸ਼ਕਤੀ ਲੈ ਕੇ ਸਿੱਖਾਂ ਨੇ ਮੁਗਲੀਆ ਸਲਤਨਤ ਦਾ ਬਾਜ਼ ਕੈਦ ਕੀਤਾ ਤੇ ਐਲਾਨ ਕੀਤਾ ਕਿ "ਬਾਜ਼ ਤਾਜ ਤਿਨ ਤੇ ਸਭ ਲੈਨਾ।" ਤੇ ਇਸ ਤਖ਼ਤ ਦੇ ਬਾਨੀ ਸਤਿਗੁਰਾਂ ਨੇ ਮੁਗਲ ਹਕੂਮਤ ਨਾਲ਼ ਚਾਰ ਜੰਗ ਕੀਤੇ ਤੇ ਸ਼ਾਨਦਾਰ ਫ਼ਤਹਿ ਹਾਸਲ ਕੀਤੀ। ਇਸ ਤਖ਼ਤ ਦੇ ਅੱਗੇ ਬਾਦਸ਼ਾਹ ਜਹਾਂਗੀਰ ਤੇ ਜ਼ਕਰੀਆ ਖਾਂ ਵੀ ਝੁਕਿਆ ਤੇ ਆਖ਼ਰ ਖ਼ਾਲਸੇ ਨੂੰ ਨਵਾਬੀ ਪੇਸ਼ ਕੀਤੀ। ਇਤਿਹਾਸ ਗਵਾਹ ਹੈ ਕਿ ਖ਼ਾਲਸੇ ਦਾ ਸਾਰਾ ਸੰਘਰਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਹੀ ਚੱਲਿਆ। ਖ਼ਾਲਸਾ ਜਦੋਂ ਜ਼ਾਲਮ ਜਰਵਾਣਿਆਂ ਨਾਲ ਟੱਕਰਦਾ ਰਿਹਾ ਜਾਂ ਫਿਰ ਕਿਸੇ ਫਰਿਆਦੀ ਮਜ਼ਲੂਮ ਦੀ ਰਾਖੀ ਕਰਨ ਜਾਂ ਪੱਤ ਬਚਾਉਣ ਲਈ ਨਿੱਤਰਦਾ ਰਿਹਾ ਜਾਂ ਫਿਰ ਪੰਥ ਦੇ ਉੱਜਲੇ ਭਵਿੱਖ ਲਈ ਗੁਰਮਤੇ, ਇਕੱਠ ਜਾਂ ਸਰਬੱਤ ਖ਼ਾਲਸਾ ਕਰਦਾ ਰਿਹਾ ਤਾਂ ਹਮੇਸ਼ਾਂ ਇਸ ਤਖ਼ਤ ਦੀ ਛਤਰ-ਛਾਇਆ ਹੇਠ ਹੀ ਖ਼ਾਲਸਾ ਵਿਚਰਦਾ ਰਿਹਾ। ਜਥੇਦਾਰ ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਅਕਾਲੀ ਫੂਲਾ ਸਿੰਘ ਨੇ ਅਠਾਰ੍ਹਵੀਂ ਸਦੀ ’ਚ ਵੱਡੇ-ਵੱਡੇ ਮੋਰਚੇ ਤੇ ਜੰਗਾਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੁੜ ਕੇ ਹੀ ਸਰ ਕੀਤੀਆਂ ਤੇ ਸ਼ਾਨਾਮੱਤਾ ਵਿਲੱਖਣ ਇਤਿਹਾਸ ਸਿਰਜਿਆ। ਇਹ ਤਖ਼ਤ ਸਿੱਖਾਂ ਦੀ ਆਜ਼ਾਦ, ਸੁਤੰਤਰ, ਅੱਡਰੀ ਤੇ ਨਿਆਰੀ ਹੋਂਦ-ਹਸਤੀ ਦਾ ਪ੍ਰਤੀਕ ਹੈ। ਇਹ ਤਖ਼ਤ ਸਿੱਖਾਂ ਨੂੰ ਬਾਦਸ਼ਾਹੀ ਦਾ ਅਹਿਸਾਸ ਕਰਵਾਉਂਦਾ ਹੈ ਤੇ ਦਿੱਲੀ ਦੇ ਤਖ਼ਤ ਨੂੰ ਵੰਗਾਰ ਪਾਉਂਦਾ ਹੈ। ਦਿੱਲੀ ਤਖ਼ਤ ਦੇ ਸਤਾਏ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਰਨ ’ਚ ਆਉਂਦੇ ਨੇ ਤੇ ਖ਼ਾਲਸਾ ਉਨ੍ਹਾਂ ਦਾ ਮਦਦਗਾਰ ਬਣਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਹਮੇਸ਼ਾਂ ਹੀ ਸਮੇਂ ਦੀਆਂ ਜ਼ਾਲਮ ਹਕੂਮਤਾਂ ਦੀਆਂ ਅੱਖਾਂ ’ਚ ਰੜਕਦਾ ਰਿਹਾ ਹੈ, ਤੇ ਇਸ ਨੂੰ ਕਈਆਂ ਨੇ ਆਪਣਾ ਨਿਸ਼ਾਨਾ ਬਣਾਇਆ, ਤੇ ਖ਼ਤਮ ਕਰਨ ਦੇ ਕੋਝੇ ਯਤਨ ਕੀਤੇ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਰੂਪ ਹੋਰ ਵੀ ਵਧੇਰੇ ਵੱਧਦਾ-ਫੁੱਲ਼ਦਾ ਗਿਆ ਤੇ ਇਸ ਦੀ ਅਜ਼ਮਤ ਦੀ ਰਾਖੀ ਲਈ ਗੁਰੂ ਕੇ ਲਾਲਾਂ ਨੇ ਜੂਝ ਕੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਪਰ ਆਪਣੇ ਜਿਉਂਦੇ-ਜੀਅ ਦੁਸ਼ਮਣ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨੇੜੇ ਨਾ ਢੁਕਣ ਦਿੱਤਾ। ਜੇਕਰ ਵੀਹਵੀਂ ਸਦੀ ਦੇ ਅਖ਼ੀਰਲੇ ਦੋ ਦਹਾਕਿਆਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਧਰਤੀ ’ਤੇ ਚੱਲਿਆ ਹਥਿਆਰਬੰਦ ਸਿੱਖ ਸੰਘਰਸ਼ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਸ਼ੁਰੂ ਹੋਇਆ। ਜਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆ ਨੇ 19 ਜੁਲਾਈ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖੜ੍ਹ ਕੇ ਕੌਮ ਦੇ ਗਲ਼ੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਅਰਦਾਸ ਕੀਤੀ ਤੇ ਸਿੰਘਾਂ ਦੀ ਰਿਹਾਈ ਲਈ ਜੱਦੋ-ਜਹਿਦ ਅਰੰਭ ਕੀਤੀ। ਫਿਰ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ‘ਅਨੰਦਪੁਰ ਸਾਹਿਬ ਦੇ ਮਤੇ’ ਦੀ ਪ੍ਰਾਪਤੀ ਲਈ ਇਸ ਮੋਰਚੇ ਨੂੰ ਸਾਂਝੇ ਰੂਪ ’ਚ ਅਪਣਾਇਆ ਤੇ ਧਰਮ ਯੁੱਧ ਮੋਰਚੇ ਨੂੰ ਪੂਰੇ ਸਿੱਖ ਜਗਤ ਨੇ ਸਮਰਥਨ ਦਿੱਤਾ ਤੇ ਢਾਈ ਲੱਖ ਦੇ ਕਰੀਬ ਸਿੰਘਾਂ-ਸਿੰਘਣੀਆਂ ਨੇ ਮੋਰਚੇ ਦੌਰਾਨ ਗ੍ਰਿਫ਼ਤਾਰੀਆਂ ਦਿੱਤੀਆਂ ਤੇ ਦਿੱਲੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦਿੱਤਾ। ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤਾਂ ਸਿੱਖਾਂ ਲਈ ਮੱਕਾ ਅਤੇ ਭਗਤੀ ਸ਼ਕਤੀ ਦਾ ਪ੍ਰਤੱਖ ਦੁਆਰਾ ਹੈ। ਇਹਨਾਂ ਪਾਵਨ ਅਸਥਾਨਾਂ ਦੀ ਬੇਅਦਬੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਜਦ ਸੰਨ 1984 ’ਚ ਅੱਤ ਦੀ ਗਰਮੀ ਵਾਲ਼ਾ ਜੂਨ ਦਾ ਤਪਦਾ ਮਹੀਨਾ ਚੜ੍ਹਿਆ ਤਾਂ ਦਿੱਲੀ ਦੇ ਬ੍ਰਾਹਮਣ-ਹਿੰਦੂ ਹਾਕਮਾਂ ਨੇ ਹਿੰਦੁਸਤਾਨ ਦੀਆਂ ਫ਼ੌਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਚਾੜ੍ਹ ਦਿੱਤੀਆਂ ਤੇ ਓਹੀ ਕਹਿਰ ਵਰ੍ਹਾ ਦਿੱਤਾ ਜੋ ਕਦੇ ਮੁਗਲ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ’ਤੇ ਵਰ੍ਹਾਇਆ ਸੀ। 1984 ’ਚ ਸਿੱਖ ਕੌਮ ਨੇ ਬਹੁਗਿਣਤੀ ਅਤੇ ਅਕ੍ਰਿਤਘਣ ਹਿੰਦੂਆਂ ਦਾ ਅਸਲੀ ਚਿਹਰਾ ਵੇਖਿਆ ਜੋ ਪਿਛਲੇ ਪੰਜ ਸੌ ਸਾਲਾਂ ਤੋਂ ਮੁਖੌਟੇ ਪਾ ਕੇ ਬੈਠੇ ਸਨ। 6 ਜੂਨ 1984 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਬਾਹੀ ਅਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਮਗਰੋਂ ਜਦ ਹਿੰਦੂ ਲੱਡੂ-ਪੂੜੀਆਂ ਤੇ ਸਿਗਰਟਾਂ-ਸ਼ਰਾਬਾਂ ਵੰਡਦੇ ਅਤੇ ਭੰਗੜੇ ਪਾਉਂਦੇ ਬਜ਼ਾਰਾਂ ’ਚ ਨਜ਼ਰ ਆਏ ਤਾਂ ਸਿੱਖ ਹੱਕੇ-ਬੱਕੇ ਰਹਿ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਜ਼ਮਤ ਦੇ ਪਹਿਰੇਦਾਰ ਬਣ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਜੀ, ਬਾਬਾ ਠਾਹਰਾ ਸਿੰਘ ਜੀ ਅਤੇ ਜਨਰਲ ਸ਼ਬੇਗ ਸਿੰਘ ਜੀ ਅਤੇ 150-200 ਦੇ ਕਰੀਬ ਯੋਧੇ ਖ਼ਾਲਸਈ ਰਵਾਇਤਾਂ ਅਨੁਸਾਰ ਜੂਝਦਿਆਂ ਹੋਇਆਂ ਸ਼ਹਾਦਤਾਂ ਦਾ ਜਾਮ ਪੀ ਗਏ ਤੇ ਮਗਰੋਂ ਇਨ੍ਹਾਂ ਸੂਰਬੀਰਾਂ ਦੇ ਹੋਰ ਵਾਰਸ ਉੱਠੇ, ਜਿਨ੍ਹਾਂ ਨੇ ਹਿੰਦ ਸਾਮਰਾਜ ਨਾਲ ਸ਼ਸਤਰਧਾਰੀ ਹੋ ਕੇ ਲਹੂ-ਵਿੱਢਵੀਂ ਟੱਕਰ ਲਈ ਅਤੇ ਪਹਿਲੇ ਹੱਲੇ ’ਚ ਹੀ ਹਿੰਦੁਸਤਾਨ ਦੀ ਰਾਣੀ ਪਾਪਣ ਇੰਦਰਾ ਗਾਂਧੀ ਤੇ ਦੂਜੇੇ ਹੱਲੇ ’ਚ ਹਿੰਦੁਸਤਾਨ ਦੀਆਂ ਫ਼ੌਜਾਂ ਦਾ ਚੀਫ਼ ਜਨਰਲ ਵੈਦਿਆ ਗੋਲ਼ੀਆਂ ਨਾਲ਼ ਛਲ਼ਨੀ-ਛਲ਼ਨੀ ਕਰ ਦਿੱਤਾ ਤੇ ਹੋਰ ਵੀ ਵੱਡੇ-ਵੱਡੇ ਮਾਅਰਕੇ ਮਾਰ ਕੇ ਖ਼ਾਲਿਸਤਾਨੀ ਜੁਝਾਰੂ-ਜਰਨੈਲਾਂ ਨੇ ਪੂਰਾ ਹਿੰਦੁਸਤਾਨ ਹਿਲ਼ਾ ਦਿੱਤਾ ਤੇ ਪੰਜਾਬ ਦੀ ਧਰਤੀ ’ਤੇ ਖ਼ਾਲਸਾਈ ਜਾਹੋ-ਜਲਾਲ ਪ੍ਰਚੰਡ ਕਰ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਪਿੱਛੋਂ ਸਿੱਖਾਂ ਅਤੇ ਹਿੰਦੂਆਂ ਵਿਚਾਲ਼ੇ ਲਕੀਰ ਖਿੱਚੀ ਗਈ, ਸਿੱਖਾਂ ਦਾ ਭਾਰਤ ਨਾਲ਼ੋਂ ਹਮੇਸ਼ਾਂ ਲਈ ਰਿਸ਼ਤਾ ਟੁੱਟ ਗਿਆ, ਤੇ ਸਿੱਖ ਅੱਜ ਵੀ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਹਨ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Leave a Reply