ਸਮਾਜ ਸੇਵੀ ਜਸਵੰਤ ਸਿੰਘ ਮਿੰਟੂ ਕੈਨੇਡਾ ਵਲੋਂ ਭੇਜੀ ਸਹਾਇਤਾ ਰਾਸ਼ੀ ਨਾਲ ਕਿਸਾਨਾਂ ਨੂੰ ਪਸ਼ੂਆਂ ਲਈ ਦਿੱਤਾ ਚਾਰਾ

ਸਮਾਜ ਸੇਵੀ ਜਸਵੰਤ ਸਿੰਘ ਮਿੰਟੂ ਕੈਨੇਡਾ ਵਲੋਂ ਭੇਜੀ ਸਹਾਇਤਾ ਰਾਸ਼ੀ ਨਾਲ ਕਿਸਾਨਾਂ ਨੂੰ ਪਸ਼ੂਆਂ ਲਈ ਦਿੱਤਾ ਚਾਰਾ

ਸਰਕਾਰ ਕੋਲੋਂ ਪਾਣੀ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਜ਼ਲਦ ਮੁਆਵਜ਼ਾ ਦੇਣ ਦੀ ਕੀਤੀ ਮੰਗ

ਰਾਕੇਸ਼ ਨਈਅਰ

ਚੋਹਲਾ ਸਾਹਿਬ/ਤਰਨਤਾਰਨ,24 ਅਗਸਤ

ਇਲਾਕੇ ਦੇ ਮੰਡ ਖੇਤਰ ਦੇ ਪਿੰਡ ਪਿਛਲੇ ਕਈ ਦਿਨਾਂ ਤੋਂ ਦਰਿਆਈ ਪਾਣੀ ਦੀ ਮਾਰ ਝੱਲ ਰਹੇ ਹਨ।ਦਰਿਆ ਵਿੱਚ ਪਾਣੀ ਦੇ ਪੱਧਰ 'ਚ ਹੋਏ ਵਾਧੇ ਕਾਰਨ ਜਿਥੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਕੇ ਖ਼ਰਾਬ ਹੋ ਗਈਆਂ ਹਨ ਉਥੇ ਹੀ ਪ੍ਰਭਾਵਿਤ ਕਿਸਾਨਾਂ ਨੂੰ ਪਸ਼ੂਆਂ ਲਈ ਚਾਰੇ ਦਾ ਪ੍ਰਬੰਧ ਕਰਨਾ ਵੀ ਮੁਸ਼ਕਲ ਹੋ ਗਿਆ ਹੈ।ਕਿਸਾਨਾਂ ਦੀਆਂ ਵਧ ਰਹੀਆਂ ਮੁਸਕਲਾਂ ਨੂੰ ਦੇਖਦੇ ਹੋਏ ਸਮਾਜਸੇਵੀ ਜਸਵੰਤ ਸਿੰਘ ਮਿੰਟੂ ਕੈਨੇਡਾ ਵਲੋਂ ਆਪਣੀ ਕਿਰਤ ਕਮਾਈ ਵਿਚੋਂ ਭੇਜੀ ਗਈ ਸਹਾਇਤਾ ਰਾਸ਼ੀ ਨਾਲ ਉਨ੍ਹਾਂ ਦੇ ਸਾਥੀ ਸੀਨੀਅਰ ਅਕਾਲੀ ਆਗੂ ਕੁਰਿੰਦਰਜੀਤ ਸਿੰਘ ਚੋਹਲਾ ਖੁਰਦ,ਰਣਜੀਤ ਸਿੰਘ ਡੀਸੀ ਬੁਰਜ ਨੱਥੂਕੇ,ਯੂਥ ਆਗੂ ਜਗਰੂਪ ਸਿੰਘ ਪੱਖੋਪੁਰ ਅਤੇ ਅਵਤਾਰ ਸਿੰਘ ਵਲੋਂ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਮੰਡ ਖੇਤਰ ਦੇ ਪਿੰਡ ਗੁੱਜਰਪੁਰਾ ਵਿਖੇ ਪੁੱਜ ਕੇ ਪ੍ਰਭਾਵਿਤ ਕਿਸਾਨਾਂ ਨੂੰ ਪਸ਼ੂਆਂ ਲਈ ਲਿਆਂਦਾ ਚਾਰਾ ਵੰਡਿਆ ਗਿਆ।ਉਕਤ ਆਗੂਆਂ ਨੇ ਕਿਹਾ ਕਿ ਉਹ ਇਸ ਮੁਸੀਬਤ ਵੇਲੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ ਅਤੇ ਉਨ੍ਹਾਂ ਦੀ ਹੋਰ ਵੀ ਜਿੰਨੀ ਸੰਭਵ ਹੋ ਸਕੇ ਮੱਦਦ ਕੀਤੀ ਜਾਵੇਗੀ।ਉਨ੍ਹਾਂ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਦਰਿਆਈ ਪਾਣੀ ਦੀ ਮਾਰ ਝੱਲ ਰਹੇ ਲੋਕਾਂ ਤੇ ਕਿਸਾਨਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰੇ ਅਤੇ ਕਿਸਾਨਾਂ ਨੂੰ ਖ਼ਰਾਬ ਹੋਈਆਂ ਫ਼ਸਲਾਂ ਦਾ ਜਲਦ ਮੁਆਵਜ਼ਾ ਵੀ ਦੇਵੇ।ਇਸ ਮੌਕੇ ਪਿੰਡ ਗੁੱਜਰਪੁਰਾ ਦੇ ਸਰਪੰਚ ਸੁਖਦੇਵ ਸਿੰਘ ਅਤੇ ਕਿਸਾਨ ਵੀ ਹਾਜ਼ਰ ਸਨ।