ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ 'ਚ ਮਾਨ ਦਲ ਦੇ ਇਸਤਰੀ ਵਿੰਗ ਵੱਲੋਂ ਧੂੰਆਂਧਾਰ ਪ੍ਰਚਾਰ
- ਰਾਜਨੀਤੀ
- 04 Nov, 2025 08:45 PM (Asia/Kolkata)
ਅੰਮ੍ਰਿਤਸਰ, 4 ਨਵੰਬਰ , ਨਜ਼ਰਾਨਾ ਟਾਈਮਜ ਬਿਊਰੋ
ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਲਗਾਤਾਰ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਵੱਲੋਂ ਧੂੰਆਂਧਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਜਿੰਦਰ ਕੌਰ ਜੈਤੋਂ, ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ (ਸੁਪਤਨੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ), ਮੀਡੀਆ ਇੰਚਾਰਜ ਬੀਬੀ ਦਿਲਪ੍ਰੀਤ ਕੌਰ, ਜਨਰਲ ਸਕੱਤਰ ਸੰਗਰੂਰ ਬੀਬੀ ਹਰਪਾਲ ਕੌਰ ਤੇ ਹੋਰ ਸਿੰਘਣੀਆਂ ਵੱਲੋਂ ਇੱਕ ਟੀਮ ਬਣਾ ਕੇ ਡੋਰ ਟੂ ਡੋਰ ਹਰ ਰੋਜ਼ ਪ੍ਰਚਾਰ ਕੀਤਾ ਜਾ ਰਿਹਾ ਹੈ। ਬੀਬੀ ਰਾਜਿੰਦਰ ਕੌਰ ਜੈਤੋਂ ਅਤੇ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਕਾਂਗਰਸ, ਬਾਦਲ ਦਲ, ਭਾਜਪਾ ਅਤੇ ਝਾੜੂ ਪਾਰਟੀ ਵਾਲਿਆਂ ਨੇ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ ਹੈ, ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਸਗੋਂ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਉੱਤੇ ਨਸ਼ਿਆਂ ਦੇ ਦਰਿਆ ਵਗਾ ਦਿੱਤੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਹਨ, ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਸੂਬੇ ਦੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ, ਹਰ ਵਰਗ ਇਹਨਾਂ ਸਰਕਾਰਾਂ ਤੋਂ ਦੁਖੀ ਹੈ। ਉਹਨਾਂ ਕਿਹਾ ਕਿ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੀ ਪੰਥ ਲਈ ਵੱਡੀ ਕੁਰਬਾਨੀ ਹੈ, ਅੱਜ ਫਰਜ਼ ਬਣਦਾ ਹੈ ਕਿ ਹਰ ਸਿੱਖ ਅਤੇ ਪੰਜਾਬੀ ਜੋ ਭਾਈ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜੇ ਤਾਂ ਜੋ ਉਹ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰ ਸਕੇ। ਉਹਨਾਂ ਦੱਸਿਆ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਇਮਾਨ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਡੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ, ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਵੀ ਪੂਰੀ ਮਿਹਨਤ ਕਰ ਰਹੇ ਹਨ ਤੇ ਭਾਈ ਮਨਦੀਪ ਸਿੰਘ ਦੀ ਜਿੱਤ ਯਕੀਨੀ ਹੈ।
Leave a Reply