ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ., ਡਾ ਸਤਿੰਦਰ ਪਾਲ ਸਿੰਘ

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ.,   ਡਾ ਸਤਿੰਦਰ ਪਾਲ ਸਿੰਘ

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ 

                                                             ਡਾ ਸਤਿੰਦਰ ਪਾਲ ਸਿੰਘ 

ਗੁਰਬਾਣੀ ਅੰਦਰ ਆਤਮਕ ਅਵਸਥਾ ਸਿਰਜਨ ਲਈ ਕੁਦਰਤ ਦੇ ਸਾਰੇ ਰੰਗ ਬੜੇ ਹੀ ਮਨ ਖਿੱਚਵੇਂ ਢੰਗ ਨਾਲ ਵਰਤੇ ਗਏ ਹਨ I ਮਹੀਨੇ , ਤਿਥੀਆਂ , ਵਾਰ ,  ਰੁਤਾਂ ਆਦਿਕ ਸ੍ਰਿਸ਼ਟੀ ਦੇ ਨਿਅਮ ਇਕ ਨਿਰੰਤਰਤਾ ਬਣਾਉਣ ਵਾਲੇ ਹਨ I ਗੁਰਬਾਣੀ ਦੀ ਕੋਸ਼ਿਸ਼ ਵੀ ਮਨੁੱਖ ਦੀ ਅੰਤਰ ਪ੍ਰੇਰਣਾ ਨੂੰ ਸਦਾ ਬਨਾਏ ਰੱਖਨ  ਦੀ ਹੈ I ਸ੍ਰਿਸ਼ਟੀ ਦੀ ਹਰ ਘਟਨਾ , ਹਰ ਬਦਲਾਅ ਨੂੰ ਇਕ ਸੁਨੇਹੇ ਦੇ ਤੌਰ ਤੇ ਵੇਖਣਾ ਗੁਰਬਾਣੀ ਦੀ ਬੇਮਿਸਾਲ ਸ੍ਰੇਸ਼ਟਤਾਈ ਹੈ I ਸਾਵਣ ਦਾ ਮਹੀਨਾ ਮਨ ਪ੍ਰਫੁੱਲਤ ਕਰਨ ਵਾਲਾ ਮੰਨਿਆ ਗਿਆ ਹੈ I ਗੁਰਬਾਣੀ ਦਾ ਮੰਤਵ ਵੀ ਅੰਤਰ ਮਨ ਨੂੰ ਵਿਕਾਰਾਂ , ਦੁੱਖਾਂ , ਕਲੇਸ਼ਾਂ ਤੋਂ ਮੁਕਤ ਕਰ ਖੇੜੇ ‘ਚ ਲਿਆਉਣਾ ਹੈ I ਮਨ ਦੀ ਪ੍ਰਫੁੱਲਤਾ ਪ੍ਰੀਤਮ ਦੇ ਸੰਗ ਬਿਨਾ ਨਹੀਂ ਬਣਦੀ I ਪ੍ਰੀਤਮ ਸੰਗ ਹੋਵੇ ਤਾਂ ਘਨਘੋਰ ਕਾਲੇ ਬੱਦਲ ਸੁਹਾਵਣੇ ਬਣ ਜਾਂਦੇ ਹਨ I ਬਿਜਲੀ ਦੀ ਚਮਕ ਦੇ ਗਰਜਨ ਪ੍ਰੀਤ ਵਧਾਉਣ ਵਾਲੀ ਬਣ ਜਾਂਦੀ ਹੈ I ਪ੍ਰੀਤਮ ਕੋਲ ਨਾ ਹੋਵੇ ਤਾਂ ਕਾਲੇ ਬੱਦਲ  ਤੇ ਬਿਜਲੀ ਦੀ ਗਰਜ ਡਰ ਪੈਦਾ ਕਰਦੀ ਹੈ I 

                               ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ II 

                               ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਾਇਆ ਦੁਖੁ ਮਾਏ II 

                                                 ( ਪੰਨਾ ੧੧੦੮ ) 

ਪਰਮਾਤਮਾ ਬਿਨਾ ਮਨੁੱਖ ਦਾ ਜੀਵਨ ਦੁਖਦਾਈ ਹੈ I ਕਿੰਨੇ ਹੀ ਸੁਖ ਸਾਧਨ ਹੋਣ , ਸਮਰਥਾ ਤੇ ਸੰਕਲਪ ਹੋਣ ਮਨ ਟਿਕਦਾ ਨਹੀਂ . ਵਿਜੋਗ ਦਾ ਸੰਤਾਪ ਔਖੇ ਹਾਲਾਤ ਬਣਾ ਦਿੰਦਾ ਹੈ I ਕੰਤ ਤੋਂ ਵਿਛੜੀ ਹੋਈ ਸੁਹਾਗਣ ਨੂੰ ਸੁੰਦਰ ਸੇਜ , ਕੀਮਤੀ ਵਸਤਰ ਵੀ ਨਹੀਂ ਸੁਹਾਂਦੇ I ਉਸ ਨੂੰ ਤਾਂ ਆਪਣੇ ਕੰਤ ਦੀ ਉਡੀਕ ਵਿਹਵਲ ਕਰ ਰਹੀ ਹੈ ਜੋ ਪਰਦੇਸ ਗਿਆ ਹੋਇਆ ਹੈ I ਕੰਤ ਦੀ ਉਡੀਕ ਵਿਜੋਗ ‘ਚ ਤਪ ਰਹੀ ਨਾਰੀ ਨੂੰ ਆਸ ਵਧਾਉਣ ਵਾਲੀ ਹੈ I ਪਰਮਾਤਮਾ ਤੋਂ ਵਿਛੜੇ ਹੋਏ ਮਨ ਅੰਦਰ ਪਰਮਾਤਮਾ ਲਈ  ਪ੍ਰੇਮ ਤੇ ਉਸ ਨੂੰ ਮਿਲਣ ਦੀ ਆਸ ਹੀ ਜੀਵਨ ਦਾ ਨਿਸ਼ਾਨ ਹੈ I ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਸਰਸ ਬਣਾਉਣ ਵਾਲੀ ਹੈ I 

                               ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ II 

                               ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ II 

                                                  ( ਪੰਨਾ ੧੩੪ ) 

ਸੁਹਾਗਨ ਨਾਰੀ ਅੰਦਰ ਕੰਤ ਲਈ ਪ੍ਰੇਮ ਉਸ ਦੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ I ਇਸ ਤਾਕਤ ਨਾਲ ਹੀ ਉਹ ਵਿਜੋਗ ਦਾ ਸਮਾਂ ਪਾਰ ਕਰਦੀ ਹੈ I ਘਨਘੋਰ ਬੱਦਲ ਉਸ ਨੂੰ ਡਰਾਉਂਦੇ ਨਹੀਂ , ਬਿਜਲੀ ਦੀ ਚਮਕ , ਗਰਜ  ਉਸ ਨੂੰ ਕੰਬਾਉਂਦੀ ਨਹੀਂ . ਕੰਤ ਲਈ ਪ੍ਰੇਮ ਦਾ ਭਾਵ ਉਸ ਨੂੰ ਸਾਵਨ ਦੀ ਸਰਸਤਾ ਨਾਲ ਜੋੜ ਦਿੰਦਾ ਹੈ I ਪਰਮਾਤਮਾ ਲਈ  ਪ੍ਰੇਮ ਸੁੱਖਾਂ ਨੂੰ ਵਧਾਉਣ ਵਾਲਾ ਹੈ . ਹਾਲਾਤ ਜਿਹੇ ਜੇਹੇ ਹੋਣ ਆਪ ਹੀ ਸੁਖਾਵੇਂ ਲੱਗਣ ਲੱਗ ਜਾਂਦੇ ਹਨ I 

                               ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ II 

                                                 ( ਪੰਨਾ ੧੧੦੮ ) 

ਪਰਮਾਤਮਾ ਲਈ ਪ੍ਰੇਮ ਸਾਰੀ ਸ੍ਰਿਸ਼ਟੀ ਨਾਲ ਪ੍ਰੇਮ ਪੈਦਾ ਕਰਨ ਵਾਲਾ ਹੈ I ਸੰਸਾਰ ਅੰਦਰ ਵਰਤ ਰਹੀ ਹਰ ਘਟਨਾ ਪ੍ਰੇਮ ਦੀ ਭਾਵਨਾ ਨੂੰ ਦ੍ਰਿੜ੍ਹ ਕਰਦੀ ਹੈ ਤੇ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਂਦੀ ਹੈ I ਮਨ ਅੰਦਰ ਪਰਮਾਤਮਾ ਨਾਲ ਮੇਲ ਦੀ ਤਾਂਘ ਜੀਵਨ ਨੂੰ ਇਕ ਮਨੋਰਥ ਦੇਣ ਵਾਲੀ ਸਿੱਧ ਹੁੰਦੀ ਹੈ I ਪਰਮਾਤਮਾ ਨਾਲ ਮੇਲ ਬਿਨਾ ਸਬਰ ਨਹੀਂ  ਆਉਂਦਾ I 

                            ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ  ਪਿਆਸੀ II 

                            ਦਰਸਨੁ ਦੇਖਤ ਹੀ ਮਨੁ ਮਾਨਿਆ ਜਲ ਰਸਿ ਕਮਲ ਬਿਗਾਸੀ I  

                                                 ( ਪੰਨਾ ੧੧੯੭ )   

ਪਰਮਾਤਮਾ ਨਾਲ ਮਨ ਦਾ ਜੁੜਨਾ ਹੀ ਸੁੱਖਾਂ ਦੀ ਰਾਹ ਹੈ I ਬਦੱਲ ਘਿਰ ਘਿਰ  ਕੇ ਆਉਂਦੇ ਹਨ ਤੇ ਗਰਜ ਚਮਕ ਨਾਲ ਵੱਸਦੇ ਹਨ ਤਾਂ ਹੀ ਵਨਸਪਤੀਆਂ ਤੇ ਜੀਵ  ਆਨੰਦ ਨਾਲ ਭਰ ਜਾਂਦੇ ਹਨ I ਮੋਰ ਨਿਰਤ ਲੱਗ ਪੈਂਦਾ ਹੈ I ਪਰਮਾਤਮਾ ਦੀ ਮਿਹਰ ਦੀ ਵੀ  ਇਹੋ ਜਿਹੀ ਕਰਾਮਾਤ ਹੈ I 

                           ਘਨਹਰਿ ਬਰਸਿ ਸਗਲ ਜਗੁ ਛਾਇਆ II 

                           ਭਏ ਕ੍ਰਿਪਾਲ ਪ੍ਰੀਤਮ ਪ੍ਰਭ ਮੇਰੇ ਅਨਦ ਮੰਗਲ ਸੁਖ ਪਾਇਆ II 

                                                                ( ਪੰਨਾ ੧੨੬੮ ) 


ਚੜ੍ਹ ਚੜ੍ਹ ਆਏ ਕਾਲੇ ਬਦੱਲ ਵੱਸਦੇ ਹਨ ਤੇ ਸਾਰੀ ਧਰਤੀ ਜਲ ਅੰਦਰ ਡੁੱਬ ਜਾਂਦੀ ਹੈ I ਪਰਮਾਤਮਾ ਦੀ ਮਿਹਰ ਹੁੰਦੀ ਹੈ ਤਾਂ ਪੂਰੀ ਸ੍ਰਿਸ਼ਟੀ ਨਿਹਾਲ , ਨਿਹਾਲ ਹੋ ਜਾਂਦੀ ਹੈ I ਬੱਦਲ ਵੀ ਆਪਣੀ ਮਰਜੀ ਨਾਲ ਨਹੀਂ ਪਰਮਾਤਮਾ ਦੇ ਹੁਕਮ ਅੰਦਰ ਵੱਸਦੇ ਹਨ I ਪਰਮਾਤਮਾ ਦੀ ਆਗਿਆ ਅੰਦਰ ਵੱਸਣ ਨਾਲ ਹੀ ਬੱਦਲ ਸੁਖਦਾਈ ਸਾਬਤ ਹੁੰਦੇ ਹਨ I ਮਨ ਦਾ ਆੰਨਦ ਵੀ ਪਰਮਾਤਮਾ ਦੀ ਆਗਿਆ ਅੰਦਰ ਰਹਿਣ ਨਾਲ ਹੀ ਹੈ I ਗੁਰਬਾਣੀ ਮਨ ਅੰਦਰ ਅੰਦਰ ਪਰਮਾਤਮਾ ਲਈ ਪ੍ਰੇਮ ਨੂੰ  ਘਨਘੋਰ ਬੱਦਲਾਂ ਵਾਂਗੂੰ ਬਣਾਉਣ ਲਈ ਪ੍ਰੇਰਣਾ ਕਰਦੀ ਹੈ ਜੋ ਬਰਸਨ ਤੇ ਧਰਤੀ ਨੂੰ ਜਲ ਨਾਲ ਸਰਾਬੋਰ ਕਰਨ ਲਈ ਤਿਆਰ ਹਨ I 

                                 ਘਨ ਘੋਰ ਪ੍ਰੀਤਿ ਮੋਰ II 

                                 ਚਿਤੁ ਚਾਤ੍ਰਿਕ ਬੂੰਦ ਓਰ II

                                 ਐਸੋ ਹਰਿ ਸੰਗੇ ਮਨ ਮੋਹ II 

                                 ਤਿਆਗਿ ਮਾਇਆ ਧੋਹ II   

                                         ( ਪੰਨਾ ੧੨੭੨ ) 

ਮੇਘ ਵੱਸਦੇ ਹਨ ਤਾਂ ਜਲ ਦੀਆਂ ਅਨਗਿਨਤ ਬੂੰਦਾਂ ਧਰਤੀ ਤੇ ਆਉਂਦੀਆਂ ਹਨ I ਚਾਤ੍ਰਿਕ ਪੰਛੀ ਨੂੰ ਕਿਸੇ ਖਾਸ ਬੂੰਦ ਦੀ ਆਸ ਹੁੰਦੀ ਹੈ I ਮੀਹ ਦੀਆਂ ਅਸੰਖ ਬੂੰਦਾਂ ਉਸ ਦੇ ਆਲੇ ਦੁਆਲੇ ਆ ਪੈਂਦੀਆਂ ਹਨ ਪਰ ਚਾਤ੍ਰਿਕ ਲਈ ਉਨ੍ਹਾਂ ਦਾ ਕੋਈ ਮੋਲ ਨਹੀਂ I ਇਨ੍ਹਾਂ ਨਾਲ ਉਹ ਆਪਣੀ ਪਿਆਸ ਨਹੀਂ ਮਿਟਾਉਂਦਾ I ਉਸ ਦੀ ਪਿਆਸ ਉਸ ਖਾਸ ਸਵਾਤੀ ਦੀ ਬੂੰਦ ਨਾਲ ਹੀ ਮਿਟਦੀ ਹੈ I  ਸੰਸਾਰ ਅੰਦਰ ਸੁਖ ਤੇ ਆਨੰਦ ਦੇ ਭਿੰਨ ਭਿੰਨ ਰੂਪ ਹਨ I ਪਰਮਾਤਮਾ ਅੰਦਰ ਵਿਸ਼ਵਾਸ ਰੱਖਨ ਵਾਲੇ ਮਨ ਨੂੰ ਪਰਮਾਤਮਾ ਦੀ ਪ੍ਰੀਤਿ ਦੀ ਹੀ ਭਾਲ ਹੁੰਦੀ ਹੈ I ਇਸ ਲਈ ਉਹ ਸਾਰੇ ਸੰਸਾਰਕ ਸੁਖ ਤਿਆਗ ਦਿੰਦਾ ਹੈ I ਮਨੁੱਖ ਵੀ ਆਪਣਾ ਸਾਰਾ ਧਿਆਨ ਪਰਮਾਤਮਾ ਵੱਲ ਲਾਉਂਦਾ ਹੈ I ਉਸ ਨੂੰ ਗਿਆਤ ਹੈ ਕਿ ਜਦੋਂ ਪਰਮਾਤਮਾ ਦਿਆਲ ਹੋਵੇਗਾ , ਜਨਮਾਂ ਜਨਮਾਂ ਦੀ ਪਿਆਸ ਮਿਟ ਜਾਏਗੀ I ਜੀਵਨ ਦਾ ਅਸਲ ਮਨੋਰਥ ਪ੍ਰਾਪਤ ਹੋ ਜਾਏਗਾ I

                           ਪਰਮੇਸਰੁ ਹੋਆ ਦਇਆਲ II 

                            ਮੇਘੁ ਵਰਸੈ ਅੰਮ੍ਰਿਤ ਧਾਰ II 

                             ਸਗਲੇ ਜੀਅ ਜੰਤ ਤ੍ਰਿਪਤਾਸੇ II 

                                 ਕਾਰਜ ਆਏ ਪੂਰੇ ਰਾਸੇ II 

                                                 ( ਪੰਨਾ ੧੨੭੧ ) 

ਗੁਰਬਾਣੀ ਦੀ ਪ੍ਰੇਰਣਾ ਧਾਰਣ ਕਰਦਿਆਂ ਮਨ ਕੰਤ ਦੇ ਪ੍ਰੇਮ ‘ਚ ਰੱਤੀ ਸੁਹਾਗਨ ਨਾਰ ਬਣ ਜਾਏ , ਸਵਾਤੀ ਦੀ ਬੂੰਦ ਲਈ ਵਿਲਾਪ ਕਰਦਾ ਚਾਤ੍ਰਿਕ ਪੰਛੀ ਬਣ ਜਾਏ , ਸੂਰਜ ਲਈ ਤਰਸਦੀ ਚਕਵੀ ਬਣ ਜਾਏ “ ਚਕਵੀ ਨੈਨ ਨੀਂਦ ਨਹਿ ਚਾਹੈ ਬਿਨੁ ਪਿਰ   ਨੀਂਦ ਨ ਪਾਈ “ I ਮਨ ਅੰਦਰ ਪਰਮਾਤਮਾ ਲਈ ਪ੍ਰੀਤਿ ਤੇ ਮਿਲਣ ਦੀ ਵਿਕਲਤਾ ਹੀ ਗੁਰਮੁਖਤਾਈ ਹੈ I


                             ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ II                                                               ( ਪੰਨਾ ੧੨੭੩ ) 


ਮਿਲਨ ਦੀ ਇਸ  ਅਨੰਤ ਪਿਆਸ ਵਿੱਚ ਵੀ ਸੁਖ ਹੈ “ ਗੁਣ ਸੰਗ੍ਰਹਿ ਪ੍ਰਭੂ ਰਿਦੈ ਨਿਵਾਸੀ ਭਗਤਿ ਰਤੀ ਹਰਖਾਈ “ I ਮਨੁੱਖੀ ਜੀਵਨ ਸਾਵਨ ਦਾ ਮਹੀਨਾ ਹੈ I ਇਹ ਅਉਸਰ ਹੈ  ਪਰਮਾਤਮਾ ਦੀ ਪ੍ਰੀਤਿ ‘ਚ ਮਨ ਨੂੰ ਰੰਗਣ ਤੇ ਉਸ  ਦੀ ਕਿਰਪਾ ਪਾਉਣ ਦਾ I ਜੀਵਨ ਦਾ ਰਸ ਸਾਵਨ ਦੇ ਮਹੀਨੇ ਵਰਗਾ ਹੈ  ਜਿਨ੍ਹਾਂ ਅੰਦਰ ਕੰਤ ਪਰਮਾਤਮਾ ਵਸਿਆ ਹੋਇਆ ਹੈ I 

  

ਡਾ ਸਤਿੰਦਰ ਪਾਲ ਸਿੰਘ 

 ਦਿ ਪਾਂਡਸ 

ਸਿਡਨੀ ਅਸਟ੍ਰੇਲੀਆ  

  [email protected]                                                                

  
 ਡਾ ਸਤਿੰਦਰ ਪਾਲ ਸਿੰਘ
ਡਾ ਸਤਿੰਦਰ ਪਾਲ ਸਿੰਘ
0000000000
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.