ਡਾ: ਜਸਦੀਪ ਸਿੰਘ ਜੱਸੀ’ ‘ਚੈਂਪੀਅਨ ਆਫ਼ ਇਨਕਲੂਜ਼ਨ ਐਂਡ ਕਮਿਊਨਿਟੀ ਇੰਪੈਕਟ ਐਵਾਰਡ’ ਨਾਲ ਸਨਮਾਨਿਤ
- ਅੰਤਰਰਾਸ਼ਟਰੀ
- (Asia/Kolkata)
ਜਾਰਡੀਨ ਸਪੀਅਰਜ਼ ਔਟਿਜ਼ਮ ਫਾਊਂਡੇਸ਼ਨ ਨੇ ਕੀਤਾ ਡਾ. ਜੈਸੀ ਨੂੰ ਸਨਮਾਨਿਤ
ਵਾਸ਼ਿੰਗਟਨ, 26 ਅਕਤੂਬਰ ਗੌਰਵ ਮੜੀਆ
ਅਮਰੀਕਾ ਵਿੱਚ ਸਮਾਜ ਸੇਵਾ ਅਤੇ ਭਾਈਚਾਰਕ ਭਲਾਈ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਡਾ: ਜਸਦੀਪ ਸਿੰਘ ਜੱਸੀ’ ਨੂੰ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ‘ਸੈਂਟਰ ਫਾਰ ਸੋਸ਼ਲ ਚੇਂਜ’ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਅੰਤਰਰਾਸ਼ਟਰੀ ਸਮਾਜ ਸੇਵੀ ਸੰਸਥਾ ‘ਸਿੱਖਸ ਆਫ਼ ਅਮਰੀਕਾ’ ਦੇ ਚੇਅਰਮੈਨ ਡਾ: ਜੱਸੀ’ ਨੂੰ ਇਹ ਸਨਮਾਨ 17 ਜਾਰਜੀਆ ਰਾਜ ਦੇ ਐਟਲਾਂਟਾ ਸ਼ਹਿਰ ਵਿੱਚ ਜਾਰਡੀਨ ਸਪੀਅਰਜ਼ ਔਟਿਜ਼ਮ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਦੂਜੇ ਸਾਲਾਨਾ ‘ਸਨੀਕਰ ਗਾਲਾ’ ਸਮਾਗਮ ਦੌਰਾਨ ਦਿੱਤਾ ਗਿਆ। ਉਨਾਂ ਨੂੰ ‘ਚੈਂਪੀਅਨ ਆਫ ਇਨਕਲੂਜ਼ਨ ਐਂਡ ਕਮਿਊਨਿਟੀ ਇੰਪੈਕਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਡਾ. ਜਸਦੀਪ ਸਿੰਘ ਜੱਸੀ’ ਵੱਲੋਂ ਮੈਰੀਲੈਂਡ ਵਿੱਚ 250 ਤੋਂ ਵੱਧ ਅਜਿਹੇ ਪਰਿਵਾਰਾਂ ਦੀ ਸਹਾਇਤਾ ਲਈ ਕੰਮ ਕੀਤਾ ਜਾ ਰਿਹਾ ਹੈ, ਜਿਨਾਂ ਦੇ ਮੈਂਬਰ ਔਟਿਜ਼ਮ ਅਤੇ ਹੋਰ ਵਿਕਾਸ ਸਬੰਧੀ ਦਿਵਿਆਂਗਤਾਵਾਂ ਤੋਂ ਪ੍ਰਭਾਵਿਤ ਹਨ। ਉਨਾਂ ਦੇ ਯਤਨਾਂ ਦਾ ਮੁੱਖ ਉਦੇਸ਼ ਪ੍ਰਭਾਵਿਤ ਵਿਅਕਤੀਆਂ ਨੂੰ ਸਨਮਾਨਜਨਕ ਅਤੇ ਆਤਮ-ਨਿਰਭਰ ਜੀਵਨ ਜਿਊਣ ਦੇ ਮੌਕੇ ਪ੍ਰਦਾਨ ਕਰਨਾ ਅਤੇ ਉਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਇਸ ਸਮਾਗਮ ਵਿੱਚ ਕਈ ਰਾਜਨੀਤਿਕ ਆਗੂਆਂ, ਕਾਰੋਬਾਰੀਆਂ ਅਤੇ ਭਾਈਚਾਰਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਜਦੋਂ ਡਾ: ਜਸਦੀਪ ਸਿੰਘ ਜੱਸੀ’ ਸਨਮਾਨ ਪ੍ਰਾਪਤ ਕਰਨ ਲਈ ਮੰਚ ’ਤੇ ਪਹੁੰਚੇ ਤਾਂ ਹਾਜ਼ਰ ਲੋਕਾਂ ਨੇ ਤਾੜੀਆਂ ਨਾਲ ਉਨਾਂ ਦਾ ਭਰਵਾਂ ਸਵਾਗਤ ਕੀਤਾ। ਇਹ ਸਨਮਾਨ ਉਨਾਂ ਦੀ ਸਮਾਜ ਪ੍ਰਤੀ ਵਚਨਬੱਧਤਾ ਅਤੇ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਵਾਲੇ ਕਾਰਜਾਂ ਦੀ ਮਾਨਤਾ ਵਜੋਂ ਦੇਖਿਆ ਜਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਡਾ. ਜਸਦੀਪ ਸਿੰਘ ਜੱਸੀ’ ਸਮਾਜ ਸੇਵਾ ਦੇ ਨਾਲ-ਨਾਲ ਪੰਜਾਬ, ਪੰਜਾਬੀਅਤ ਅਤੇ ਸਿੱਖ ਭਾਈਚਾਰੇ ਨਾਲ ਜੁੜੇ ਮੁੱਦੇ ਵੀ ਲਗਾਤਾਰ ਅਮਰੀਕੀ ਆਗੂਆਂ ਦੇ ਸਾਹਮਣੇ ਉਠਾਉਂਦੇ ਰਹਿੰਦੇ ਹਨ। ਉਹ ਵਿਦੇਸ਼ੀ ਧਰਤੀ ’ਤੇ ਪੰਜਾਬੀ ਭਾਈਚਾਰੇ ਦੀ ਆਵਾਜ਼ ਨੂੰ ਮਜਬੂਤੀ ਨਾਲ ਪੇਸ਼ ਕਰਨ ਲਈ ਯਤਨਸ਼ੀਲ ਰਹਿੰਦੇ ਹਨ।ਉਨਾਂ ਦੇ ਕਾਰਜ ਸਿੱਖ ਧਰਮ ਦੇ ਮੂਲ ਸਿਧਾਂਤ ‘ਸੇਵਾ’ ਦੀ ਭਾਵਨਾ ਨੂੰ ਦਰਸਾਉਂਦੇ ਹਨ। ਬਿਨਾਂ ਕਿਸੇ ਧਾਰਮਿਕ ਜਾਂ ਸੱਭਿਆਚਾਰਕ ਵਖਰੇਵੇਂ ਦੇ ਮਨੁੱਖਤਾ ਦੀ ਭਲਾਈ ਲਈ ਕੰਮ ਕਰਨ ਦਾ ਇਹ ਸੰਦੇਸ਼ ਇਸ ਸਨਮਾਨ ਨੂੰ ਹੋਰ ਵੀ ਮਹੱਤਵਪੂਰਨ ਬਣਾਉਂਦਾ ਹੈ।
Leave a Reply